ਚੰਡੀਗੜ੍ਹ : ਪੰਜਾਬ ਰਾਜ ਚੋਣ ਕਮਿਸ਼ਨ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਕਮੇਟੀ ਚੋਣਾਂ ਪੂਰੀਆਂ ਹੋਣ ਤੋਂ ਬਾਅਦ ਪੰਜ ਜ਼ਿਲ੍ਹਿਆਂ ਦੇ 16 ਬੂਥਾਂ ‘ਤੇ ਦੁਬਾਰਾ ਪੋਲਿੰਗ ਕਰਵਾਉਣ ਦੇ ਹੁਕਮ ਦਿੱਤੇ ਹਨ। ਕਮਿਸ਼ਨ ਨੂੰ ਇਨ੍ਹਾਂ ਬੂਥਾਂ ‘ਤੇ ਵੋਟਿੰਗ ਦੌਰਾਨ ਬੇਨਿਯਮੀਆਂ ਦੀਆਂ ਸ਼ਿਕਾਇਤਾਂ ਮਿਲੀਆਂ ਸਨ ਜਿਸ ਤੋਂ ਬਾਅਦ ਚੋਣਾਂ ਰੱਦ ਕਰ ਦਿੱਤੀਆਂ ਗਈਆਂ। ਵੋਟਿੰਗ ਹੁਣ 16 ਦਸੰਬਰ ਨੂੰ ਹੋਵੇਗੀ। ਨਤੀਜੇ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਅਨੁਸਾਰ 17 ਦਸੰਬਰ ਨੂੰ ਐਲਾਨੇ ਜਾਣਗੇ।
ਜਿਕਰਯੋਗ ਹੈ ਕਿ ਕਮਿਸ਼ਨ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਬਲਾਕ ਕਮੇਟੀ ਅਟਾਰੀ ਦੇ ਜ਼ੋਨ ਨੰਬਰ 08 (ਖਾਸਾ) ਦੇ ਬੂਥ ਨੰਬਰ 52, 53, 54 ਅਤੇ 55 ‘ਤੇ ਦੁਬਾਰਾ ਪੋਲਿੰਗ ਦੇ ਹੁਕਮ ਦਿੱਤੇ ਹਨ। ਜ਼ੋਨ ਨੰਬਰ 17 (ਵਰਪਾਲ ਕਲਾਂ) ਦੇ ਬੂਥ ਨੰਬਰ 90, 91, 93, 94 ਅਤੇ 95 ‘ਤੇ ਵੀ ਵੋਟਿੰਗ ਹੋਵੇਗੀ।
ਇਸੇ ਤਰ੍ਹਾਂ ਬਰਨਾਲਾ ਵਿੱਚ ਬਲਾਕ ਸੰਮਤੀ ਚੰਨਣਵਾਲ ਦੇ ਜ਼ੋਨ ਨੰਬਰ 4 ਵਿੱਚ ਪੈਂਦੇ ਪਿੰਡ ਰਾਏਸਰ ਦੇ ਬੂਥ ਨੰਬਰ 20 ‘ਤੇ ਵੋਟਿੰਗ ਹੋਵੇਗੀ। ਮੁਕਤਸਰ ਸਾਹਿਬ ਦੇ ਬਲਾਕ ਕੋਟ ਭਾਈ (ਗਿੱਦੜਬਾਹਾ) ਵਿੱਚ ਪਿੰਡ ਬਾਬਣੀਆਂ ਦੇ ਬੂਥ ਨੰਬਰ 63 ਅਤੇ 64 ਅਤੇ ਪਿੰਡ ਮਧੀਰ ਦੇ ਬੂਥ ਨੰਬਰ 21 ਅਤੇ 22 ‘ਤੇ ਦੁਬਾਰਾ ਵੋਟਿੰਗ ਹੋਵੇਗੀ। ਗੁਰਦਾਸਪੁਰ ਦੇ ਪਿੰਡ ਚੰਨਣੀਆਂ ਦੇ ਬੂਥ ਨੰਬਰ 124 ‘ਤੇ ਵੋਟਿੰਗ ਹੋਵੇਗੀ। ਜਲੰਧਰ ਵਿੱਚ ਪੰਚਾਇਤ ਸੰਮਤੀ ਭੋਗਪੁਰ ਦੇ ਜ਼ੋਨ ਨੰਬਰ 4 ਵਿੱਚ ਪੈਂਦੇ ਬੂਥ ਨੰਬਰ 72 ‘ਤੇ ਵੋਟਿੰਗ ਹੋਵੇਗੀ।
