ਪੰਜਾਬ… ਚੜਦੇ ਤੋਂ ਲਹਿੰਦੇ ਵੱਲ!

Global Team
5 Min Read

ਨਵਦੀਪ ਸਿੰਘ;

ਪੰਜਾਬ …. ਇੱਕ ਸੂਬੇ ਨਾਲੋਂ ਵੱਧ ਇਹ ਇੱਕ ਭਾਵ ਜਾਪਦਾ ਹੈ , ਜਿਸਨੂੰ ਕੇ ਇਸ ਸੂਬੇ ਦਾ ਹਰ ਇੱਕ ਵਸਨੀਕ ਆਪਣੇ ਚਿੱਤ ਵਿੱਚ ਸੰਜੋ ਕੇ ਜਿਉਂਦਾ ਹੈ ‘ਤੇ ਆਪਣੇ ਆਪ ਨੂੰ ਚੜਦੀ ਕਲਾ ਵਿੱਚ ਮਹਿਸੂਸ ਕਰਦਾ ਹੈ। ਭਾਵੇਂ ਇਨਸਾਨ ਕਿਸੀ ਵੀ ਧਰਮ ਦਾ ਹੋਵੇ ਕਿਸੇ ਵੀ ਜਾਤ ਦਾ ਹੋਵੇ, ਕਿਸੀ ਵੀ ਸੂਬੇ ਦਾ ਹੋਵੇ , ਕਿਸੇ ਵੀ ਭਾਸ਼ਾ ਦਾ ਹੋਵੇ , ਕਿਸੇ ਵੀ ਰੰਗ ਦਾ ਹੋਵੇ, ਉਹ ਜਿਦਾਂ ਹੀ ਪੰਜਾਬ ਦੀ ਧਰਤੀ ਤੇ ਆਂਦਾ ਹੈ , ਆਪਣੇ ਆਪ ਨੂੰ ਪੰਜਾਬ ਨਾਲ ਜੋੜ ਕੇ ਦੇਖਦਾ ਹੈ ਤਾਂ ਉਹ ਆਪਣੇ ਅੰਦਰ ਇੱਕ ਨਵੀਂ ਊਰਜਾ ਨੂੰ ਮਹਿਸੂਸ ਕਰਦਾ ਹੈ। ਪੰਜਾਬੀਆਂ ਦੀ ਖ਼ਾਸੀਅਤ ਹੈ, ਭਾਵੇਂ ਜਿੰਨੀਆਂ ਮਰਜ਼ੀ ਮੁਸੀਬਤਾਂ ਹੋਣ , ਇਹ ਪ੍ਰਮਾਤਮਾ ਦਾ ਭਾਣਾ ਮੰਨਕੇ ਚਾਈਂ ਚਾਈਂ ਰੋਜ਼ਾਨਾ ਦੀ ਜੱਦੋ ਜਹਿਦ ਵਿੱਚ ਲੱਗ ਜਾਂਦੇ ਨੇ।

ਜਿੱਥੇ ਕਿਸੇ ਗ਼ੈਰ ਪੰਜਾਬੀ ਨੂੰ ਮੱਕੀ ਦੀ ਰੋਟੀ , ਸਰੋਂ ਦਾ ਸਾਗ ਤੇ ਗੁੜ ਸ਼ਕਰ ਖਾਣ ਦਾ ਚਾਅ ਹੁੰਦਾ ਓਥੇ ਹੀ ਗਿੱਧਾ ਭੰਗੜਾ ਉਸਦੇ ਸ਼ਰੀਰ ਵਿੱਚ ਨਵੀਂ ਜਾਨ ਪਾ ਦਿੰਦੇ ਨੇ। ਦਰਬਾਰ ਸਾਹਿਬ , ਸ੍ਰੀ ਹਰਮਿੰਦਰ ਸਾਹਿਬ ਜਾ ਕੇ ਹਰ ਇੱਕ ਇਨਸਾਨ ਮਨ ਦੀ ਸ਼ਾਂਤੀ ਲੋਚਦਾ ਹੈ ਅਤੇ ਸਕੂਨ ਵਿੱਚ ਰਹਿੰਦਾ ਹੈ।

