ਪੰਜਾਬ ਦੇ ਵਿਦਿਆਰਥੀਆਂ ਲਈ ਵੱਡੀ ਰਾਹਤ ਹੁਣ ਮਿਲਣਗੀਆਂ ਸਸਤੀਆਂ ਕਿਤਾਬਾਂ, PSEB ਨੇ ਲਾਂਚ ਕੀਤਾ ਆਪਣਾ ਬੁੱਕ ਪੋਰਟਲ

Global Team
2 Min Read

ਚੰਡੀਗੜ੍ਹ: ਪੰਜਾਬ ਦੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਪ੍ਰਾਈਵੇਟ ਬੁੱਕ ਸੈਲਰਾਂ ਵੱਲੋਂ ਵਧੇਰੇ ਕੀਮਤਾਂ ਲੈਣ ਦੀ ਸਮੱਸਿਆ ਤੋਂ ਰਾਹਤ ਦੇਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ ਨਵਾਂ ਕਦਮ ਚੁੱਕਿਆ ਹੈ। ਬੋਰਡ ਨੇ ‘ਪੁਸਤਕ ਪੋਰਟਲ’ ਦੇ ਨਾਮ ਨਾਲ ਆਪਣਾ ਆਨਲਾਈਨ ਈ-ਕਾਮਰਸ ਪਲੇਟਫਾਰਮ ਸ਼ੁਰੂ ਕੀਤਾ ਹੈ।

ਇਸ ਨਾਲ ਪੰਜਾਬ ਅਜਿਹਾ ਕਰਨ ਵਾਲਾ ਦੇਸ਼ ਦਾ ਪਹਿਲਾ ਸਿੱਖਿਆ ਬੋਰਡ ਬਣ ਗਿਆ ਹੈ। ਬੋਰਡ ਮੁਤਾਬਕ ਇਸ ਪਹਿਲ ਨਾਲ ਸੂਬੇ ਦੇ 12 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਸਿੱਧਾ ਲਾਭ ਮਿਲੇਗਾ ਅਤੇ ਹਰ ਸਾਲ ਲੱਖਾਂ ਪਰਿਵਾਰਾਂ ਦਾ ਖਰਚ ਘਟੇਗਾ।

ਹੁਣ ਸਿੱਧੇ ਪੋਰਟਲ ਰਾਹੀਂ ਮੰਗਵਾਓ ਕਿਤਾਬਾਂ

PSEB ਦੇ ਚੇਅਰਮੈਨ (ਰਿਟਾਇਰਡ IAS) ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਵਿਦਿਆਰਥੀ, ਮਾਪੇ ਅਤੇ ਸਕੂਲ ਹੁਣ ਇਸ ਪੋਰਟਲ ਰਾਹੀਂ ਸਿੱਧੇ ਆਨਲਾਈਨ ਕਿਤਾਬਾਂ ਦਾ ਆਰਡਰ ਕਰ ਸਕਣਗੇ।

ਪੋਰਟਲ ਰਾਹੀਂ ਖਰੀਦ ਕੀਤੀਆਂ ਕਿਤਾਬਾਂ ‘ਤੇ ਪ੍ਰਿੰਟ ਕੀਮਤ ਦੇ ਮੁਕਾਬਲੇ ਸਿੱਧੀ 15 ਫੀਸਦੀ ਛੂਟ ਦਿੱਤੀ ਜਾਵੇਗੀ। ਇਸ ਨਾਲ ਪ੍ਰਾਈਵੇਟ ਵਿਕਰੇਤਾਵਾਂ ਵੱਲੋਂ ਵਾਧੂ ਰਕਮ ਵਸੂਲਣ ਦੀ ਸੰਭਾਵਨਾ ਘਟੇਗੀ।