ਦੱਸ ਦਈਏ ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਵੋਟਿੰਗ ਬੀਤੇ ਐਤਵਾਰ ਨੂੰ ਹੋਈ। ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਈ ਅਤੇ ਸ਼ਾਮ 4 ਵਜੇ ਤੱਕ ਜਾਰੀ ਰਹੀ। ਦੁਪਹਿਰ 2 ਵਜੇ ਤੱਕ 32% ਵੋਟਰਾਂ ਨੇ ਵੋਟਿੰਗ ਕੀਤੀ। ਅੰਤਿਮ ਅੰਕੜਿਆਂ ਦੀ ਉਡੀਕ ਹੈ। ਚੋਣ ਨਤੀਜੇ 17 ਦਸੰਬਰ ਨੂੰ ਐਲਾਨੇ ਜਾਣਗੇ।
ਬੀਤੇ ਦਿਨੀ ਹੋਈਆਂ ਚੋਣਾਂ ਦੌਰਾਨ ਕਈ ਥਾਈ ਵਿਰੋਧੀ ਪਾਰਟੀਆਂ ਵੱਲੋਂ ਹੰਗਾਮੇ ਦੀਆਂ ਖਬਰਾਂ ਵੀ ਸਾਹਮਣੇ ਆਈਆਂ। ਸ਼੍ਰੋਮਣੀ ਅਕਾਲੀ ਦਲ ਨੇ ਗਿੱਦੜਬਾਹਾ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਭਰਾ ਸੰਨੀ ਢਿੱਲੋਂ ‘ਤੇ ਬੂਥ ਕੈਪਚਰਿੰਗ ਦਾ ਦੋਸ਼ ਲਗਾਇਆ। ਇਸ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਬੂਥ ਕੈਪਚਰਿੰਗ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਏਜੰਟਾਂ ਨੂੰ ਬੂਥਾਂ ਤੋਂ ਹਟਾ ਦਿੱਤਾ ਗਿਆ ਅਤੇ ਅੱਧੇ ਘੰਟੇ ਲਈ ਵੋਟਾਂ ਪਾਈਆਂ ਗਈਆਂ। ਇਸਤੋਂ ਇਲਾਵਾ ਗੁਰਦਾਸਪੁਰ ਦੇ ਸਾਧੂ ਚੱਕ ਵਿਖੇ ‘ਆਪ’ ਅਤੇ ਕਾਂਗਰਸ ਵਰਕਰਾਂ ਵਿਚਕਾਰ ਝੜਪ ਹੋਈ, ਜਿਸ ਵਿੱਚ ਤਿੰਨ ਲੋਕ ਜ਼ਖਮੀ ਹੋ ਗਏ। ਫਿਲਹਾਲ ਸੂਬੇ ਦੇ 23 ਜ਼ਿਲ੍ਹਿਆਂ ਵਿੱਚ 347 ਜ਼ਿਲ੍ਹਾ ਪ੍ਰੀਸ਼ਦਾਂ ਅਤੇ 2,838 ਬਲਾਕ ਕਮੇਟੀਆਂ ਲਈ ਹੋਈ ਵੋਟਿੰਗ ਨਾਲ ਕੁੱਲ 9,775 ਉਮੀਦਵਾਰਾਂ ਦੀ ਕਿਸਮਤ ਬੈਲਟ ਬਾਕਸਾਂ ਵਿੱਚ ਸੀਲ ਹੈ।

