ਜਗਤਾਰ ਸਿੰਘ ਸਿੱਧੂ;
ਅਫ਼ੀਮ ਦੀ ਖੇਤੀ ਦੇ ਮੁੱਦੇ ਨੂੰ ਲੈਕੇ ਰਾਜਸੀ ਵਿਵਾਦ ਭਖਿਆ ਹੋਇਆ ਹੈ। ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸਮੇਤ ਕਈ ਆਗੂਆਂ ਦੀ ਰਾਇ ਹੈ ਕਿ ਡਰਗ ਅਤੇ ਚਿੱਟੇ ਵਰਗੇ ਨਸ਼ੇ ਨੂੰ ਖਤਮ ਕਰਨ ਲਈ ਅਫੀਮ ਜਾਂ ਭੁੱਕੀ ਵਰਗੇ ਰਵਾਇਤੀ ਨਸ਼ੇ ਦੀ ਆਗਿਆ ਦਿੱਤੀ ਜਾਵੇ। ਬੇਸ਼ਕ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਸਰਕਾਰ ਅਤੇ ਆਮ ਆਦਮੀ ਪਾਰਟੀ ਨੇ ਜੰਗ ਸ਼ੁਰੂ ਕੀਤੀ ਹੋਈ ਹੈ ਪਰ ਕੀ ਬਦਲਵਾਂ ਨਸ਼ਾ ਮਸਲੇ ਦਾ ਹੱਲ ਹੈ? ਅਫੀਮ ਜਾਂ ਰਵਾਇਤੀ ਨਸ਼ੇ ਦੇ ਹਾਮੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਨਸ਼ੇ ਦੀ ਮੰਗ ਹੈ ਉਦੋਂ ਤੱਕ ਉਸ ਦੇ ਬਦਲ ਦੀ ਲੋੜ ਰਹੇਗੀ। ਇਸ ਰਾਇ ਦੇ ਵਿਰੋਧੀਆਂ ਦਾ ਕਹਿਣਾ ਹੈ ਕਿ ਇਹ ਸਹੀ ਨਹੀਂ ਹੈ ਕਿ ਇਕ ਨਸ਼ਾ ਛੁਡਵਾਕੇ ਕਿਸੇ ਹੋਰ ਨਸ਼ੇ ਦਾ ਆਦੀ ਬਣਾਇਆ ਜਾਵੇ। ਉਂਝ ਇਹ ਬਹਿਸ ਪਹਿਲਾਂ ਵੀ ਕਈ ਮੌਕਿਆਂ ਤੇ ਉੱਠਦੀ ਰਹੀ ਹੈ ਪਰ ਕਦੇ ਵੀ ਸਹਿਮਤੀ ਨਹੀ ਬਣੀ ਹੈ।
ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਜੰਗ ਨੂੰ ਵੀ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਹੈ ਪਰ ਨਸ਼ੇ ਦੇ ਕਾਰੋਬਾਰ ਨਾਲ ਜੁੜੀਆਂ ਜਿਹੜੀਆਂ ਪਰਤਾਂ ਹੁਣ ਖੁੱਲ ਰਹੀਆਂ ਹਨ, ਇਹ ਪਹਿਲਾਂ ਕਦੇ ਸਾਹਮਣੇ ਨਹੀਂ ਆਈਆਂ। ਕਈ ਮਾਮਲੇ ਅਜਿਹੇ ਸਾਹਮਣੇ ਆ ਰਹੇ ਹਨ ਜਿਥੇ ਪੁਲਿਸ ਦੇ ਮੁਲਾਜ਼ਮਾਂ ਜਾਂ ਅਧਿਕਾਰੀ ਵੀ ਇਸ ਗੈਰ ਕਾਨੂੰਨੀ ਕੰਮ ਵਿੱਚ ਪਾਏ ਗਏ। ਮਿਸਾਲ ਵਜੋਂ ਅੱਜ ਹੀ ਬਠਿੰਡਾ ਦਾ ਇਕ ਥਾਣੇਦਾਰ ਅਤੇ ਸਹਾਇਕ ਨੂੰ ਮੁਅੱਤਲ ਕੀਤਾ ਗਿਆ ਹੈ ਕਿਉ ਜੋ ਉੱਨਾਂ ਵਲੋਂ ਨਸ਼ੇ ਦੇ ਇਕ ਮਾਮਲੇ ਵਿੱਚ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਪਹਿਲਾਂ ਵੀ ਇੱਕ ਮਹਿਲਾ ਪੁਲਿਸ ਮੁਲਾਜ਼ਮ ਅਤੇ ਕਈ ਹੋਰਨਾਂ ਉਪਰ ਵੀ ਨਸ਼ੇ ਦੇ ਮੁੱਦੇ ਨੂੰ ਲੈ ਕੇ ਗੰਭੀਰ ਦੋਸ਼ ਲੱਗੇ ਹਨ। ਅਕਸਰ ਹੀ ਪਿਛਲੀਆਂ ਅਕਾਲੀ ਦਲ ਅਤੇ ਕਾਂਗਰਸ ਸਰਕਾਰਾਂ ਉਤੇ ਵੀ ਨਸ਼ੇ ਨੂੰ ਠੱਲ ਨਾ ਪਾਉਣ ਦੇ ਦੋਸ਼ ਲਗਦੇ ਰਹਿੰਦੇ ਹਨ।ਅਜਿਹੇ ਮਾਮਲਿਆਂ ਨੂੰ ਲੈ ਕੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੀ ਸਿੱਟ ਅੱਗੇ ਪੇਸ਼ੀਆਂ ਭੁਗਤ ਰਹੇ ਹਨ ਹਾਲਾਂਕਿ ਮਜੀਠੀਆ ਦਾ ਕਹਿਣਾ ਹੈ ਕਿ ਹੁਣ ਤੱਕ ਉਸ ਦੋ ਮਾਮਲੇ ਵਿੱਚ ਕਿੰਨੀਆਂ ਸਿੱਟ ਬਣ ਚੁਕੀਆਂ ਹਨ ਪਰ ਕੋਈ ਵੀ ਉਨਾਂ ਵਿਰੁੱਧ ਦੋਸ਼ ਸਾਬਤ ਨਹੀਂ ਕਰ ਸਕਿਆ ਅਤੇ ਇਹ ਕੇਵਲ ਰਾਜਸੀ ਬਦਲੇ ਦੀ ਭਾਵਨਾ ਨਾਲ ਕੀਤਾ ਜਾ ਰਿਹਾ ਹੈ ।ਖੈਰ, ਨਸ਼ੇ ਦੇ ਮਾਮਲੇ ਵਿੱਚ ਵੱਡੀ ਚੁਣੌਤੀ ਹੈ ਉੱਥੇ ਸਰਕਾਰਾਂ ਬਨਾਉਣ ਅਤੇ ਢਾਹੁਣ ਲਈ ਰਾਜਸੀ ਧਿਰਾਂ ਲਈ ਵੱਡਾ ਰਾਜਸੀ ਹਥਿਆਰ ਹੈ ਪਰ ਮੌਜੂਦਾ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ ਦੇ ਨਤੀਜੇ ਲਾਜ਼ਮੀ ਤੌਰ ਤੇ ਪੰਜਾਬ ਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਪ੍ਰਭਾਵਿਤ ਕਰਨਗੇ। ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਸ਼ੁਰੂ ਕੀਤੀ ਲਾਮਬੰਦੀ ਸਾਹਮਣੇ ਹੈ ਉਥੇ ਕਈ ਨਵੇਂ ਪਹਿਲੂ ਵੀ ਸਾਹਮਣੇ ਆ ਰਹੇ ਹਨ। ਮਿਸਾਲ ਵਜੋਂ ਨਸ਼ੇ ਦੇ ਧੰਦੇ ਵਿੱਚ ਲੱਗੀਆਂ ਸੈਂਕੜੇ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਤੋਂ ਸਮੱਸਿਆ ਦੀ ਗੰਭੀਰਤਾ ਦਾ ਪਤਾ ਲਗਦਾ ਹੈ। ਇਸ ਲਈ ਇਹ ਲੜਾਈ ਸਮਾਜਿਕ ਅਤੇ ਰਾਜਸੀ ਪੱਧਰ ਉੱਤੇ ਸਹਿਯੋਗ ਨਾਲ ਹੀ ਸਾਰਥਕ ਨਤੀਜੇ ਦੇਣ ਦੀ ਹਾਣੀ ਬਣ ਸਕਦੀ ਹੈ।
ਸੰਪਰਕ 9814002186