ਪੰਜਾਬ ਦੇ ਮੌਸਮ ਬਾਰੇ ਵੱਡੀ ਖ਼ਬਰ! ਆਉਣ ਵਾਲੇ ਦਿਨਾਂ ‘ਚ ਭਾਰੀ ਬਾਰਿਸ਼ ਦੀ ਭਵਿੱਖਬਾਣੀ, ਪੜ੍ਹੋ ਪੂਰੀ ਅਪਡੇਟ

Global Team
3 Min Read

ਚੰਡੀਗੜ੍ਹ: ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਅੱਜ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਮੌਸਮ ਵਿਭਾਗ ਵੱਲੋਂ ਕਿਸੇ ਵੀ ਜ਼ਿਲ੍ਹੇ ਲਈ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ। ਚੰਡੀਗੜ੍ਹ ਵਿੱਚ ਵੀ ਦਿਨ ਭਰ ਬੱਦਲ ਛਾਏ ਰਹਿਣਗੇ ਅਤੇ ਇੱਕ-ਦੋ ਵਾਰ ਮੀਂਹ ਜਾਂ ਗਰਜ ਨਾਲ ਛਿੱਟੇ ਪੈ ਸਕਦੇ ਹਨ।

ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਸ਼ਨੀਵਾਰ ਦੇ ਮੁਕਾਬਲੇ 0.3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਆਮ ਦੇ ਨੇੜੇ ਰਿਹਾ। ਸਭ ਤੋਂ ਵੱਧ ਤਾਪਮਾਨ 36.6 ਡਿਗਰੀ ਸੈਲਸੀਅਸ ਬਠਿੰਡਾ ਵਿੱਚ ਦਰਜ ਕੀਤਾ ਗਿਆ।

ਇਨ੍ਹਾਂ ਜ਼ਿਲ੍ਹਿਆਂ ’ਚ ਮੀਂਹ ਦੀ ਸੰਭਾਵਨਾ

ਮੌਸਮ ਵਿਗਿਆਨ ਮੁਤਾਬਕ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਮੋਹਾਲੀ ਵਿੱਚ ਕੁਝ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।

ਇਸ ਤੋਂ ਇਲਾਵਾ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ, ਮਾਨਸਾ ਅਤੇ ਸੰਗਰੂਰ ਵਿੱਚ ਛਿੱਟੇ ਮੀਂਹ ਦੇ ਆਸਾਰ ਹਨ।

18 ਅਗਸਤ ਨੂੰ ਭਾਰੀ ਮੀਂਹ ਦੀ ਸੰਭਾਵਨਾ

ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਸੁਰਿੰਦਰ ਪਾਲ ਮੁਤਾਬਕ ਮਾਨਸੂਨ ਟਰਫ ਪੰਜਾਬ ਦੇ ਫਿਰੋਜ਼ਪੁਰ ਤੋਂ ਹੋ ਕੇ ਲੰਘ ਰਹੀ ਹੈ, ਜਦਕਿ ਪੱਛਮੀ ਵਿਘਨ ਵੀ ਸਰਗਰਮ ਹੈ। ਦੋਵੇਂ ਮੌਸਮੀ ਪ੍ਰਣਾਲੀਆਂ ਦਾ ਪ੍ਰਭਾਵ ਪੰਜਾਬ ਦੇ ਹਰ ਹਿੱਸੇ ਵਿੱਚ ਇੱਕੋ ਜਿਹਾ ਨਹੀਂ ਹੈ।

ਇਸ ਕਾਰਨ ਕੁਝ ਇਲਾਕਿਆਂ ਵਿੱਚ ਮੀਂਹ ਪੈ ਰਿਹਾ ਹੈ, ਜਦਕਿ ਕਈ ਥਾਵਾਂ ’ਤੇ ਬੱਦਲ ਛਾਉਣ ਤੋਂ ਬਾਅਦ ਮੌਸਮ ਸਾਫ਼ ਹੋ ਰਿਹਾ ਹੈ। 18 ਅਗਸਤ ਨੂੰ ਪੰਜਾਬ ਵਿੱਚ ਭਾਰੀ ਮੀਂਹ ਪੈਣ ਦਾ ਅਨੁਮਾਨ ਹੈ।

ਪੰਜਾਬ ’ਚ ਬਿਜਲੀ ਦੀ ਮੰਗ 14,307 ਮੈਗਾਵਾਟ

ਸ਼ਨੀਵਾਰ ਨੂੰ ਪੰਜਾਬ ਵਿੱਚ ਬਿਜਲੀ ਦੀ ਮੰਗ 14,307 ਮੈਗਾਵਾਟ ਰਹੀ। ਇਸ ਵਿੱਚੋਂ 9,590 ਮੈਗਾਵਾਟ ਬਿਜਲੀ ਕੇਂਦਰੀ ਪੂਲ ਤੋਂ ਲਈ ਗਈ, ਜਦਕਿ ਸੂਬੇ ਵਿੱਚ 4,722 ਮੈਗਾਵਾਟ ਬਿਜਲੀ ਦਾ ਉਤਪਾਦਨ ਹੋਇਆ।

ਸਰਕਾਰ ਦਾ ਦਾਅਵਾ ਹੈ ਕਿ ਸੂਬੇ ਵਿੱਚ ਬਿਜਲੀ ਦੀ ਕੋਈ ਕਮੀ ਨਹੀਂ ਹੈ ਅਤੇ ਸਪਲਾਈ ਨੂੰ ਬਰਕਰਾਰ ਰੱਖਣ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।

ਭਾਖੜਾ ਤੇ ਪੌਂਗ ਡੈਮ ਅਜੇ ਸੁਰੱਖਿਅਤ ਪੱਧਰ ’ਤੇ

BBMB ਦੇ ਅੰਕੜਿਆਂ ਮੁਤਾਬਕ 15 ਅਗਸਤ ਨੂੰ ਭਾਖੜਾ ਡੈਮ ਵਿੱਚ 46,990 ਕਿਊਸਿਕ ਪਾਣੀ ਦੀ ਆਮਦ ਹੋ ਰਹੀ ਸੀ ਅਤੇ 26,158 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ। ਪਾਣੀ ਦਾ ਪੱਧਰ 1,620.88 ਫੁੱਟ ਰਿਹਾ, ਜੋ 1,680 ਫੁੱਟ ਦੇ FRL ਤੋਂ ਲਗਭਗ 59 ਫੁੱਟ ਹੇਠਾਂ ਹੈ।

ਪੌਂਗ ਡੈਮ ਵਿੱਚ 29,119 ਕਿਊਸਿਕ ਪਾਣੀ ਦੀ ਆਮਦ ਦੇ ਮੁਕਾਬਲੇ 15,817 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ। ਇੱਥੇ ਪਾਣੀ ਦਾ ਪੱਧਰ 1,353.67 ਫੁੱਟ ਰਿਹਾ, ਜੋ 1,390 ਫੁੱਟ ਦੇ ਵੱਧ ਤੋਂ ਵੱਧ ਪੱਧਰ ਤੋਂ ਕਰੀਬ 36 ਫੁੱਟ ਹੇਠਾਂ ਹੈ। ਦੋਵੇਂ ਡੈਮਾਂ ਦਾ ਪਾਣੀ ਪੱਧਰ ਫਿਲਹਾਲ ਵੱਧ ਤੋਂ ਵੱਧ ਹੱਦ ਤੋਂ ਹੇਠਾਂ ਹੈ।

Share This Article
Leave a Comment