ਚੰਡੀਗੜ੍ਹ: ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਭਿਆਨਕ ਗਰਮੀ ਨੇ ਆਮ ਜਨ-ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਦਿੱਤਾ ਹੈ। ਅਪਰੈਲ ਮਹੀਨੇ ਵਿੱਚ ਹੀ ਪੈ ਰਹੀ ਤਿੱਖੀ ਧੁੱਪ ਅਤੇ ਵਧਦੇ ਤਾਪਮਾਨ ਕਾਰਨ ਲੋਕਾਂ ਦਾ ਦਿਨ ਵੇਲੇ ਘਰੋਂ ਬਾਹਰ ਨਿਕਲਣਾ ਦੁਭਰ ਹੋ ਗਿਆ ਹੈ। ਇਸ ਵਧਦੀ ਗਰਮੀ ਨੇ ਜਿੱਥੇ ਆਮ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੈ, ਉੱਥੇ ਹੀ ਪਾਵਰਕੌਮ ਦੀਆਂ ਚਿੰਤਾਵਾਂ ਵਿੱਚ ਵੀ ਭਾਰੀ ਵਾਧਾ ਕਰ ਦਿੱਤਾ ਹੈ।
ਬਿਜਲੀ ਦੀ ਮੰਗ ਵਿੱਚ ਰਿਕਾਰਡ ਵਾਧਾ
ਗਰਮੀ ਕਾਰਨ ਸੂਬੇ ਵਿੱਚ ਬਿਜਲੀ ਦੀ ਖਪਤ ਲਗਾਤਾਰ ਵਧ ਰਹੀ ਹੈ। ਬੀਤੇ ਦਿਨ ਬਿਜਲੀ ਦੀ ਮੰਗ 10,396 ਮੈਗਾਵਾਟ ਤੱਕ ਪਹੁੰਚ ਗਈ। ਹਾਲਾਂਕਿ ਸ਼ਾਮ ਵੇਲੇ ਇਹ ਘਟ ਕੇ 8,500 ਮੈਗਾਵਾਟ ਰਹਿ ਗਈ ਸੀ, ਪਰ ਰਾਤ ਹੁੰਦਿਆਂ ਹੀ ਮੰਗ ਵਿੱਚ ਮੁੜ ਉਛਾਲ ਦੇਖਣ ਨੂੰ ਮਿਲਿਆ। ਜੇਕਰ ਪਿਛਲੇ ਸਾਲਾਂ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਸਾਲ 2024 ਵਿੱਚ 21 ਅਪ੍ਰੈਲ ਨੂੰ ਦਿਨ ਵੇਲੇ ਬਿਜਲੀ ਦੀ ਮੰਗ 8000 ਮੈਗਾਵਾਟ ਸੀ।
ਇਸੇ ਤਰ੍ਹਾਂ ਸਾਲ 2025 ਵਿੱਚ 21 ਅਪ੍ਰੈਲ ਨੂੰ ਦਿਨ ਵੇਲੇ ਬਿਜਲੀ ਦੀ ਮੰਗ 9430 ਮੈਗਾਵਾਟ ਸੀ ਅਤੇ ਇਸ ਸਾਲ 21 ਅਪ੍ਰੈਲ 2026 ਨੂੰ ਦਿਨ ਵੇਲੇ ਬਿਜਲੀ ਦੀ ਮੰਗ 10,396 ਮੈਗਾਵਾਟ ਦਰਜ ਕੀਤੀ ਗਈ ਹੈ। ਮਾਹਿਰਾਂ ਦਾ ਅਨੁਮਾਨ ਹੈ ਕਿ ਇਸ ਵਾਰ ਪਿਛਲੇ ਸਾਲ ਦੀ ਵੱਧ ਤੋਂ ਵੱਧ ਮੰਗ (17,233 ਮੈਗਾਵਾਟ) ਦਾ ਰਿਕਾਰਡ ਵੀ ਟੁੱਟ ਸਕਦਾ ਹੈ।
ਬਠਿੰਡਾ ਅਤੇ ਫਰੀਦਕੋਟ ਸਭ ਤੋਂ ਗਰਮ
ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ, ਬੀਤੇ ਦਿਨ ਬਠਿੰਡਾ ਅਤੇ ਫਰੀਦਕੋਟ ਸੂਬੇ ਦੇ ਸਭ ਤੋਂ ਗਰਮ ਇਲਾਕੇ ਰਹੇ, ਜਿੱਥੇ ਤਾਪਮਾਨ 41.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਆਮ ਨਾਲੋਂ ਇੱਕ ਤੋਂ ਦੋ ਡਿਗਰੀ ਵਧੇਰੇ ਹੈ। ਸੂਬੇ ਦੇ ਹੋਰਨਾਂ ਸ਼ਹਿਰਾਂ ਵਿੱਚ ਵੀ ਪਾਰਾ 36 ਤੋਂ 40 ਡਿਗਰੀ ਦੇ ਵਿਚਕਾਰ ਰਿਹਾ।
ਆਉਣ ਵਾਲੇ ਤਿੰਨ ਦਿਨਾਂ ਲਈ ‘ਯੈਲੋ ਅਲਰਟ’
ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਗਰਮੀ ਤੋਂ ਰਾਹਤ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਵਿਭਾਗ ਵੱਲੋਂ 22, 23 ਅਤੇ 24 ਅਪ੍ਰੈਲ ਲਈ ਸੂਬੇ ਵਿੱਚ ‘ਯੈਲੋ ਅਲਰਟ’ ਜਾਰੀ ਕੀਤਾ ਗਿਆ ਹੈ।
ਸਿਹਤ ਸਲਾਹ:
ਮੌਸਮ ਵਿਗਿਆਨੀਆਂ ਨੇ ਲੋਕਾਂ ਨੂੰ ਬਿਨਾਂ ਕਿਸੇ ਜ਼ਰੂਰੀ ਕੰਮ ਦੇ ਸਿੱਧੀ ਧੁੱਪ ਵਿੱਚ ਨਾ ਨਿਕਲਣ ਦੀ ਸਲਾਹ ਦਿੱਤੀ ਹੈ। ਸਿਹਤ ਮਾਹਿਰਾਂ ਅਨੁਸਾਰ, ਗਰਮੀ ਤੋਂ ਬਚਣ ਲਈ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਣ ਦਿਓ ਅਤੇ ਵੱਧ ਤੋਂ ਵੱਧ ਤਰਲ ਪਦਾਰਥਾਂ ਜਿਵੇਂ ਲੱਸੀ, ਨਿੰਬੂ ਪਾਣੀ ਆਦਿ ਦੀ ਵਰਤੋਂ ਕਰੋ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

