ਚੰਡੀਗੜ੍ਹ: ਦੇਸ਼ ਭਰ ਦੇ ਵਿੱਚ 16 ਜਨਵਰੀ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਟੀਕਾਕਰਨ ਅਭਿਆਨ ਸ਼ੁਰੂ ਕੀਤਾ ਗਿਆ। ਇਸ ਦੀ ਪੰਜਾਬ ਦੇ ਵਿੱਚ ਵੀ ਸਫਲ ਸ਼ੁਰੂਆਤ ਹੋਈ, ਪਰ ਸਿਹਤ ਵਿਭਾਗ ਪਹਿਲੇ ਦਿਨ ਲਈ ਤੈਅ ਕੀਤੇ ਟੀਚੇ ਨੂੰ ਹਾਸਲ ਨਹੀਂ ਕਰ ਪਾਇਆ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੁੱਲ 5853 ਹੈਲਥ ਵਰਕਰਾਂ ਨੂੰ ਵੈਕਸੀਨ ਦੇਣ ਦਾ ਟਾਰਗੈੱਟ ਤੈਅ ਕੀਤਾ ਗਿਆ ਸੀ। ਇਸ ਦੌਰਾਨ ਸਿਰਫ਼ 1329 ਵਰਕਰਾਂ ਨੂੰ ਹੀ ਵੈਕਸੀਨ ਦੀ ਡੋਜ਼ ਦਿੱਤੀ ਗਈ। ਜਿਸ ਨੂੰ ਦੇਖਦੇ ਹੋਏ ਸਿਹਤ ਵਿਭਾਗ ਨੇ ਤੈਅ ਕੀਤੇ ਗਏ ਟਾਰਗੇਟ ਦਾ ਰੀਵਿਊ ਕਰਨ ਦਾ ਫ਼ੈਸਲਾ ਲਿਆ ਹੈ।
ਵੈਕਸੀਨੇਸ਼ਨ ਮੁਹਿੰਮ ਦੀ ਸ਼ੁਰੂਆਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁਹਾਲੀ ‘ਚ ਕੀਤੀ ਗਈ ਸੀ ਜਿਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਸੀ। ਪਰ ਇਸ ਦੇ ਬਾਵਜੂਦ ਪੰਜਾਬ ਵਿੱਚ ਸਿਰਫ਼ ਬਾਈ ਫ਼ੀਸਦ ਹੈਲਥ ਵਰਕਰਾਂ ਨੂੰ ਹੀ ਕੋਰੋਨਾ ਵਾਇਰਸ ਦੀ ਵੈਕਸੀਨ ਦਿੱਤੀ ਗਈ। ਮੁਹਾਲੀ ਵਿੱਚ ਜਿੱਥੇ ਕੈਪਟਨ ਅਮਰਿੰਦਰ ਸਿੰਘ ਪਹੁੰਚੇ ਹੋਏ ਸਨ ਇੱਥੇ 300 ਸਿਹਤ ਕਰਮੀਆਂ ਨੂੰ ਟੀਕਾ ਲਗਾਉਣ ਲਈ ਲਿਸਟ ਤਿਆਰ ਕੀਤੀ ਗਈ ਸੀ ਪਰ ਇੱਥੇ ਸਿਰਫ਼ 30 ਜਣਿਆਂ ਨੂੰ ਹੀ ਵੈਕਸੀਨ ਦੀ ਡੋਜ਼ ਦਿੱਤੀ ਗਈ। ਬਰਨਾਲਾ ਵਿੱਚ 100 ਹੈਲਥ ਵਰਕਰਾਂ ਨੂੰ ਟੀਕਾ ਲਗਾਉਣ ਦੀ ਲਿਸਟ ਤਿਆਰ ਕੀਤੀ ਗਈ ਸੀ ਜਿਨ੍ਹਾਂ ‘ਚੋਂ ਸਿਰਫ਼ ਪੰਦਰਾਂ ਜਣਿਆਂ ਨੇ ਹੀ ਵੈਕਸੀਨ ਲਗਵਾਈ। ਇਸੇ ਤਰ੍ਹਾਂ ਅੰਮ੍ਰਿਤਸਰ ਵਿਚ 78 ਹੈਲਥ ਵਰਕਰਾਂ ਨੇ ਟੀਕਾ ਲਗਵਾਇਆ। ਇਨ੍ਹਾਂ ਕਰਮਚਾਰੀਆਂ ਨੇ ਮੰਗ ਕੀਤੀ ਕਿ ਸਭ ਤੋਂ ਪਹਿਲਾਂ ਸੀਨੀਅਰ ਡਾਕਟਰਾਂ ਨੂੰ ਵੈਕਸੀਨ ਲਗਾਈ ਜਾਵੇ ਉਸ ਤੋਂ ਬਾਅਦ ਹੀ ਹੇਠਲੇ ਲੇਬਲ ਦੇ ਵਰਕਰਾਂ ਨੂੰ ਡੋਜ਼ ਦਿੱਤੀ ਜਾਵੇ।
ਲੁਧਿਆਣਾ ਵਿੱਚ 500 ਵਿਅਕਤੀਆਂ ਦੀ ਲਿਸਟ ਤਿਆਰ ਕੀਤੀ ਗਈ ਸੀ ਇੱਥੇ ਸਿਰਫ਼ 164 ਹੈਲਥ ਵਰਕਰਾਂ ਨੂੰ ਹੀ ਵੈਕਸੀਨ ਦਿੱਤੀ ਜਾ ਸਕੇ ਫ਼ਰੀਦਕੋਟ ਵਿੱਚ 58 ਫਰੰਟਲਾਈਨ ਹੈਲਥ ਵਰਕਰਾਂ ਨੂੰ ਵੈਕਸੀਨ ਦਿੱਤੀ ਗਈ।