ਜਗਤਾਰ ਸਿੰਘ ਸਿੱਧੂ;
ਪੰਜਾਬ ਵਿਚ ਹੁਣ ਭਲਕੇ ਪੰਦਰਾਂ ਅਕਤੂਬਰ ਨੂੰ ਪੇਂਡੂ ਭਾਈਚਾਰਾ ਪੂਰੀ ਤਰਾਂ ਪੰਚਾਇਤੀ ਚੋਣਾਂ ਦੇ ਰੰਗ ਵਿੱਚ ਰੰਗਿਆ ਜਾ ਰਿਹਾ ਹੈ। ਉਹ ਸਾਰੀਆਂ ਕਿਆਸਰਾਈਆਂ ਰੱਦ ਹੋ ਗਈਆਂ ਹਨ ਕਿ ਪਤਾ ਨਹੀਂ ਪੰਦਰਾਂ ਅਕਤੂਬਰ ਨੂੰ ਵੋਟਾਂ ਪੈਣਗੀਆਂ ਕਿ ਨਹੀਂ। ਕਾਰਨ ਬਹੁਤ ਸਪਸ਼ਟ ਸੀ। ਸੈਂਕੜੇ ਪਿੰਡਾਂ ਦੇ ਕਈ ਲੋਕਾਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਵੱਖ ਵੱਖ ਕਾਰਨਾ ਲਈ ਸ਼ਕਾਇਤਾਂ ਕਰਕੇ ਪਟੀਸ਼ਨਾ ਪਾਈਆਂ ਸਨ। ਮਾਨਯੋਗ ਅਦਾਲਤ ਨੇ ਪਹਿਲਾਂ ਦੌ ਸੌ ਛੇ ਪੰਚਾਇਤਾਂ ਦੀ ਚੋਣ ਕਾਰਵਾਈ ਉੱਤੇ ਰੋਕ ਲਾ ਦਿਤੀ ਸੀ। ਤਕਰੀਬਨ ਸੱਤ ਸੌ ਪਿੰਡਾਂ ਦੇ ਲੋਕਾਂ ਵਲੋਂ ਹੋਰ ਪਟੀਸ਼ਨਾ ਉਪਰ ਸੁਣਵਾਈ ਹੋ ਰਹੀ ਸੀ। ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਾਰੀਆਂ ਪਟੀਸ਼ਨਾ ਦਾ ਨਿਬੇੜਾ ਕਰਦੇ ਹੋਏ ਤਕਰੀਬਨ ਇਕ ਹਜਾਰ ਪਟੀਸ਼ਨਾ ਰੱਦ ਕਰ ਦਿਤੀਆਂ। ਇਸ ਨਾਲ ਪੰਵਾਇਤੀ ਚੋਣ ਹੋਣ ਲਈ ਰਾਹ ਸਾਫ ਹੋ ਗਿਆ। ਇਸ ਤੋਂ ਪਹਿਲਾਂ ਲਗਾਤਾਰ ਗੈਰ ਯਕੀਨੀ ਦੀ ਹਾਲਤ ਬਣੀ ਹੋਈ ਸੀ। ਅਦਾਲਤ ਨੇ ਸਾਫ ਕਰ ਦਿਤਾ ਹੈ ਕਿ ਜਦੋਂ ਚੋਣ ਅਮਲ ਸ਼ੁਰੂ ਹੋ ਜਾਵੇ ਤਾਂ ਚੋਣ ਨਹੀ ਰੋਕੀ ਜਾ ਸਕਦੀ। ਸੁਪਰੀਮ ਕੋਰਟ ਦੀਆਂ ਪਹਿਲਾਂ ਵੀ ਅਜਿਹੀਆਂ ਸੇਧਾਂ ਆ ਚੁੱਕੀਆਂ ਹਨ।
