ਚੰਡੀਗੜ੍ਹ: ਪੰਜਾਬ ਦੇ ਤਰਨਤਾਰਨ ਅਤੇ ਅੰਮ੍ਰਿਤਸਰ ਵਿੱਚ ਸ਼ਨੀਵਾਰ ਨੂੰ ਜ਼ਹਿਰੀਲੀ ਸ਼ਰਾਬ ਪੀਣ ਨਾਲ 13 ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਪਹਿਲਾਂ ਵੀਰਵਾਰ ਅਤੇ ਸ਼ੁੱਕਰਵਾਰ ਨੂੰ 49 ਲੋਕਾਂ ਦੀ ਮੌਤ ਹੋ ਗਈ ਸੀ। ਇਸੇ ਤਰ੍ਹਾਂ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਵਿੱਚ ਗ਼ੈਰਕਾਨੂੰਨੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਦੀ ਗਿਣਤੀ 62 ਹੋ ਗਈ ਹੈ।
ਸ਼ਨੀਵਾਰ ਨੂੰ ਅੰਮ੍ਰਿਤਸਰ ਦੇ ਮੁੱਛਲ ਪਿੰਡ ਵਿੱਚ ਸ਼ਰਾਬ ਪੀਣ ਵਾਲੇ ਇੱਕ ਵਿਅਕਤੀ ਤੇ ਤਰਨਤਾਰਨ ਵਿੱਚ 12 ਲੋਕਾਂ ਦੀ ਮੌਤ ਹੋਈ ਹੈ, ਇਸ ਘਟਨਾ ਨਾਲ ਸੂਬੇ ਵਿੱਚ ਦਹਿਸ਼ਤ ਫੈਲ ਗਈ ਹੈ। ਹੁਣ ਤੱਕ ਤਰਨਤਾਰਨ ਜ਼ਿਲ੍ਹੇ ਵਿੱਚ 42, ਅੰਮ੍ਰਿਤਸਰ ਜ਼ਿਲ੍ਹੇ ਵਿੱਚ 12 ਅਤੇ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਵਿੱਚ ਅੱਠ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਤਰਨਤਾਰਨ ਵਿੱਚ ਗ਼ੈਰਕਾਨੂੰਨੀ ਸ਼ਰਾਬ ਪੀਣ ਨਾਲ ਮਰਨ ਵਾਲਿਆਂ ਨੂੰ ਪੋਸਟਮਾਰਟਮ ਹਾਉਸ ਵਿੱਚ ਰਖਵਾ ਦਿੱਤਾ ਗਿਆ। ਇਸ ਤੋਂ ਬਾਅਦ ਪਰਿਵਾਰ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਦੋਸ਼ ਹੈ ਕਿ ਪੋਸਟਮਾਰਟਮ ਹਾਉਸ ਵਿੱਚ ਤਿੰਨ ਮ੍ਰਿਤਕ ਰੱਖਣ ਲਈ ਕੈਂਡੀ ਦੀ ਵਿਵਸਥਾ ਹੈ। ਮ੍ਰਿਤਕ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੂੰ ਜ਼ਮੀਨ ‘ਤੇ ਹੀ ਰੱਖ ਦਿੱਤਾ ਗਿਆ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਤੋਂ ਬਰਫ ਮੰਗਵਾਈ ਗਈ।
ਸ਼ਨੀਵਾਰ ਦੀ ਦੁਪਹਿਰ ਦੋ ਵਜੇ ਤੱਕ ਪੋਸਟਮਾਰਟਮ ਸ਼ੁਰੂ ਨਾਂ ਹੋਣ ‘ਤੇ ਪਰਿਵਾਰਾਂ ਨੇ ਹੰਗਾਮਾ ਕਰਦੇ ਹੋਏ ਥਾਣਾ ਸਿਟੀ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਘੇਰ ਲਿਆ। ਮੌਕੇ ‘ਤੇ ਡੀਐਸਪੀ ਸੁੱਚਾ ਸਿੰਘ ਬਲ ਪੁੱਜੇ ਅਤੇ ਪਰਿਵਾਰ ਨੂੰ ਸ਼ਾਂਤ ਕਰਦੇ ਦੱਸਿਆ ਕਿ ਕਾਗਜ਼ੀ ਕਾਰਵਾਈ ਤੋਂ ਬਾਅਦ ਮ੍ਰਿਤਕਾਂ ਦਾ ਪੋਸਟਮਾਰਟਮ ਸ਼ੁਰੂ ਕਰ ਦਿੱਤਾ ਜਾਵੇਗਾ।