ਨਵੀਂ ਦਿੱਲੀ/ਬਠਿੰਡਾ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ ਵਲੋਂ ਬਠਿੰਡਾ ਅਦਾਲਤ ਵਿੱਚ ਅਰਵਿੰਦ ਕੇਜਰੀਵਾਲ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕੀਤਾ ਗਿਆ ਹੈ।
ਜੈਜੀਤ ਸਿੰਘ ਜੌਹਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਸਿਆਸੀ ਬਿਆਨਬਾਜ਼ੀ ਕਰਕੇ ਇੱਕ ਸਟੰਟ ਖੇਡ ਰਹੇ ਹਨ। ਉਨ੍ਹਾਂ ਨੇ ਬਠਿੰਡਾ ਵਿੱਚ ਵਪਾਰੀਆਂ ਨੂੰ ਸੰਬੋਧਨ ਕਰਦਿਆਂ ਟੈਕਸ ਬਾਰੇ ਜਿਹੜੀ ਗੱਲ ਕਹੀ ਸੀ, ਉਸਨੂੰ ਸਾਬਤ ਕਰ ਕੇ ਦਿਖਾਉਣ, ਕਿਉਂਕਿ ਅਰਵਿੰਦ ਕੇਜਰੀਵਾਲ ਪਹਿਲਾਂ ਵੀ ਕਈ ਆਗੂਆਂ ‘ਤੇ ਦੋਸ਼ ਲਗਾ ਕੇ ਮੁਆਫ਼ੀ ਮੰਗ ਚੁੱਕੇ ਹਨ।
ਜੈਜੀਤ ਜੌਹਲ ਦੀ ਤਰਫੋਂ ਆਈ.ਪੀ.ਸੀ. 499, 500 ਤਹਿਤ ਬਠਿੰਡਾ ਦੀ ਅਦਾਲਤ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ।
ਦੱਸਣਯੋਗ ਹੈ ਕਿ 29 ਅਕਤੂਬਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਬਠਿੰਡਾ ਵਿੱਚ ਵਪਾਰੀਆਂ ਦੇ ਨਾਲ ਮੀਟਿੰਗ ਸੀ। ਇਸ ਮੀਟਿੰਗ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ‘ਤੇ ਤੰਜ ਕਸਦਿਆਂ ਕਿਹਾ ਸੀ ਕਿ ਬਠਿੰਡਾ ਦੇ ਵਪਾਰੀਆਂ ‘ਤੇ ਇਕ ਜੋਜੋ ਨਾਮ ਦਾ ਟੈਕਸ ਲੱਗਦਾ ਹੈ, ਜਿਸ ਦਾ ਮਤਲਬ ਸਿੱਧੇ ਤੌਰ ‘ਤੇ ਕਿਹਾ ਗਿਆ ਸੀ ਕਿ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਵਪਾਰੀਆਂ ਤੋਂ ਉਗਰਾਹੀ ਕਰਦੇ ਹਨ। ਹੁਣ ਜੈਜੀਤ ਨੇ ਕੇਜਰੀਵਾਲ ਨੂੰ ਆਪਣੇ ਦੋਸ਼ ਸਾਬਿਤ ਕਰਨ ਦੀ ਚੁਣੌਤੀ ਦਿੱਤੀ ਹੈ।