ਪੰਜਾਬ ਪੁਲਿਸ ਨੇ ਸੂਬੇ ਭਰ ਦੀਆਂ ਧਾਰਮਿਕ ਸੰਸਥਾਵਾਂ ‘ਤੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ : DGP ਗੌਰਵ ਯਾਦਵ

Rajneet Kaur
2 Min Read

ਚੰਡੀਗੜ: ਪੰਜਾਬ ਪੁਲਿਸ ਨੇ ਸੂਬੇ ਦੀਆਂ ਧਾਰਮਿਕ ਥਾਵਾਂ ਦੀ ਸੁਰੱਖਿਆ ਵਿਵਸਥਾ ਪੁਖਤਾ ਕਰਨ ਦੇ ਮਕਸਦ ਨਾਲ ਬੀਤੇ ਦੋ ਦਿਨ ਵਿਆਪਕ ਪੱਧਰ ‘ਚ ਜਾਂਚ ਮੁਹਿੰਮ ਚਲਾਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸ਼ਰਾਰਤੀ ਅਨਸਰਾਂ ‘ਤੇ ਸਖ਼ਤੀ ਨਾਲ ਨਜ਼ਰ ਰੱਖਣ ਲਈ ਸਾਰੇ ਧਾਰਮਿਕ ਸਥਾਨਾਂ ‘ਤੇ ਪੁਖ਼ਤਾ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਵੱਲੋਂ ਅਜਿਹੀਆਂ ਸੰਸਥਾਵਾਂ ਜਿਵੇਂ ਗੁਰਦੁਆਰਿਆਂ, ਮੰਦਿਰਾਂ, ਚਰਚਾਂ ਅਤੇ ਮਸਜਿਦਾਂ ’ਤੇ ਦੋ ਦਿਨਾਂ ਵਿਸ਼ੇਸ਼ ਚੈਕਿੰਗ ਕੀਤੀ ਗਈ । ਇਸ ਚੈਕਿੰਗ ਦਾ ਉਦੇਸ਼ ਧਾਰਮਿਕ ਸੰਸਥਾਵਾਂ ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣਾ ਅਤੇ ਇਹ ਯਕੀਨੀ ਬਣਾਉਣ ਸੀ ਅਜਿਹੀਆਂ ਸੰਸਥਾਵਾਂ ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਅਤੇ ਪੂਰੀ ਤਰਾਂ ਕੰਮ ਕਰ ਰਹੇ ਹਨ।

ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਕਿਹਾ ਕਿ ਗਜ਼ਟਿਡ ਰੈਂਕ ਦੇ ਅਧਿਕਾਰੀਆਂ ਨੂੰ ਸਾਰੇ ਧਾਰਮਿਕ ਸਮੂਹਾਂ ਜਿਵੇਂ ਸਤਕਾਰ ਕਮੇਟੀ ਤੇ ਸ਼ਿਵਸੈਨਾ ਨੇਤਾਵਾਂ ਨਾਲ ਮੀਟਿੰਗ ਕਰਨ ਬਾਰੇ ਕਿਹਾ ਗਿਆ। ਪੁਲਿਸ ਟੀਮਾਂ ਨੂੰ ਹਦਾਇਤ ਦਿੰਦੇ ਹੋਏ ਸਾਰੀਆਂ ਧਾਰਮਿਕ ਥਾਵਾਂ ‘ਤੇ ਸੀਸੀਟੀਵੀ ਕੈਮਰੇ ਲਗਾਉਣਾ ਨਿਸ਼ਚਿਤ ਕਰਨ ਨੂੰ ਕਿਹਾ। ਇਸ ਤੋਂ ਇਲਾਵਾ ਚੌਕੀਦਾਰ, ਸੁਰੱਖਿਆ ਗਾਰਡ ਵੱਲੋਂ ਨਿਗਰਾਨੀ ਕੀਤੀ ਜਾਵੇ।

ਇਸ ਦੌਰਾਨ ਘੱਟੋ-ਘੱਟ 698 ਪੁਲੀਸ ਟੀਮਾਂ, ਜਿਨਾਂ ਵਿੱਚ 4000 ਤੋਂ ਵੱਧ ਪੁਲੀਸ ਮੁਲਾਜਮ ਸ਼ਾਮਲ ਸਨ, ਨੇ ਸੂਬੇ ਭਰ ਵਿੱਚ 16118 ਗੁਰਦੁਆਰਿਆਂ, 4263 ਮੰਦਰਾਂ, 1930 ਚਰਚਾਂ ਅਤੇ 777 ਮਸਜਿਦਾਂ ਦੀ ਚੈਕਿੰਗ ਕੀਤੀ। ਇਹ ਸਮੁੱਚੀ ਚੈਕਿੰਗ ਦੀ ਨਿਗਰਾਨੀ ਰੇਂਜ ਇੰਸਪੈਕਟਰ ਜਨਰਲ ਆਫ ਪੁਲਿਸ (ਆਈ.ਜੀ.ਐਸ.ਪੀ.) ਵੱਲੋਂ ਖੁਦ ਕੀਤੀ ਗਈ।ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਸਮੂਹ ਗੁਰਦੁਆਰਿਆਂ, ਮੰਦਰਾਂ, ਚਰਚਾਂ ਅਤੇ ਮਸਜਿਦਾਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪੋ-ਆਪਣੇ ਧਾਰਮਿਕ ਅਦਾਰਿਆਂ ਵਿੱਚ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਹਮੇਸ਼ਾ ਚੌਕਸ ਰਹਿਣ।ਉਨਾਂ ਨੇ ਸੀਸੀਟੀਵੀ ਕੈਮਰਿਆਂ ਦੀ ਹਫਤਾਵਾਰੀ ਚੈਕਿੰਗ ਨੂੰ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਕੰਮ ਕਰ ਰਹੇ ਹਨ ਜਾਂ ਨਹੀਂ। ਉਨਾਂ ਪ੍ਰਬੰਧਕ ਕਮੇਟੀਆਂ ਨੂੰ ਆਪੋ-ਆਪਣੇ ਧਾਰਮਿਕ ਸਥਾਨਾਂ ਦੇ ਪ੍ਰਵੇਸ਼ ਦੁਆਰ ‘ਤੇ ਸੁਰੱਖਿਆ ਗਾਰਡ ਤਾਇਨਾਤ ਕਰਨ ਦੀ ਸਲਾਹ ਵੀ ਦਿੱਤੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment