ਨਾਮੀ ਯੂਨੀਵਰਸਿਟੀ ਦੇ ਫੈਕਲਟੀ ਮੈਂਬਰਾਂ ਦੀਆਂ ਇਤਰਾਜ਼ਯੋਗ ਮੌਰਫਡ ਤਸਵੀਰਾਂ ਵਾਇਰਲ ਕਰਨ ਵਾਲਾ ਵਿਦਿਆਰਥੀ ਗ੍ਰਿਫਤਾਰ

TeamGlobalPunjab
3 Min Read

ਚੰਡੀਗੜ੍ਹ: ਪੰਜਾਬ ਪੁਲਿਸ ਦੇ ਸਾਇਬਰ ਕ੍ਰਾਈਮ ਵਿੰਗ ਨੇ ਬੁੱਧਵਾਰ ਨੂੰ ਹਾਈ-ਟੈਕ ਹੈਕਿੰਗ ਟੂਲਜ਼ ਦੀ ਵਰਤੋਂ ਕਰਕੇ ਸੂਬੇ ਦੀ ਇੱਕ ਨਾਮਵਰ ਪ੍ਰਾਈਵੇਟ ਯੂਨੀਵਰਸਿਟੀ ਦੇ ਫੈਕਲਟੀ ਮੈਂਬਰਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਨੂੰ ਪ੍ਰਸਾਰਿਤ ਕਰਨ ਵਾਲੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ।

ਗ੍ਰਿਫਤਾਰ ਕੀਤੇ ਵਿਅਕਤੀ ਦੀ ਪਛਾਣ ਨਵਜੋਸ਼ ਸਿੰਘ ਅਟਵਾਲ, ਵਾਸੀ ਆਈਵਰੀ ਟਾਵਰ, ਸੈਕਟਰ-70, ਐਸ.ਏ.ਐਸ. ਨਗਰ ਵਜੋਂ ਹੋਈ ਹੈ, ਜੋ ਇਸੇ ਯੂਨੀਵਰਸਿਟੀ ਦਾ ਵਿਦਿਆਰਥੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ, ਏ.ਡੀ.ਜੀ.ਪੀ ਸਾਇਬਰ ਕ੍ਰਾਈਮ ਨੇ ਕਿਹਾ ਕਿ 26 ਫਰਵਰੀ, 2022 ਨੂੰ, ਉਕਤ ਪ੍ਰਾਈੇਵੇਟ ਯੂਨੀਵਰਸਿਟੀ ਦੇ ਅਧਿਕਾਰੀਆਂ ਤੋਂ ਸਿ਼ਕਾਇਤ ਪ੍ਰਾਪਤ ਹੋਈ ਸੀ ਕਿ ਕੋਈ ਵਿਅਕਤੀ ਜ਼ੂਮ/ਬਲੈਕਬੋਰਡ ਐਪ ਦੀ ਵਰਤੋਂ ਕਰਕੇ ਉਨ੍ਹਾਂ ਦੀ ਈਮੇਲ ਆਈਡੀ, ਔਨਲਾਈਨ ਅਧਿਆਪਨ ਸੈਸ਼ਨਾਂ ਨੂੰ ਹੈਕ ਕਰ ਰਿਹਾ ਹੈ ਅਤੇ ਨਾਲ ਹੀ ਵੱਖ-ਵੱਖ ਵਟਸਐਪ ਅਕਾਊਂਟ ਨੰਬਰਾਂ ਰਾਹੀਂ ਫੈਕਲਟੀ ਮੈਂਬਰਾਂ ਦੀਆਂ ਇਤਰਾਜ਼ਯੋਗ ਤਸਵੀਰਾਂ ਪ੍ਰਸਾਰਿਤ ਕਰ ਰਿਹਾ ਹੈ।

ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ, ਪੁਲਿਸ ਸਟੇਸ਼ਨ ਸਟੇਟ ਸਾਈਬਰ ਕ੍ਰਾਈਮ ਵਿੱਚ ਆਈਪੀਸੀ ਦੀ ਧਾਰਾ 354-ਡੀ, 509, 120-ਬੀ, ਆਈ.ਟੀ ਐਕਟ-2000 ਦੀ ਧਾਰਾ 66-ਸੀ ਅਤੇ 67-ਏ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।

