Home / News / ਪੰਜਾਬ ਪੁਲਿਸ ਵੱਲੋਂ ਹਰ ਜ਼ਿਲ੍ਹੇ ‘ਚ ਸਿਹਤ ਤੇ ਤੰਦਰੁਸਤੀ ਕੇਂਦਰ ਕੀਤੇ ਜਾਣਗੇ ਸਥਾਪਤ

ਪੰਜਾਬ ਪੁਲਿਸ ਵੱਲੋਂ ਹਰ ਜ਼ਿਲ੍ਹੇ ‘ਚ ਸਿਹਤ ਤੇ ਤੰਦਰੁਸਤੀ ਕੇਂਦਰ ਕੀਤੇ ਜਾਣਗੇ ਸਥਾਪਤ

ਚੰਡੀਗੜ੍ਹ: ਪੁਲਿਸ ਕਰਮਚਾਰੀਆਂ ਦੀ ਸਿਹਤ ਅਤੇ ਤੰਦਰੁਸਤੀ ਸਭ ਤੋਂ ਪਹਿਲੀ ਤਰਜੀਹ ਰਹੀ ਹੈ ਜਿਸ ਦੇ ਚੱਲਦਿਆਂ ਪੰਜਾਬ ਪੁਲਿਸ ਵੱਲੋਂ ਸੂਬੇ ਦੇ ਸਾਰੇ ਜ਼ਿਲਿਆਂ ਸਮੇਤ ਤਿੰਨ ਪੁਲਿਸ ਕਮਿਸ਼ਨਰੇਟਜ਼ (ਸੀ.ਪੀਜ਼) ਵਿੱਚ ਪੁਲਿਸ ਲਈ ਸਿਹਤ ਤੇ ਤੰਦਰੁਸਤੀ ਕੇਂਦਰ (ਐਚ.ਡਬਲਿਊ.ਸੀ.) ਸਥਾਪਤ ਕਰਨ ਦਾ ਫੈਸਲਾ ਕੀਤਾ ਗਿਆ ਹੈ।ਇਹ ਕੇਂਦਰ ਸਾਰੇ ਹਥਿਆਰਬੰਦ ਪੁਲਿਸ ਅਤੇ ਪੁਲਿਸ ਸਿਖਲਾਈ ਕੇਂਦਰਾਂ ਵਿਚ ਵੀ ਸਥਾਪਤ ਕੀਤੇ ਜਾਣ ਦਾ ਪ੍ਰਸਤਾਵ ਹੈ।

ਇਨਾਂ ਐਚ.ਡਬਲਿਊ.ਸੀ. ਵਿੱਚ ਇਨਡੋਰ ਜਿਮ, ਆਊਟਡੋਰ ਜਿਮ, ਮੈਡੀਟੇਸ਼ਨ ਅਤੇ ਯੋਗਾ ਲਈ ਜਗਾ, ਫਿਜ਼ੀਓਥੈਰੇਪੀ ਸੈਂਟਰ ਅਤੇ ਕਾਉਂਸਲਿੰਗ ਲਈ ਰੂਮ ਹੋਣਗੇ ਤਾਂ ਜੋ ਪੁਲਿਸ ਕਰਮੀਆਂ ਨੂੰ ਸਿਹਤ ਸਬੰਧੀ ਕਾਊਂਸਲਿੰਗ ਅਤੇ ਢੁੱਕਵੀਂ ਰਾਇ ਪ੍ਰਦਾਨ ਕੀਤੀ ਜਾ ਸਕੇ।

ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਦਿਨਕਰ ਗੁਪਤਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪੁਲਿਸ ਕਰਮੀਆਂ ਵੱਲੋਂ ਤਣਾਅਪੂਰਨ ਸਥਿਤੀਆਂ ਵਿੱਚ ਕੰਮ ਕਰਨ ਨਾਲ ਉਨਾਂ ਨੂੰ ਥਕਾਵਟ, ਤਣਾਅ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ ਜੋ ਬਾਅਦ ਵਿੱਚ ਸਿਹਤ ਸਬੰਧੀ ਗੰਭੀਰ ਮੁੱਦਿਆਂ ਦਾ ਕਾਰਨ ਬਣ ਸਕਦੀਆਂ ਹਨ।

ਉਨਾਂ ਕਿਹਾ ਕਿ ਸਿਹਤ ਅਤੇ ਤੰਦਰੁਸਤੀ ਕੇਂਦਰ ਜਿੱਥੇ ਪੁਲਿਸ ਕਰਮਚਾਰੀਆਂ ਨੂੰ ਆਪਣੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਵੱਲ ਧਿਆਨ ਦੇਣ ਪ੍ਰਤੀ ਉਤਸ਼ਾਹਿਤ ਕਰਨਗੇ ਉੱਥੇ ਹੀ ਸਿਹਤਮੰਦ ਜੀਵਨ ਲਈ ਉਨਾਂ ਨੂੰ ਸਿਹਤ ਸਬੰਧੀ ਢੁੱਕਵੀਂ ਰਾਇ ਪ੍ਰਦਾਨ ਵੀ ਕਰਨਗੇ।

ਪਹਿਲੇ ਪੜਾਅ ਵਿੱਚ ਐਚ.ਸੀ.ਡਬਲਿਊਜ਼ ਦੀ ਸਥਾਪਨਾ ਲਈ ਬਜਟ ’ਚੋਂ 2.97 ਕਰੋੜ ਰੁਪਏ ਦੀ ਰਾਸ਼ੀ ਪਹਿਲਾਂ ਹੀ ਸੀ.ਪੀ. ਲੁਧਿਆਣਾ ਅਤੇ ਸੀ.ਪੀ. ਅੰਮ੍ਰਿਤਸਰ ਸਮੇਤ 15 ਜ਼ਿਲਿਆਂ ਨੂੰ ਜਾਰੀ ਕਰ ਦਿੱਤੀ ਗਈ ਹੈ।ਡੀ.ਜੀ.ਪੀ. ਨੇ ਦੱਸਿਆ ਕਿ ਜ਼ਿਆਦਾਤਰ ਕੇਂਦਰ ਸੀ.ਪੀ. ਅੰਮਿ੍ਰਤਸਰ, ਜਿਲਾ ਤਰਨ ਤਾਰਨ, ਮਾਨਸਾ ਅਤੇ ਪਠਾਨਕੋਟ ਵਿੱਚ ਬਣ ਕੇ ਤਿਆਰ ਹੋ ਗਏ ਹਨ ਅਤੇ ਮਾਰਚ ਦੇ ਅੱਧ ਤੱਕ ਕਾਰਜਸ਼ੀਲ ਹੋਣ ਦੀ ਉਮੀਦ ਹੈ ਜਦੋਂਕਿ ਬਾਕੀ ਕੇਂਦਰਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਉਨਾਂ ਕਿਹਾ ਕਿ ਅਜਿਹੇ ਸੈਂਟਰ ਸਥਾਪਤ ਕਰਨ ਲਈ ਦੂਜੇ ਪੜਾਅ ਵਿੱਚ ਬਾਕੀ ਜ਼ਿਲਿਆਂ, ਆਰਮਡ ਪੁਲਿਸ ਅਤੇ ਪੁਲਿਸ ਸਿਖਲਾਈ ਕੇਂਦਰਾਂ ਵਿੱਚ ਫੰਡਾਂ ਦੀ ਵੰਡ ਕੀਤੀ ਜਾਵੇਗੀ।

ਡੀਜੀਪੀ ਦਿਨਕਰ ਗੁਪਤਾ ਨੇ ਅੱਗੇ ਦੱਸਿਆ ਕਿ ਸਿਹਤ ਅਤੇ ਤੰਦਰੁਸਤੀ ਦੇ ਪ੍ਰੋਗਰਾਮਾਂ ਦੇ ਆਯੋਜਨ ਲਈ ਅਗਲੇ ਵਿੱਤੀ ਸਾਲ ਤੋਂ ਹਰੇਕ ਜ਼ਿਲੇ ਲਈ 2 ਲੱਖ ਰੁਪਏ ਸਾਲਾਨਾ ਦੀ ਰਾਸ਼ੀ ਵੀ ਰੱਖੀ ਗਈ ਹੈ।