ਬੋਰਡ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਸਕੂਲ ਸਿਰਫ ਕਿਤਾਬਾਂ ਵੰਡਣ ਵਿੱਚ ਮਦਦ ਕਰਨਗੇ ਅਤੇ ਬੋਰਡ ਵੱਲੋਂ ਤੈਅ ਕੀਤੀ ਕੀਮਤ ਤੋਂ ਇੱਕ ਰੁਪਇਆ ਵੀ ਵੱਧ ਨਹੀਂ ਲਿਆ ਜਾ ਸਕੇਗਾ।

361 ਟਾਈਟਲ ਅਤੇ ਕਰੋੜਾਂ ਕਿਤਾਬਾਂ ਤਿਆਰ

ਨਵੇਂ ਸੈਸ਼ਨ ਲਈ ਬੋਰਡ ਨੇ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਮਾਧਿਅਮ ਦੀਆਂ 361 ਟੈਕਸਟਬੁੱਕ ਟਾਈਟਲਾਂ ਦੀ ਲਗਭਗ 2.25 ਕਰੋੜ ਕਿਤਾਬਾਂ ਛਪਵਾਈਆਂ ਹਨ ਤਾਂ ਜੋ ਸਪਲਾਈ ਵਿੱਚ ਕੋਈ ਦਿੱਕਤ ਨਾ ਆਵੇ।

ਵਿਦਿਆਰਥੀਆਂ ਦੀ ਸਹੂਲਤ ਲਈ ਪੰਜਾਬ ਭਰ ਵਿੱਚ 97 ਡਿਲੀਵਰੀ ਅਤੇ ਪਿਕ-ਅੱਪ ਸੈਂਟਰ ਬਣਾਏ ਗਏ ਹਨ। ਇੱਥੋਂ ਖੁਦ ਕਿਤਾਬਾਂ ਲੈਣ ‘ਤੇ ਕੋਈ ਵਾਧੂ ਚਾਰਜ ਨਹੀਂ ਦੇਣਾ ਪਵੇਗਾ।

ਇਸ ਤੋਂ ਇਲਾਵਾ PSEB ਦੇ ਜ਼ਿਲ੍ਹਾ ਦਫ਼ਤਰਾਂ ਤੋਂ ਵੀ ਸਿੱਧੇ 15 ਫੀਸਦੀ ਛੂਟ ਨਾਲ ਕਿਤਾਬਾਂ ਲਈਆਂ ਜਾ ਸਕਦੀਆਂ ਹਨ।

ਘਰ ਬੈਠੇ ਵੀ ਮਿਲਣਗੀਆਂ ਕਿਤਾਬਾਂ

ਜੇ ਕੋਈ ਕਿਤਾਬਾਂ ਘਰ ਮੰਗਵਾਉਣਾ ਚਾਹੁੰਦਾ ਹੈ ਤਾਂ ਇਸ ਲਈ ਬੋਰਡ ਨੇ ਭਾਰਤੀ ਡਾਕ ਨਾਲ ਮਿਲ ਕੇ “ਗਿਆਨ ਪੋਸਟ ਸਕੀਮ” ਸ਼ੁਰੂ ਕੀਤੀ ਹੈ। ਇਸ ਤਹਿਤ 5 ਕਿਲੋ ਤੱਕ ਦੇ ਪਾਰਸਲ ‘ਤੇ ਘੱਟ ਤੋਂ ਘੱਟ 20 ਰੁਪਏ ਅਤੇ ਵੱਧ ਤੋਂ ਵੱਧ 100 ਰੁਪਏ ਡਿਲੀਵਰੀ ਚਾਰਜ ਲੱਗੇਗਾ।

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਪਹਿਲਾਂ ਦੀ ਤਰ੍ਹਾਂ ਮੁਫ਼ਤ ਕਿਤਾਬਾਂ ਦਿੱਤੀਆਂ ਜਾਣਗੀਆਂ ਅਤੇ 2026–27 ਸੈਸ਼ਨ ਲਈ ਉਨ੍ਹਾਂ ਦੀ ਸਪਲਾਈ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ।

Share This Article
Leave a Comment