ਪਟਿਆਲਾ: ਪੰਜਾਬ ਵਿਚ ਗੰਭੀਰ ਬਿਜਲੀ ਸੰਕਟ ਪੈਦਾ ਹੋਣ ਦੇ ਹਾਲਾਤ ਪੈਦਾ ਹੋ ਗਏ ਹਨ। ਸੂਬੇ ਵਿੱਚ ਕਿਸਾਨਾਂ ਦੇ ਰੇਲ ਰੋਕੋ ਅੰਦੋਲਨ ਕਾਰਨ ਪਾਵਰ ਪਲਾਂਟਾਂ ਲਈ ਮੁਸ਼ਕਿਲਾਂ ਖੜ੍ਹੀਆਂ ਹੋ ਗਈਆਂ ਹਨ। ਮਾਲ ਗੱਡੀਆਂ ਦੇ ਪੰਜਾਬ ਵਿੱਚ ਨਾ ਆਉਣ ਕਾਰਨ ਕੋਲੇ ਦੀ ਸਪਲਾਈ ਨਹੀਂ ਹੋ ਸਕੀ। ਇਸ ਨਾਲ ਸੂਬੇ ਵਿਚ ਪ੍ਰਾਈਵੇਟ ਥਰਮਲ ਪਾਵਰ ਪਲਾਂਟ ਕੋਲੇ ਦੀ ਕਮੀ ਕਾਰਨ ਗੰਭੀਰ ਹਾਲਾਤ ‘ਚ ਫਸ ਗਏ ਹਨ। ਅਜਿਹੇ ਵਿੱਚ ਅੱਜ ਤੋਂ ਪਲਾਂਟਾਂ ਵਿਚ ਬਿਜਲੀ ਉਤਪਾਦਨ ਠੱਪ ਹੋ ਸਕਦਾ ਹੈ।
ਮਾਨਸਾ ਦੇ ਤਲਵੰਡੀ ਸਾਬੋ ਵਿੱਚ 1980 ਮੇਗਾਵਾਟ ਦੇ ਥਰਮਲ ਪਾਵਰ ਪਲਾਂਟ ਦੇ ਕੋਲ ਸਿਰਫ਼ 4128 ਮਿਟ੍ਰਿਕ ਟਨ ਕੋਲਾ ਹੀ ਬਚਿਆ ਹੈ। ਰਾਤ ਨੂੰ ਕੋਲੇ ਦਾ ਇਹ ਸਟਾਕ ਵੀ ਖਤਮ ਹੋ ਜਾਵੇਗਾ ਪਲਾਂਟ ਵਿਚ ਬੁੱਧਵਾਰ ਤੋਂ ਬਿਜਲੀ ਉਤਪਾਦਨ ਬੰਦ ਹੋ ਜਾਵੇਗਾ। ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਦੇ 26 ਦਿਨਾਂ ਤੋਂ ਚੱਲ ਰਹੇ ਰੇਲ ਰੋਕੋ ਅੰਦੋਲਨ ਕਾਰਨ ਮਾਲ ਗੱਡੀਆਂ ਬੰਦ ਹੋਣ ਨਾਲ ਕੋਲੇ ਦੀ ਸਪਲਾਈ ਨਹੀਂ ਹੋ ਸਕੀ ਹੈ। ਕਿਸਾਨ ਅੰਦੋਲਨ ਕਾਰਨ ਪਲਾਂਟ ਦੇ ਦੋ ਯੂਨਿਟ ਪਹਿਲਾਂ ਹੀ ਬੰਦ ਕਰ ਦਿੱਤੇ ਗਏ ਸਨ ਸਿਰਫ ਇਕ ਹੀ ਯੂਨਿਟ ਵਿੱਚ ਬਿਜਲੀ ਉਤਪਾਦਨ ਜਾਰੀ ਸੀ।
ਪਟਿਆਲਾ ਦੇ ਰਾਜਪੁਰਾ ਥਰਮਲ ਪਲਾਂਟ ਦੇ ਕੋਲ ਵੀ 6643 ਮਿਟ੍ਰਿਕ ਟਨ ਕੋਲਾ ਬਚਿਆ ਹੈ ਜੋ ਕਦੇ ਵੀ ਖਤਮ ਹੋ ਸਕਦਾ ਹੈ ਇਸ ਪਲਾਂਟ ਵਿਚ ਵੀ ਬਿਜਲੀ ਉਤਪਾਦਨ ਬੰਦ ਹੋ ਜਾਵੇਗਾ। ਦਸਣਯੋਗ ਹੈ ਕਿ ਕੋਲੇ ਦੀ ਕਮੀ ਕਾਰਨ ਗੋਇੰਦਵਾਲ ਸਾਹਿਬ ਪਲਾਂਟ ਪਹਿਲਾਂ ਤੋਂ ਹੀ ਬੰਦ ਹੈ।
ਉੱਥੇ ਹੀ ਬਠਿੰਡਾ ਦੇ ਲਹਿਰਾ ਮੁਹੱਬਤ ਥਰਮਲ ਵਿੱਚ 59 ਹਜ਼ਾਰ 143 ਮਿਟ੍ਰਿਕ ਟਨ ਕੋਲਾ ਬਚਿਆ ਹੈ ਜੋ ਲੱਗਭਗ ਸਵਾ ਚਾਰ ਦਿਨ ਵਿਚ ਖ਼ਤਮ ਹੋ ਜਾਵੇਗਾ। ਪਾਵਰਕੌਮ ਦੇ ਕੋਲੇ ਦਾ ਇਹ ਸਟਾਕ ਇਸ ਲਈ ਬਚਿਆ ਹੈ ਕਿਉਂਕਿ ਸਟੇਟ ਸੈਕਟਰ ਦੇ ਇਨ੍ਹਾਂ ਥਰਮਲ ਪਲਾਂਟਾਂ ਵਿਚ ਬਿਜਲੀ ਉਤਪਾਦਨ ਇੱਕ ਹਫ਼ਤੇ ਤੋਂ ਨਹੀਂ ਕੀਤਾ ਗਿਆ ਹੈ।