ਹੁਣ ਚਾਰ ਪਹੀਆ ਵਾਹਨ ’ਚ ਪਿਛਲੀ ਸੀਟਾਂ ‘ਤੇ ਵੀ ਬੈਲਟ ਲਾਉਣੀ ਹੋਵੇਗੀ ਲਾਜ਼ਮੀ, ਨਿਰਦੇਸ਼ ਜਾਰੀ

Rajneet Kaur
3 Min Read

ਚੰਡੀਗੜ੍ਹ : ਸੂਬੇ ਅੰਦਰ ਸੜਕ ਹਾਦਸਿਆਂ ਨਾਲ ਅਜਾਈ ਜਾ ਰਹੀਆਂ ਕੀਮਤੀ ਜਾਨਾਂ ਬਚਾਉਣ ਅਤੇ ਲੋਕਾਂ ਨੂੰ ਆਵਾਜਾਈ ਨਿਯਮਾਂ ਸਬੰਧੀ ਜਾਗਰੂਕ ਕਰਨ ਲਈ ਪੰਜਾਬ ਪੁਲਿਸ ਵੱਲੋਂ ਵੱਖਰੇ-ਵੱਖਰੇ ਨਿਯਮ ਬਣਾਏ ਜਾ ਰਹੇ ਹਨ।  ਡੀਆਈਜ਼ੀ ਪੰਜਾਬ ਪੁਲਿਸ ਵੱਲੋਂ ਜਾਰੀ ਇੱਕ ਪੱਤਰ ਤਹਿਤ ਸੂਬੇ ਦੇ ਸਮੂਹ ਪੁਲਿਸ ਕਮਿਸ਼ਨਰਾਂ ਤੇ ਐਸਐਸਪੀਜ਼ ਨੂੰ ਦਿਸ਼ਾਂ-ਨਿਰਦੇਸ਼ਾਂ ਦਿੱਤੇ ਹਨ ਕਿ ਚਾਰ ਪਹੀਆ ਵਾਹਨ ਵਿਚ ਵੀ ਪਿਛੇ ਬੈਠੀ ਸਵਾਰੀ ਨੂੰ ਸੀਟ ਬੈਲਟ ਲਗਾਉਣਾ ਲਾਜ਼ਮੀ ਕੀਤੀ ਗਿਆ ਹੈ।

ਪੁਲਿਸ ਮੁਖੀ ਵੱਲੋਂ ਜਾਰੀ ਪੱਤਰ ਵਿਚ  ਦੱਸਿਆ ਗਿਆ ਹੈ ਕਿ ਸੂਬੇ ਵਿਚ ਸਮੂਹ ਪੁਲਿਸ ਅਧਿਕਾਰੀ 15 ਜਨਵਰੀ ਤੋਂ 14 ਫਰਵਰੀ ਤੱਕ ‘ਕੌਮੀ ਸੜਕ ਸੁਰੱਖਿਆ ਹਫ਼ਤਾ-2024’ ਮਨਾ ਰਹੇ ਹਨ। ਜਿਸ ਤਹਿਤ ਉਨ੍ਹਾਂ ਵੱਲੋਂ ਜਨਤਾ ਨੂੰ ਆਵਾਜਾਈ ਨਿਯਮਾਂ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਲਈ ਸਾਰੇ ਪੁਲਿਸ ਅਧਿਕਾਰੀ ਆਪਣੇ ਅਧੀਨ ਤਾਇਨਾਤ ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜਾਂ ਨੂੰ ਹਦਾਇਤ ਕਰਨ ਕਿ ਉਹ ਆਮ ਪਬਲਿਕ ਅਤੇ ਆਪਣੇ ਕਮਿਸ਼ਨਰੇਟ ਤੇ ਪੁਲਿਸ ਜ਼ਿਲਿਆਂ ਅੰਦਰ ਚੱਲ ਰਹੀਆਂ ਪੀਸੀਆਰ, ਮੁੱਖ ਥਾਣਾ ਅਫਸਰਾਂ, ਚੌਂਕੀਆਂ ਤੇ ਅਧਿਕਾਰੀਆਂ ਦੀਆਂ ਗੱਡੀਆਂ ਦੇ ਡਰਾਇਵਰਾਂ ਨਾਲ ਮੀਟਿੰਗਾਂ ਕਰਕੇ ਦੱਸਣ ਕਿ ਜਦੋਂ ਵੀ ਉਹ ਗੱਡੀ ਚਲਾਉਣਗੇ ਤਾਂ ਸੀਟ ਬੈਲਟ ਲਗਾ ਕੇ ਹੀ ਗੱਡੀ ਚਲਾਉਣਗੇ ਅਤੇ ਜੇਕਰ ਕੋਈ ਗੰਨਮੈਨ ਡਰਾਇਵਰ ਦੇ ਸਾਈਡ ਵਾਲੀ ਸੀਟ ‘ਤੇ ਬੈਠਦਾ ਹੈ ਤਾਂ ਉਹ ਵੀ ਸੀਟ ਬੈਲਟ ਲਗਾ ਕੇ ਬੈਠੇਗਾ।