ਪੂਰੀ ਤਰਾਂ ਪੰਜਾਬ ਵਿਚ ਪੰਚਾਇਤੀ ਚੋਣ ਹੋਣ ਬਾਰੇ ਮੀਡੀਆ ਵਿਚ ਕਿਹਾ ਜਾ ਰਿਹਾ ਹੈ ਕਿ ਇਹ ਪੰਜਾਬ ਸਰਕਾਰ ਲਈ ਬਹੁਤ ਵੱਡੀ ਰਾਹਤ ਹੈ ਪਰ ਇਸ ਨਾਲੋਂ ਵੀ ਵੱਡੀ ਰਾਹਤ ਤਾਂ ਸਾਰੇ ਪੰਜਾਬੀਆਂ ਨੂੰ ਮਿਲੀ ਹੈ ਜਿਹੜੇ ਕਿ ਭਲਕੇ ਆਪੋ ਆਪਣੇ ਪਿੰਡਾਂ ਦੀ ਲੀਡਰਸ਼ਿਪ ਦੀ ਚੋਣ ਕਰਨਗੇ। ਪੰਜਾਬ ਸਰਕਾਰ ਨੂੰ ਤਾਂ ਰਾਹਤ ਵਾਲੀ ਗੱਲ ਹੈ ਹੀ ਪਰ ਵੱਡੀ ਗੱਲ ਹੈੈ ਕਿ ਪੇਂਡੂ ਖੇਤਰ ਦੇ ਲੋਕਾਂ ਨੂੰ ਮੌਕਾ ਮਿਲ ਗਿਆ ਹੈ ਕਿ ਆਪਣੇ ਨੇਤਾ ਦੀ ਚੋਣ ਕਰਨਗੇ।
ਜੇਕਰ ਪੰਜਾਬ ਦੀਆਂ ਵਿਰੋਧੀ ਧਿਰਾਂ ਦੀ ਗੱਲ ਕੀਤੀ ਜਾਵੇ ਤਾਂ ਉਨਾਂ ਦੇ ਨਾਂਹ ਪਖੀ ਵਤੀਰੇ ਨੂੰ ਵਡਾ ਝਟਕਾ ਲਗਾ ਹੈ। ਕਾਂਗਰਸ ਵਿਰੋਧੀ ਧਿਰ ਹੋਣ ਕਾਰਨ ਲਗਾਤਾਰ ਚੋਣ ਵਿਚ ਧਾਂਧਲੀਆਂ ਅਤੇ ਧੱਕਿਆਂ ਦਾ ਰੌਲਾ ਪਾ ਰਹੀ ਸੀ। ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਤਾਂ ਲਗਾਤਾਰ ਮੰਗ ਕਰ ਰਹੇ ਸਨ ਕਿ ਕੁਝ ਦਿਨ ਲਈ ਚੋਣ ਮੁਲਤਵੀ ਕਰ ਦਿਤੀ ਜਾਵੇ। ਕਾਂਗਰਸ ਨੇ ਚੋਣ ਕਮਿਸ਼ਨ ਨਾਲ ਮੁਲਾਕਾਤ ਕਰਕੇ ਮੰਗ ਵੀ ਕੀਤੀ ਸੀ ਕਿ ਧਾਂਧਲੀਆਂ ਕਾਰਨ ਨਿਰਪੱਖ ਚੋਣ ਨਹੀਂ ਹੋ ਰਹੀਹੈ ਅਤੇ ਇਸ ਲਈ ਢੁਕਵੇਂ ਪ੍ਰਬੰਧ ਕਰਕੇ ਚੋਣ ਕਰਵਾਈ ਜਾਵੇ। ਸ਼੍ਰੋਮਣੀ ਅਕਾਲੀ ਦਲ ਵੀ ਲਗਾਤਾਰ ਧਾਂਦਲੀਆਂ ਹੋਣ ਦਾ ਦੋਸ਼ ਲਾ ਰਿਹਾ ਸੀ ਅਤੇ ਚੋਣ ਮੁਲਤਵੀ ਕਰਨ ਦੀ ਮੰਗ ਕਰ ਰਿਹਾ ਸੀ। ਭਾਜਪਾ ਦਾ ਹਾਲਾਂ ਕਿ ਪਿੰਡਾਂ ਵਿਚ ਬਹੁਤਾ ਅਧਾਰ ਨਹੀਂ ਹੈ ਪਰ ਧੱਕੇਸ਼ਾਹੀ ਦਾ ਦੋਸ਼ ਭਾਜਪਾ ਵੀ ਲਾ ਰਹੀ ਸੀ। ਹੁਣ ਜਦੋਂ ਭਲਕੇ ਸਾਰਾ ਪੰਜਾਬ ਵੋਟਾਂ ਪੇਂਡੂ ਖੇਤਰਾਂ ਵਿਚ ਪਾ ਰਿਹਾ ਹੈ ਤਾਂ ਵਿਰੋਧੀ ਧਿਰ ਆਪਣੇ ਹਮਾਇਤੀਆਂ ਨੂੰ ਕੀ ਕਹੇਗੀ? ਹੁਣ ਵਿਰੋਧੀ ਧਿਰ ਦੇ ਦੋਸ਼ਾਂ ਦਾ ਕੀ ਬਣੇਗਾ? ਇਹ ਹੀ ਦੇਸ਼ ਪੱਧਰ ਤੇ ਵਿਰੋਧੀ ਧਿਰਾਂ ਦੀ ਹਾਲਤ ਬਣੀ ਹੋਈ ਹੈ।
ਇਸ ਸਾਰੇ ਕਾਸੇ ਦੇ ਚਲਦਿਆਂ ਪਿੰਡਾਂ ਅੰਦਰ ਵਿਆਹ ਵਰਗਾ ਮਹੌਲ ਬਣਿਆ ਹੋਇਆ ਹੈ। ਸਰਪੰਚੀ ਦੇ ਉਮੀਦਵਾਰਾਂ ਨੇ ਹਲਵਾਈ ਸੱਦ ਕੇ ਕੜਾਹੀਆਂ ਚਾੜੀਆਂ ਹੋਈਆਂ ਹਨ। ਹਲਵਾਈ ਉਮੀਦਵਾਰਾਂ ਦੇ ਹਮਾਇਤੀਆਂ ਨੂੰ ਕਈ ਦਿਨ ਤੋਂ ਲੱਡੂ ਜਲੇਬੀਆਂ ਖੁਆ ਰਹੇ ਹਨ। ਕਈ ਸ਼ਾਮ ਨੂੰ ਆਪਣੇ ਹਮਾਇਤੀਆਂ ਦਾ ਮੂੰਹ ਕੌੜਾ ਵੀ ਕਰਵਾਉੰਦੇ ਹਨ ਅਤੇ ਲੰਗਰ ਪਾਣੀ ਦੀ ਸੇਵਾ ਵੀ ਕਰਦੇ ਹਨ। ਭਲਕੇ ਸ਼ਾਮ ਨੂੰ ਹੀ ਨਤੀਜੇ ਆਉਣੇ ਹਨ ਅਤੇ ਪੱਕੀ ਜਿੱਤ ਦੀ ਆਸ ਵਾਲਿਆਂ ਨੇ ਤਾਂ ਢੋਲ ਵਾਲੇ ਵੀ ਪਹਿਲਾਂ ਹੀ ਪੱਕੇ ਕਰ ਲਏ ਹਨ। ਤਿੰਨ ਹਜਾਰ ਤੋਂ ਵਧੇਰੇ ਪਿੰਡ ਤਾਂ ਪਹਿਲਾਂ ਹੀ ਸਰਬਸੰਮਤੀਆਂ ਕਰ ਬੈਠੇ ਹਨ। ਬਾਕੀ ਪਿੰਡਾਂ ਵਿਚ ਭਲਕੇ ਵੱਜਣਗੇ ਜੇਤੂਆਂ ਦੇ ਢੋਲ।
ਸੰਪਰਕ: 9814002186