Punjab MC Elections Result: ‘ਆਪ’ ਦਾ ਹੂੰਝਾਫੇਰ ਪ੍ਰਦਰਸ਼ਨ, ਵੱਡੀ ਜਿੱਤ ਤੋਂ ਬਾਅਦ CM ਮਾਨ ਮੀਡੀਆ ਨਾਲ ਹੋਏ ਰੂ-ਬ-ਰੂ

Global Team
4 Min Read

ਚੰਡੀਗੜ੍ਹ: ਪੰਜਾਬ ਦੀਆਂ ਨਗਰ ਨਿਗਮ ਚੋਣਾਂ ਦੀ ਤਸਵੀਰ ਨੇ ਰਾਜ ਦੇ ਰਾਜਨੀਤਿਕ ਦ੍ਰਿਸ਼ ਨੂੰ ਸਪੱਸ਼ਟ ਕੀਤਾ ਹੈ। ਆਮ ਆਦਮੀ ਪਾਰਟੀ ਨੂੰ ਇੱਕ ਵਾਰ ਫਿਰ ਨਗਰ ਨਿਗਮ, ਨਗਰ ਕੌਂਸਲ ਤੇ ਨਗਰ ਪੰਚਾਇਤ ਚੋਣਾਂ ‘ਚ ਭਾਰੀ ਸਮਰਥਨ ਮਿਲ ਰਿਹਾ ਹੈ। ਪੰਜਾਬ ਦੇ ਲੋਕਾਂ ਨੇ ਇੱਕ ਵਾਰ ਫਿਰ ਮੁੱਖ ਮੰਤਰੀ ਭਗਵੰਤ ਮਾਨ ਤੇ ਉਨ੍ਹਾਂ ਦੀ ਸਰਕਾਰ ਦੀਆਂ ਨੀਤੀਆਂ ‘ਚ ਆਪਣਾ ਵਿਸ਼ਵਾਸ ਜਤਾਇਆ ਹੈ। ਇਹ ਚੋਣਾਂ ਸਿਰਫ਼ ਨਿਗਮ ਲਈ ਚੋਣਾਂ ਨਹੀਂ ਹਨ, ਸਗੋਂ ਇਸ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕ “ਸੈਮੀਫਾਈਨਲ” ਦੇਖਿਆ ਜਾ ਰਿਹਾ ਹੈ।

ਇਸ ਵੱਡੀ ਜਿੱਤ ਤੋਂ ਬਾਅਦ ਸੀਐਮ ਭਗਵੰਤ ਮਾਨ ਮੀਡੀਆ ਨਾਲ ਰੂ-ਬ-ਰੂ ਹੋਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ 90 ਫੀਸਦੀ ਜਿੱਤ ਆਪ ਦੀ ਹੀ ਹੋਈ ਹੈ। ਮਾਨ ਨੇ ਕਿਹਾ ਕਿ ਲੋਕਾਂ ਨੇ ਇੱਕ ਵਾਰ ਮੁੜ ਦੱਸ ਦਿੱਤਾ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਵਿਕਾਸ ਕਾਰਜਾਂ ਤੋਂ ਪੂਰੀ ਤਰ੍ਹਾਂ ਨਾਲ ਸੰਤੁਸ਼ਟ ਹਨ। ਨਾਲ ਹੀ ਉਨ੍ਹਾਂ ਨੇ ਵਿਰੋਧੀ ਪਾਰਟੀਆਂ ਨੂੰ ਵੀ ਨਿਸ਼ਾਨੇ ‘ਤੇ ਲਿਆ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਵਾਰ ਇਹ ਚੋਣਾਂ ਪੂਰੇ ਅਮਨ-ਓ-ਅਮਾਨ ਨਾਲ ਨੇਪਰੇ ਚੜ੍ਹੀਆਂ ਹਨ। ਉਨ੍ਹਾਂ ਕਿਹਾ ਕਿ ਵਿਰੋਧੀਆਂ ਦੀਆਂ ਜਮਾਨਤਾਂ ਜਬਤ ਹੋ ਗਈਆਂ ਹਨ। ਉਨ੍ਹਾਂ ਕਿਹਾ ਕਾਉਂਟਿੰਗ ਸੈਂਟਰਾਂ ਵਿੱਚ ਸਾਰੀਆਂ ਪਾਰਟੀਆਂ ਦੇ ਏਜੰਟ ਬੈਠੇ ਹੋਏ ਹਨ, ਹੁਣ ਤਾਂ ਇਹ ਇਲਜਾਮ ਵੀ ਨਹੀਂ ਲਗਾ ਸਕਦੇ ਕਿ ਆਪ ਨੇ ਕੋਈ ਧਾਂਦਲੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਤਾਂ ਪੁਰਾਣਾ ਰਾਗ ਹੈ, ਜਿੱਥੇ ਜਿੱਤ ਗਏ, ਉੱਥੇ ਸਹੀ ਵੋਟਿੰਗ ਹੋਈ ਪਰ ਜਿੱਥੇ ਹਾਰ ਗਏ, ਉੱਥੇ ਹੇਰਾਫੇਰੀ ਦਾ ਦੋਸ਼ ਲਗਾ ਦਿੰਦੇ ਹਨ।

