ਚੰਡੀਗੜ੍ਹ: ਦੇਸ਼ ਦੇ ਜ਼ਿਆਦਾਤਰ ਸੂਬਿਆਂ ਵਿੱਚ ਲਾਗੂ ਹੋ ਚੁੱਕੇ ਕੇਂਦਰ ਸਰਕਾਰ ਵੱਲੋਂ ਸੋਧੇ ਮੋਟਰ ਵਹੀਕਲ ਐਕਟ ਨੂੰ ਪੰਜਾਬ ਸਰਕਾਰ ਵੀ ਜਲਦ ਲਾਗੂ ਕਰਨ ਵਾਲੀ ਹੈ। ਪੰਜਾਬ ਦੀ ਆਵਾਜਾਈ ਮੰਤਰੀ ਰਜ਼ੀਆਂ ਸੁਲਤਾਨਾ ਨੇ ਸੰਕੇਤ ਦਿੱਤੇ ਹਨ ਕਿ ਐਕਟ ਵਿੱਚ ਜ਼ੁਰਮਾਨਾ ਰਾਸ਼ੀ ਦੇ ਜੋ ਪ੍ਰਾਵਧਾਨ ਕੀਤੇ ਗਏ ਹਨ, ਉਨ੍ਹਾਂ ‘ਚੋਂ ਕਈ ਮਾਮਲਿਆਂ ‘ਚ ਜ਼ੁਰਮਾਨੇ ਨੂੰ ਘੱਟ ਰੱਖਿਆ ਜਾਵੇਗਾ।
ਉਨ੍ਹਾਂ ਨੇ ਕਿਹਾ ਹੈ ਕਿ ਐਕਟ ਲਾਗੂ ਕਰਨ ਲਈ ਵੱਖ-ਵੱਕ ਪੱਧਰ ‘ਤੇ ਬੈਠਕਾਂ ਦਾ ਦੌਰ ਖਤਮ ਹੋ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਨਵਾਂ ਮੋਟਰ ਵਹੀਕਲ ਐਕਟ ਅਗਲੇ ਦੋ – ਤਿੰਨ ਦਿਨ ਵਿੱਚ ਲਾਗੂ ਕਰ ਦਿੱਤਾ ਜਾਵੇਗਾ। ਹਾਲਾਂਕਿ, ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਨੂੰ ਲੈ ਕੇ ਕੱਟੇ ਜਾਣ ਵਾਲੇ ਕਿਹੜੇ-ਕਿਹੜੇ ਚਲਾਨ ‘ਤੇ ਕਿੰਨਾ ਜ਼ੁਰਮਾਨਾ ਲਿਆ ਜਾਵੇਗਾ। ਇਸ ਬਾਰੇ ਆਵਾਜਾਈ ਮੰਤਰੀ ਨੇ ਹਾਲੇ ਕੁੱਝ ਦੱਸਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਸਰਕਾਰ ਦਾ ਇਰਾਦਾ ਸਿਰਫ ਲੋਕਾਂ ਨੂੰ ਨੂੰ ਆਵਾਜਾਈ ਨਿਯਮਾਂ ਵਾਰੇ ਜ਼ਿੰਮੇਦਾਰ ਬਣਾਉਣ ਦਾ ਹੈ, ਉਨ੍ਹਾਂ ‘ਤੇ ਬੋਝ ਪਾਉਣ ਦਾ ਨਹੀਂ। ਉਨ੍ਹਾਂ ਨੇ ਕਿਹਾ ਕਿ ਐਕਟ ਦੇ ਤਹਿਤ ਕਿਹੜੇ ਚਲਾਨਾਂ ‘ਤੇ ਜ਼ੁਰਮਾਨਾ ਰਾਸ਼ੀ ਨੂੰ ਘਟਾਇਆ ਜਾਂ ਵਧਾਇਆ ਗਿਆ ਹੈ , ਇਸ ਦੀ ਜਾਣਕਾਰੀ ਐਕਟ ਲਾਗੂ ਕਰਨ ਦੇ ਨਾਲ ਹੀ ਦੇ ਦਿੱਤੀ ਜਾਵੇਗੀ।
ਕੇਂਦਰ ਸਰਕਾਰ ਵੱਲੋਂ ਦੇਸ਼ ਵਿੱਚ ਨਵਾਂ ਮੋਟਰ ਵਹੀਕਲ ਐਕਟ ਲਾਗੂ ਕੀਤੇ ਜਾਣ ਤੋਂ ਬਾਅਦ ਪੰਜਾਬ ਸਰਕਾਰ ਨੇ ਇਸ ਨੂੰ ਜਲਦਬਾਜ਼ੀ ਵਿੱਚ ਲਾਗੂ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਰਜ਼ੀਆ ਸੁਲਤਾਨਾ ਨੇ ਕਿਹਾ ਸੀ ਕਿ ਸੂਬੇ ਵਿੱਚ ਮੋਟਰ ਵਹੀਕਲ ਐਕਟ ਨੂੰ ਉਦੋਂ ਤੱਕ ਲਾਗੂ ਨਹੀਂ ਕੀਤਾ ਜਾਵੇਗਾ ਜਦੋਂ ਤੱਕ ਸਰਕਾਰ ਵੱਲੋਂ ਇਸ ਤੇ ਕੋਈ ਫੈਸਲਾ ਨਹੀਂ ਲਿਆ ਜਾਂਦਾ।