- Advertisement -

ਏ.ਆਈ.ਜੀ. ਸਟੇਟ ਸਾਈਬਰ ਕ੍ਰਾਈਮ, ਨੀਲਾਂਬਰੀ ਜਗਦਲੇ ਨੇ ਜਾਨਕਾਰੀ ਦਿੰਦਿਆਂ ਦੱਸਿਆ ਕਿ ਸਟੇਟ ਸਾਈਬਰ ਕ੍ਰਾਈਮ ਸੈੱਲ ਵੱਲੋਂ ਸ਼ੱਕੀ ਗਤੀਵਿਧੀਆਂ ਬਾਰੇ ਵਟਸਐਪ, ਜ਼ੂਮ ਅਤੇ ਗੂਗਲ ਏਜੰਸੀਆਂ ਨਾਲ ਤਾਲਮੇਲ ਕੀਤਾ ਗਿਆ।

ਪੁੱਛਗਿੱਛ ਦੌਰਾਨ, ਦੋਸ਼ੀ ਨੇ ਕਬੂਲਿਆ ਹੈ ਕਿ ਉਹ ਵੱਖ-ਵੱਖ ਪੋਰਨ ਵੈੱਬਸਾਈਟਾਂ ਤੋਂ ਪੋਰਨ ਸਮੱਗਰੀ ਨੂੰ ਡਾਊਨਲੋਡ ਕਰਦਾ ਸੀ ਅਤੇ ਫਿਰ ਡਾਊਨਲੋਡ ਕੀਤੀ ਵੀਡੀਓ ਸਮੱਗਰੀ ਨੂੰ ਆਪਣੀ ਯੂਨੀਵਰਸਿਟੀ ਦੇ ਫੈਕਲਟੀ ਮੈਂਬਰਾਂ ਦੀਆਂ ਤਸਵੀਰਾਂ ਨਾਲ ਮੋਰਫ ਕਰਦਾ ਸੀ ਤਾਂ ਜੋ ਵੀਪੀਐਨ ਅਤੇ ਹੈਕਿੰਗ ਟੂਲਜ਼ ਨੂੰ ਵਰਤ ਕੇ ਫਰਜ਼ੀ ਵਟਸਐਪ ਅਕਾਊਂਟ ਬਣਾ ਕੇ ਅਸ਼ਲੀਲ ਤਸਵੀਰਾਂ ਨੂੰ ਅੱਗੇ ਪ੍ਰਸਾਰਿਤ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਦੋਸ਼ੀ ਬਲੈਕਬੋਰਡ ਸੌਫਟਵੇਅਰ ਅਤੇ ਜ਼ੂਮ ਐਪਲੀਕੇਸ਼ਨਾਂ ਰਾਹੀਂ ਕਰਵਾਏ ਗਏ ਵੈਬਿਨਾਰਾਂ `ਤੇ ਔਨਲਾਈਨ ਵਿਦਿਅਕ ਸੈਸ਼ਨਾਂ ਦੌਰਾਨ ਕਥਿਤ ਅਸ਼ਲੀਲ ਸਮੱਗਰੀ ਪੋਸਟ ਕਰਦਾ ਸੀ।

ਤਫ਼ਤੀਸ਼ ਦੌਰਾਨ ਦੋਸ਼ੀ ਕੋਲੋਂ ਮੋਬਾਈਲ ਫ਼ੋਨ, ਲੈਪਟਾਪ ਅਤੇ ਵੀਪੀਐਨ ਅਤੇ ਹੈਕਿੰਗ ਸਾਫ਼ਟਵੇਅਰ/ਟੂਲ ਵਾਲੇ ਹੋਰ ਇਲੈਕਟ੍ਰਾਨਿਕ ਯੰਤਰ ਜ਼ਬਤ ਕੀਤੇ ਗਏ ਹਨ। ਇਨ੍ਹਾਂ ਇਲੈਕਟ੍ਰਾਨਿਕ ਯੰਤਰਾਂ ਦੀ ਫੋਰੈਂਸਿਕ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ । ਦੋਸ਼ੀ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।

ਜਿ਼ਕਰਯੋਗ ਹੈ ਕਿ, ਕੋਈ ਵੀ ਪੀੜਤ/ਸਿ਼ਕਾਇਤਕਰਤਾ ਵੈਬਸਾਈਟ www.cybercrime.gov.in ਜਾਂ ਈਮੇਲ aigcc@punjabpolice.gov.in. `ਤੇ ਸਾਈਬਰ ਅਪਰਾਧ ਨਾਲ ਸਬੰਧਤ ਸਿ਼ਕਾਇਤ ਦਰਜ ਕਰਵਾ ਸਕਦਾ ਹੈ ਅਤੇ ਟੋਲ ਫਰੀ ਹੈਲਪਲਾਈਨ ਨੰਬਰ: 155260 `ਤੇ ਵੀ ਆਪਣੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ।

Share this Article
Leave a comment