78 ਫ਼ੀਸਦੀ ਰਿਕਵਰੀ ਦਰ ਦੇ ਨਾਲ ਪੰਜਾਬ ਦੇਸ਼ ‘ਚ ਸਭ ਤੋ ਅੱਗੇ: ਸਿਹਤ ਮੰਤਰੀ

TeamGlobalPunjab
2 Min Read

ਚੰਡੀਗੜ੍ਹ: ਕੋਵਿਡ – 19 ਦੇ ਮਰੀਜ਼ਾਂ ਦੀ 78 ਫ਼ੀਸਦੀ ਰਿਕਵਰੀ ਦਰ ਦੇ ਨਾਲ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣ ਗਿਆ ਹੈ। ਮੰਗਲਵਾਰ ਨੂੰ ਜਾਰੀ ਪ੍ਰੈੱਸ ਬਿਆਨ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਕੋਰੋਨਾ ਨਾਲ ਲੜਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਅਪ੍ਰੈਲ ਵਿੱਚ 1,57,13,789 ਵਿਅਕਤੀਆਂ ਦੀ ਜਾਂਚ ਕੀਤੀ ਗਈ। ਇਨ੍ਹਾਂ ‘ਚੋਂ 9,593 ਵਿਅਕਤੀਆਂ ਵਿੱਚ ਕੋਰੋਨਾ ਦੇ ਲੱਛਣ ਪਾਏ ਗਏ ਸਨ ਜਿਨ੍ਹਾਂ ਨੂੰ ਅੱਗੇ ਜਾਂਚ ਲਈ ਰੈਫਰ ਕੀਤਾ ਗਿਆ।

ਉਨ੍ਹਾਂ ਨੇ ਕਿਹਾ ਕਿ ਸੂਬੇ ਵਿੱਚ ਹੁਣ ਤੱਕ ਕੋਵਿਡ-19 ਦੇ 1980 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ ਅਤੇ 52,955 ਵਿਅਕਤੀਆਂ ਦੀ ਜਾਂਚ ਕੀਤੀ ਗਈ ਹੈ, ਜਿਨ੍ਹਾਂ ‘ਚੋਂ 48,813 ਦੀ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਦੇ 1,980 ਮਰੀਜ਼ਾਂ ‘ਚੋਂ 1,557 ਮਰੀਜ਼ ਠੀਕ ਹੋ ਗਏ ਹਨ, ਜੋ ਦੇਸ਼ ਵਿੱਚ ਮਰੀਜ਼ਾਂ ਦੇ ਠੀਕ ਹੋਣ ਦੀ ਸਭ ਤੋਂ ਵੱਡੀ ਰਿਕਵਰੀ ਦਰ ਹੈ।

ਬਲਬੀਰ ਸਿੱਧੂ ਨੇ ਅੱਗੇ ਕਿਹਾ ਕਿ ਸੂਬੇ ਭਰ ਵਿੱਚ ‘ਰਿਸਕ ਸਟਰੇਟੀਫਾਇਡ ਰੈਂਡਮ ਸੈਂਪਲਿੰਗ’ ਦੀ ਜ਼ਰੂਰਤ ਹੈ ਅਤੇ ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਉੱਚ ਖਤਰੇ ਵਾਲੇ ਖੇਤਰਾਂ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਇਸ ਸਬੰਧੀ ਸਿਵਲ ਸਰਜਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਕੰਟੇਨਮੈਂਟ ਜ਼ੋਨ ਵਾਰੇ ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਨੇ ਸਿਰਫ ਕੰਟੇਨਮੈਂਟ ਜ਼ੋਨ ਦੀ ਪਰਿਭਾਸ਼ਾ ਦਿੱਤੀ ਹੈ ਅਤੇ ਹੁਣ ਕੋਈ ਰੈੱਡ, ਆਰੇਂਜ ਜਾਂ ਗਰੀਨ ਜ਼ੋਨ ਨਹੀਂ ਹੈ।

ਕੰਟੇਨਮੈਂਟ ਜੋਨ ਇੱਕ ਪਿੰਡ ਜਾਂ ਵਾਰਡ ਵਿੱਚ 15 ਜਾਂ ਇਸ ਤੋਂ ਜ਼ਿਆਦਾ ਮਾਮਲਿਆਂ ਵਾਲੇ ਖੇਤਰ ਹਨ। ਇਸਦੇ ਨਾਲ ਲੱਗਦੇ ਪਿੰਡਾਂ ਜਾਂ ਵਾਰਡ ਦਾ ਇੱਕ ਛੋਟਾ ਸਮੂਹ ਵੀ ਹੋ ਸਕਦਾ ਹੈ। ਇੱਥੇ ਇੱਕ ਬਫਰ ਜ਼ੋਨ ਹੋਵੇਗਾ ਜੋ ਕੰਟੇਨਮੇਂਟ ਜੋਨ ਦੇ ਆਸਪਾਸ ਇੱਕ ਕੇਂਦਰਿਤ ਖੇਤਰ ਹੋਵੇਗਾ ਅਤੇ ਬਫਰ ਜ਼ੋਨ ਦਾ ਦਾਇਰਾ 1 ਕਿਲੋਮੀਟਰ ਤੱਕ ਦਾ ਹੋ ਸਕਦਾ ਹੈ।

- Advertisement -

Share this Article
Leave a comment