ਇਹ ਸਭ ਸੋਚਦਿਆਂ ਸੋਚਦਿਆਂ ਮੈਂ ਉਸ ਨੀਂਦ ਤੋਂ ਜਾਗਿਆ ਜੋ ਪਤਾ ਨਹੀਂ ਮੇਰੇ ਵਰਗੇ ਕਿੰਨੇ ਹੀ ਲੋਗ ਜਾਗਦਿਆਂ ਅੱਖਾਂ ਨਾਲ ਸੌਂ ਰਹੇ ਨੇ। ਪੰਜਾਬ, ਚੜਦੇ ਤੋਂ ਲਹਿੰਦੇ ਵੱਲ ਕੋਈ ਭੂਗੋਲਿਕ ਸੰਧਰਭ ਚ ਨਹੀਂ ਸਗੋਂ ਇਖਲਾਕੀ ਤੌਰ ਤੇ ਲਿਆ ਗਿਆ ਹੈ। ਇਹ ਨਿਰਾਸ਼ਾਵਾਦੀ ਤਾਂ ਲੱਗ ਸਕਦਾ ਹੈ , ਪਾਰ ਉਸ ਆਸ਼ਾਵਾਦੀ ਸੋਚ ਦਾ ਕੋਈ ਫਾਇਦਾ ਨਹੀਂ , ਜੋ ਕੁਝ ਗ਼ਲਤ ਹੁੰਦਿਆਂ ਦੇਖ ਕੇ ਉਸਨੂੰ ਮੰਨਿਆ ਹੀ ਨਾਂ ਜਾਵੇ। ਸਮਾਜ ਅਸੀਂ ਲੋਕ ਹੀ ਬਣਾਉਂਦੇ ਹਾਂ, ‘ਤੇ ਜੇ ਕਰ ਅਸੀਂ ਲੋਕ ਗ਼ਲਤ ਹੁੰਦਿਆਂ ਵੇਖ ਕੇ ਨਹੀਂ ਬੋਲਾਂਗੇ ਤਾਂ ਅਸੀਂ ਆਣ ਵਾਲੀਆਂ ਸਾਡੀਆਂ ਨਸਲਾਂ ਨੂੰ ਕਿਵੇਂ ਦਾ ਸਮਾਜ ਦੇ ਕੇ ਜਾਵਾਂਗੇ।

ਭਾਵੇਂ ਚਾਅ ਵਿੱਚ ਜਾਂ ਮਜ਼ਬੂਰੀ ਵਿੱਚ ਘਰ ਛੱਡ ਕੇ ਪਰਦੇਸ ਨੂੰ ਜਾਣਾ ਕੋਈ ਸੌਖਾ ਨਹੀਂ। ਬੁੱਢੇ ਵਾਰੇ ਜਦ ਇੱਕ ਮਾਂ ਬਾਪ ਆਪਣੀ ਔਲਾਦ ਨੂੰ ਲੋਚਦੀ ਹੈ , ਉਸਦੀ ਇੱਕ ਦੀਦ ਭਾਲਦੀ ਹੈ , ਉਸ ਵੇਲੇ ਔਲਾਦ ਡਾਲਰ ਕਮਾਉਣ ਵਾਲੇ ਕੋਹਲੂ ਵਿੱਚ ਪੀੜੀ ਜਾ ਰਹੀ ਹੁੰਦੀ ਹੈ। ਕੁਵੇਲੇ ਜੇ ਫੋਨ ਵੱਜ ਜਾਵੇ ਤੇ ਫੋਨ ਨਾਲੋਂ ਦਿਲ ਦੀ ਆਵਾਜ਼ ਤੇਜ਼ ਹੋ ਜਾਂਦੀ ਹੈ ਤੇ ਬੰਦਾ ਅਰਦਾਸ ਕਰਦਾ ਕੇ ਪ੍ਰਮਾਤਮਾ, ਮਗਰ ਸਭ ਠੀਕ ਹੋਵੇ। ਜਿਹਨਾਂ ਲਈ ਬੰਦਾ ਕਮਾਉਂਦਾ ਹੈ , ਜਦ ਲੋੜ ਪੈਂਦੀ ਹੈ ਓਦੋਂ ਉਨਾਂ ਕੋਲ ਨਹੀਂ ਹੁੰਦਾ। ਇਹ ਦੁਖਾਂਤ ਪੰਜਾਬ ਦੇ ਕਈ ਘਰ ਭੋਗ ਚੁੱਕੇ ਨੇ ਜਾਂ ਭੋਗ ਰਹੇ ਨੇ।