ਡੀਜੀਪੀ ਨੇ ਕਿਹਾ ਕਿ ਸਿਹਤ ਤੇ ਤੰਦਰੁਸਤੀ ਕੇਂਦਰਾਂ ਵਿੱਚ ਪੰਜ ਤੋਂ ਸੱਤ ਦਿਨਾਂ ਦੇ ਹੈਲਥ ਐਂਡ ਵੈਲਨੈੱਸ ਪ੍ਰੋਗਰਾਮ ਮਨੋਰੋਗ ਮਾਹਿਰਾਂ ਸਮੇਤ ਸਿਹਤ ਪੇਸ਼ੇਵਰਾਂ ਦੁਆਰਾ ਕਰਵਾਏ ਜਾਣਗੇ ਜੋ ਬਿਹਤਰ ਸਿਹਤ ਲਈ ਪੁਲਿਸ ਕਰਮੀਆਂ ਨੂੰ ਜੀਵਨਸ਼ੈਲੀ ਵਿੱਚ ਤਬਦੀਲੀਆਂ ਲਿਆਉਣ ਲਈ ਸਰੀਰਕ ਕਸਰਤ, ਪੌਸ਼ਟਿਕ ਖੁਰਾਕ ਅਤੇ ਕਾਉਂਸਲਿੰਗ ਦੀ ਸਿਫ਼ਾਰਸ਼ ਕਰਨਗੇ।ਉਨਾਂ ਕਿਹਾ ਕਿ ਫਿਜ਼ੀਓਥੈਰੇਪੀ ਸੈਂਟਰ ਪੁਲਿਸ ਨੂੰ ਉਮਰ ਨਾਲ ਸਬੰਧਤ ਮਾਮੂਲੀ ਦਰਦ ਅਤੇ ਗੋਡਿਆਂ, ਜੋੜਾਂ, ਕਮਰ ਆਦਿ ਵਿੱਚ ਦਰਦ ਤੋਂ ਰਾਹਤ ਸਬੰਧੀ ਸਹੂਲਤਾਂ ਪ੍ਰਦਾਨ ਕਰਨਗੇ।

ਏਡੀਜੀਪੀ ਵੈਲਫੇਅਰ ਵੀ. ਨੀਰਜਾ ਨੇ ਕਿਹਾ ਕਿ ਸਾਰੇ ਪੁਲਿਸ ਕਮਿਸ਼ਨਰਾਂ (ਸੀ.ਪੀਜ਼) ਅਤੇ ਸੀਨੀਅਰ ਕਪਤਾਨ ਪੁਲਿਸ ਨੂੰ ਸਿਹਤ ਅਤੇ ਵੈਲਨੈੱਸ ਪੋ੍ਰਗਰਾਮ ਦੀ ਲੋੜ ਵਾਲੇ ਪੁਲਿਸ ਕਰਮੀਆਂ ਦੀ ਪਛਾਣ ਕਰਨ ਲਈ ਐਸ.ਪੀ. ਹੈਡਕੁਆਟਰਜ਼ ਅਤੇ ਮੈਡੀਕਲ ਅਧਿਕਾਰੀਆਂ ਨਾਲ ਕਮੇਟੀ ਦਾ ਗਠਨ ਕਰਨ ਦੀ ਹਦਾਇਤ ਕਰ ਦਿੱਤੀ ਗਈ ਹੈ।ਇਹ ਕਮੇਟੀ ਮਹੀਨਾਵਾਰ ਸਿਹਤ ਅਤੇ ਤੰਦਰੁਸਤੀ ਪ੍ਰੋਗਰਾਮ ਤਿਆਰ ਕਰੇਗੀ ਅਤੇ ਇਨਾਂ ਦਾ ਆਯੋਜਨ ਕਰਵਾਏਗੀ। ਇਸ ਤੋਂ ਇਲਾਵਾ ਇਹ ਕਮੇਟੀ ਇਹ ਵੀ ਯਕੀਨੀ ਬਣਾਏਗੀ ਕਿ ਜ਼ਿਲੇ ਵਿੱਚ ਤਾਇਨਾਤ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਸਾਲ ਵਿੱਚ ਘੱਟੋ ਘੱਟ ਇੱਕ ਵਾਰ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲ ਸਕੇ।

ਇਸ ਦੌਰਾਨ ਡੀਜੀਪੀ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਐਚ.ਡਬਲਿਊ.ਸੀਜ਼ ਪੁਲਿਸ ਕਰਮੀਆਂ ਲਈ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਅਤੇ ਉਨਾਂ ਨੂੰ ਵੱਖ ਵੱਖ ਬਿਮਾਰੀਆਂ ਤੋਂ ਬਚਾ ਕੇ ਰੱਖਣ ਲਈ ਮਦਦਗਾਰ ਸਾਬਤ ਹੋਣਗੇ।

Check Also

Amarinder Slams BJP Leadership’s Criticism Of Hoshiarpur Rape-Murder Case As Political Puffery

ਆੜ੍ਹਤੀਆਂ ਨੂੰ ਕੈਪਟਨ ਵੱਲੋਂ ਭਰੋਸਾ,”ਜਦੋਂ ਤੱਕ ਮੈਂ ਇੱਥੇ ਹਾਂ, ਤੁਸੀਂ ਵਿਵਸਥਾ ਦਾ ਹਿੱਸਾ ਬਣੇ ਰਹੋਗੇ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਭਰੋਸੇ ਤੋਂ ਬਾਅਦ ਆੜ੍ਹਤੀਆਂ ਵੱਲੋਂ ਆਪਣੀ ਪ੍ਰਸਤਾਵਿਤ …

Leave a Reply

Your email address will not be published. Required fields are marked *