ਇਸ ਤੋਂ ਇਲਾਵਾ ਕੋਈ ਵੀ ਅਧਿਕਾਰੀ ਸਰਕਾਰੀ ਗੱਡੀ ਵਿਚ ਜਾਂ ਆਮ ਪਬਲਿਕ ਦਾ ਵਿਅਕਤੀ ਆਪਣੇ ਚਾਰ ਪਹੀਆ ਵਾਹਨ ਵਿਚ ਪਿਛਲੀ ਸੀਟ ’ਤੇ ਬੈਠਦਾ ਹੈ ਤਾਂ ਉਹ ਵੀ ਸੀਟ ਬੈਲਟ ਲਗਾ ਕੇ ਬੈਠੇਗਾ, ਉਥੇ ਹੀ ਟ੍ਰੈਫਿਕ ਐਜੂਕੇਸ਼ਨ ਸੈੱਲ ਵੱਲੋਂ ਲਗਾਏ ਜਾ ਰਹੇ ਸੈਮੀਨਾਰਾਂ ਵਿਚ ਵੀ ਇਸ ਦਾ ਸੁਨੇਹਾ ਆਮ ਜਨਤਾ ਨੂੰ ਹਰ ਰੋਜ਼ ਦਿੱਤਾ ਜਾਵੇ ਅਤੇ ਇਹ ਵੀ ਕਿਹਾ ਜਾਵੇ ਕਿ ਇਹ ਸੜਕ ਸੁਰੱਖਿਆ ਮਹੀਨਾ ਖ਼ਤਮ ਹੋਣ ਉਪਰੰਤ ਕੋਈ ਵੀ ਸਰਕਾਰੀ ਜਾਂ ਗੈਰ-ਸਰਕਾਰੀ ਡਰਵਾਈਵਰ/ਅਧਿਕਾਰੀ ਅੱਗੇ ਜਾਂ ਪਿਛੇ ਸੀਟ ਬੈਲਟ ਦੀ ਵਰਤੋਂ ਨਹੀਂ ਕਰਦਾ ਤਾਂ ਉਸ ਖਿਲਾਫ਼ ਮੋਟਰ ਵਹੀਕਲ ਐਕਟ ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਮੀਮੋ ਨੰਬਰ-1526-1613/ਟ੍ਰੈਫਿਕ-4 ਤਹਿਤ 1 ਫਰਵਰੀ ਨੂੰ ਜਾਰੀ ਇਸ ਪੱਤਰ ਨੂੰ ਅੱਗੇ ਨੰਬਰ-4137-54 ਮਿਤੀ 8 ਫਰਵਰੀ 2024 ਤਹਿਤ ਜਾਰੀ ਕੀਤਾ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਦੇ ਇਸ ਹੁਕਮ ਦਾ ਲੋਕਾਂ ‘ਤੇ ਕੀ ਅਸਰ ਪੈਂਦਾ ਹੈ ਅਤੇ ਇਸ ਨਾਲ ਸੜਕ ਹਾਦਸਿਆਂ ਵਿਚ ਕਿਨ੍ਹਾਂ ਕੁ ਫਰਕ ਪਵੇਗਾ ਅਤੇ ਲੋਕਾਂ ਵੱਲੋਂ ਇਸ ਬਾਬਤ ਕਿਸ ਤਰ੍ਹਾਂ ਪ੍ਰਤੀਕਰਮ ਕੀਤਾ ਜਾਂਦਾ ਹੈ।

- Advertisement -

Share this Article
Leave a comment