ਪੰਜਾਬ ਦਾ ਇਤਿਹਾਸ ਭਾਵੇਂ ਬਹੁਤ ਪੁਰਾਣਾ ਨਹੀਂ ਪਰ ਜੋ ਕੁੱਛ ਪੰਜਾਬ ਦੀ ਧਰਤੀ ਨੇ ਦੇਖਿਆ ਹੈ , ਬਹੁਤ ਵਿਸ਼ਾਲ ਹੈ। ਪੰਜਾਬ ਵਿੱਚ ਜਿੱਥੇ ਸੂਰਵੀਰ ਯੋਧੇ ਹੋਏ ਨੇ ਓਥੇ ਕਿੰਨੇ ਹੀ ਕਵੀਸ਼ਰ , ਤੱਤਗਿਯਾਨੀ ਅਤੇ ਹੋਰ ਹੋਏ ਹਨ , ਹੁਣ ਦੇ ਯੁਗ ਵਿੱਚ ਕਿੰਨੇ ਹੀ ਜੱਜ , ਡਾਕਟਰ, IAS , IPS , PCS , ਅਧਿਆਪਕ , ਹੋਰ ਵੱਡੇ ਵੱਡੇ ਸਰਕਾਰੀ ਅਹੁਦਿਆਂ ਤੇ ਪੰਜਾਬੀ ਹਨ। ਪਰ ਹੋਰ ਕਿੰਨਾ ਚਿਰ ? ਅੱਜ ਕਲ ਤੁਹਾਨੂੰ ਅਕਸਰ ਸੁਨਣ ਚ ਮਿਲੇਗਾ ਕਿ ਮੁੰਡੇ ਬੁਲੇਟ ਦੇ ਪਟਾਕੇ ਮਾਰਦੇ ਫੜੇ ਗਏ , ਨਸ਼ੇ ਨਾਲ ਫੜੇ ਗਏ। ਚੰਗੇ ਪਾਸੇ ਜਾਣ ਵਾਲੀਆਂ ਖ਼ਬਰਾਂ ਪਤਾ ਨਹੀਂ ਕਿੰਨਾ ਚਿਰ ਪਹਿਲੇ ਸੁਣੀਆਂ ਹੋਣੀਆਂ।