ਸੀਐਮ ਮਾਨ ਨੇ ਕਿਹਾ ਕਿ ਕਾਂਗਰਸ, ਬੀਜੇਪੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਮਿਲੀਆਂ ਸਾਰੀਆਂ ਸੀਟਾਂ ਨੂੰ ਵੀ ਮਿਲਾ ਦੇਈਏ ਤਾਂ ਵੀ ਆਮ ਆਦਮੀ ਪਾਰਟੀ ਦੇ ਨੇੜੇ ਤੇੜੇ ਵੀ ਨਹੀਂ ਪਹੁੰਚਦੀਆਂ। ਖ਼ਬਰ ਲਿੱਖੇ ਜਾਣ ਤੱਕ ਆਪ ਨੇ 1,977 ਵਾਰਡਾਂ ਦੀਆਂ ਚੋਣਾਂ ਵਿੱਚ ‘ਆਪ’ ਨੇ 900 ਤੋਂ ਵੱਧ ਸੀਟਾਂ ਜਿੱਤ ਲਈਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਬੀਜੇਪੀ ਪ੍ਰਧਾਨ ਦੇ ਆਪਣੇ ਇਲਾਕਿਆਂ ਵਿੱਚ ਹੀ ਉਨ੍ਹਾਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਬੀਜੇਪੀ ਪ੍ਰਧਾਨ ਕੇਵਲ ਢਿੱਲੋਂ ਬਰਨਾਲਾ ਤੋਂ ਹਨ, ਪਰ ਉੱਥੇ 50 ਚੋਂ 37 ਆਪ ਨੂੰ, ਜਦੋਂਕਿ ਬੀਜੇਪੀ ਨੂੰ 5-6 ਸੀਟਾਂ ਮਿਲੀਆਂ ਹਨ। ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਇਲਾਕੇ ਗਿੱਦੜਬਾਹਾ ਵਿੱਚ ਵੀ ਆਪ ਨੂੰ 19 ਚੋਂ 17 ਸੀਟਾਂ ਮਿਲੀਆਂ ਹਨ। ਜਦਕਿ ਉਨ੍ਹਾਂ ਦੇ ਇਲਾਕੇ ਧੁਰੀ ਚੋਂ ਆਪ ਨੂੰ 21 ਚੋਂ 19 ਸੀਟਾਂ ਮਿਲੀਆਂ ਹਨ। ਇੱਕ ਬਲ੍ਹਦ ਵਾਲੇ ਰੇਹੜੇ ਤੇ ਵੋਟਾਂ ਪਾਉਣ ਵਾਲੇ ਦਿਨ ਚਲੇ ਗਏ। ਇਹ ਡਰਾਮੇ ਹੁਣ ਨਹੀਂ ਚੱਲਣੇ।

ਪੰਜਾਬੀ ਧੱਕੇ ਨਾਲ ਜਾਂ ਬਾਹ ਮਰੋੜਣ ਨਾਲ ਵੱਸ ਵਿੱਚ ਨਹੀਂ ਆਉਂਦੇ ਹਨ। ਜੇ ਤੁਸੀਂ ਉਨ੍ਹਾਂ ਨਾਲ ਧੱਕਾ ਕਰੋਗੇ ਤਾਂ ਉਸ ਵੇਲ੍ਹੇ ਤਾਂ ਉਹ ਕਿਸੇ ਨੂੰ ਜਤਾਉਂਦੇ ਨਹੀਂ, ਪਰ ਇਸਦਾ ਜਵਾਬ ਉਹ ਚੋਣਾਂ ਵਿੱਚ ਦਿੰਦੇ ਹਨ। ਪਿਆਰ ਨਾਲ ਕੰਮ ਲਵੋਗੇ ਤਾਂ ਉਨ੍ਹਾਂ ਤੋਂ ਕੁਝ ਲੈ ਵੀ ਸਕਦੇ ਹਨ ਜੇ ਧੱਕਾ ਕਰੋਗੇ ਤਾਂ ਉਹ ਡਬਲ ਤਰੀਕੇ ਨਾਲ ਬਾਉਂਸ ਬੈਕ ਕਰਨਗੇ। ਪੰਜਾਬ ਦੀ ਜਨਤਾ ਨੇ ਜਵਾਬ ਦੇ ਦਿੱਤਾ ਹੈ ਕਿ ਸੂਬੇ ਵਿੱਚ ਕਿਹੜੀ ਪਾਰਟੀ ਉਨ੍ਹਾਂ ਦੇ ਹਿੱਤਾਂ ਦੀ ਰਾਖੀ ਕਰ ਸਕਦੀ ਹੈ।

Share This Article
Leave a Comment