ਕੁਝ ਸਮਾਂ ਪਹਿਲੇ ਇੱਕ ਵਿਆਹ ਤੇ ਜਾਣ ਦਾ ਸਬੱਬ ਬਣਿਆ ਤੇ ਪਰਿਵਾਰ ਵੀ ਚੰਗਾ ਰਸੂਖ ਵਾਲਾ ਸੀ। ਭੋਜਨ ਵਰਤਾਣ ਵਾਲਿਆਂ ਵਿੱਚ ਇੱਕ ਯੂਨੀਵਰਸਿਟੀ ਦੇ ਬੱਚਾ ਵੀ ਸੀ ਜੋ ਕੇ ਆਪਣੀ ਟ੍ਰੇਨਿੰਗ ਦੇ ਲਈ ਓਥੇ ਭੋਜਨ ਵਰਤਾ ਰਿਹਾ ਸੀ। ਰੰਗ ਰੂਪ ਸਭ ਪ੍ਰਮਾਤਮਾ ਦੇ ਦਿੱਤੇ ਹੁੰਦੇ ਨੇ। ਵਿਆਹ ਤੇ ਆਏ ਹੋਰ ਸੱਜਣ ਇਹਨਾਂ ਬੱਚਿਆਂ ਨਾਲ ਤਸਵੀਰਾਂ ਲੈਣ ਲੱਗ ਗਏ ਤੇ ਬੱਚਿਆਂ ਦੇ ਨਾਲ ਦੇ ਮੁੰਡਿਆਂ ਨੂੰ ਫੋਟੋ ਖਿੱਚਣ ਲਈ ਫੋਨ ਫੜਾ ਦਿੱਤਾ। ਪਰ ਬੱਚਿਆਂ ਦੇ ਚੇਹਰੇ ਤੇ ਪਰੇਸ਼ਾਨੀ ਦਾ ਭਾਵ ਸਾਫ ਝਲਕ ਰਿਹਾ ਸੀ। ਫੋਟੋ ਸਿਰਫ ਕੁੜੀਆਂ ਨਾਲ , ਮੁੰਡਿਆਂ ਨੂੰ ਨੇੜੇ ਵੀ ਨਹੀਂ ਲਗਾਇਆ। ਏਨੀ ਏਨੀ ਉਮਰ ਵਾਲੇ ਇਨਸਾਨ , ਸ਼ਾਇਦ ਉਨਾਂ ਦੇ ਪਿਓ ਬਰਾਬਰ ਹੋਣ, ਪਰ ਫੋਟੋ ਕਰਨੀ ਆ ਕੁੜੀ ਨਾਲ। ਸਾਡੀਆਂ ਕੁੜੀਆਂ ਵੀ ਬਗਾਨੇ ਮੁਲਕ ‘ਚ ਕੰਮ ਕਰਦੀਆਂ ਨੇ , ਸੋਚੋ ਜੇ ਕਦੀ ਓਹਨਾ ਨਾਲ ਅਜਿਹਾ ਹੋਵੇ ? ਓਹਨਾ ਕੁੜੀਆਂ ਦਾ ਰੰਗ ਤੇ ਕਾਲਾ ਸੀ ਪਰ ਮੈਨੂੰ ਲੱਗਦਾ ਓਹਨਾ ਬੰਦਿਆਂ ਦਾ ਜ਼ਮੀਰ ਹੀ ਕਾਲੀ ਸੀ। ਸ਼ਗਨਾਂ ਵਾਲਾ ਮਾਹੌਲ ਖ਼ਰਾਬ ਨਾ ਹੋਵੇ , ਇਸੇ ਲਈ ਜ਼ਿਆਦਾ ਬਹਿਸ ਨਹੀਂ ਕੀਤੀ।

ਕੁਝ ਸਮੇਂ ਤੋਂ ਇਹੀ ਵਿਚਾਰ ਰਹਿ ਰਹਿ ਕੇ ਦਿਲ ਚ ਆਂਦੇ ਨੇ ਕੇ, ਅਸੀਂ ਜੇ ਆਪਣੇ ਇਤਿਹਾਸ ‘ਚ ਝਾਤ ਮਾਰੀਏ ਤੇ ਅਸੀਂ ਕੀ ਸੀ , ‘ਤੇ ਅੱਜ ਕਿੱਥੇ ਖੜੇ ਹਾਂ। ਪਤਾ ਨਹੀਂ ਕਦੋਂ ਸਮਾਜ ਵਿੱਚ ਸੁਧਾਰ ਆਏਗਾ , ਜਾਂ ਉਹ ਕਿਹੜੀ ਸੁਖਾਵੀਂ ਘੜੀ ਆਵੇਗੀ , ਇੱਕੋ ਅਰਦਾਸ ਹੈ ਕਿ ਪ੍ਰਮਾਤਮਾ ਪੰਜਾਬ ਨੂੰ ਚੜਦੀ ਕਲਾ ‘ਚ ਰੱਖੇ !

Share This Article
Leave a Comment