ਪੰਜਾਬ-ਹਰਿਆਣਾ ‘ਚ ਮਾਨਸੂਨ ਪਿਆ ਮੱਠਾ! ਗਰਮੀ ਤੇ ਹੁੰਮਸ ਨੇ ਵਧਾਈ ਮੁਸ਼ਕਿਲ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ

Global Team
3 Min Read

ਚੰਡੀਗੜ੍ਹ : ਪੰਜਾਬ ਹਰਿਆਣਾ ‘ਚ ਇੱਕ ਵਾਰ ਫਿਰ ਮੌਸਮ ਨੇ ਕਰਵਟ ਲੈ ਲਈ ਹੈ। ਹੁੰਮਸ ਅਤੇ ਤਾਪਮਾਨ ਵਧਣ ਲੱਗਾ ਹੈ। ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ 15 ਜੁਲਾਈ ਲਈ ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੋਗਾ, ਬਠਿੰਡਾ, ਬਰਨਾਲਾ ਅਤੇ ਮਾਨਸਾ ਵਿੱਚ ਗਰਮ ਅਤੇ ਹੁੰਮਸ ਭਰਿਆ ਮੌਸਮ ਰਹਿਣ ਦੀ ਸੰਭਾਵਨਾ ਜਤਾਉਂਦੇ ਹੋਏ ਯੈਲੋ ਅਲਰਟ ਜਾਰੀ ਕੀਤਾ ਹੈ।

ਮੌਸਮ ਵਿਭਾਗ ਦੇ ਅਨੁਸਾਰ, ਮਾਨਸੂਨ ਫਿਲਹਾਲ ਕਮਜ਼ੋਰ ਦੌਰ ਵਿੱਚ ਹੈ। ਅਗਲੇ 3 ਤੋਂ 4 ਦਿਨਾਂ ਤੱਕ ਸੂਬੇ ਵਿੱਚ ਭਾਰੀ ਬਾਰਸ਼ ਦੀ ਸੰਭਾਵਨਾ ਘੱਟ ਹੈ। ਹਾਲਾਂਕਿ, ਵਿਚ-ਵਿਚਾਲੇ ਗਰਜ-ਚਮਕ ਅਤੇ ਹਲਕੀਆਂ ਕਣੀਆਂ ਪੈ ਸਕਦੀਆਂ ਹਨ। ਬੀਤੇ 24 ਘੰਟਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ 0.5 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਹੈ। ਸੂਬੇ ਵਿੱਚ ਬਠਿੰਡਾ ਸਭ ਤੋਂ ਗਰਮ ਰਿਹਾ। ਇੱਥੋਂ ਦਾ ਵੱਧ ਤੋਂ ਵੱਧ ਤਾਪਮਾਨ 39.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

ਹਰਿਆਣਾ ਵਿੱਚ ਵੀ ਮਾਨਸੂਨ ਦੇ ਵਿਚਕਾਰ ਮੌਸਮ ਬਦਲ ਗਿਆ ਹੈ। ਮਾਨਸੂਨ ਦੀ ਰਫ਼ਤਾਰ ਮੱਠੀ ਪੈਂਦੇ ਹੀ ਸੂਰਜ ਨੇ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਅੱਜ ਹਰਿਆਣਾ ਦੇ 15 ਜ਼ਿਲ੍ਹਿਆਂ ਹਿਸਾਰ, ਸਿਰਸਾ, ਫ਼ਤਿਹਾਬਾਦ, ਭਿਵਾਨੀ, ਚਰਖੀ ਦਾਦਰੀ, ਝੱਜਰ, ਰੇਵਾੜੀ, ਨਾਰਨੌਲ, ਜੀਂਦ, ਸੋਨੀਪਤ, ਰੋਹਤਕ, ਪਲਵਲ, ਨੂਹ, ਫਰੀਦਾਬਾਦ, ਸੋਨੀਪਤ ਅਤੇ ਗੁਰੂਗ੍ਰਾਮ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ।

ਹਾਲਾਂਕਿ, ਮੰਗਲਵਾਰ ਸ਼ਾਮ ਨੂੰ ਰੇਵਾੜੀ ਅਤੇ ਮਹਿੰਦਰਗੜ੍ਹ ਸਮੇਤ ਕੁਝ ਇਲਾਕਿਆਂ ਵਿੱਚ ਧੂੜ ਭਰੀ ਹਨੇਰੀ ਦੇ ਨਾਲ ਤੇਜ਼ ਬਾਰਸ਼ ਨੇ ਲੋਕਾਂ ਨੂੰ ਹੁੰਮਸ ਤੋਂ ਥੋੜ੍ਹੀ ਰਾਹਤ ਜ਼ਰੂਰ ਦਿੱਤੀ, ਪਰ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਗਰਮੀ ਅਤੇ ਹੁੰਮਸ ਦਾ ਕਹਿਰ ਬਰਕਰਾਰ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਲਈ ਸੂਬੇ ਦੇ ਕਈ ਹਿੱਸਿਆਂ ਵਿੱਚ ਵਿਸ਼ੇਸ਼ ਚੇਤਾਵਨੀ ਜਾਰੀ ਕੀਤੀ ਹੈ।

ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਜਾਰੀ ਬੁਲੇਟਿਨ ਅਨੁਸਾਰ, ਹਰਿਆਣਾ ਵਿੱਚ 14 ਜੁਲਾਈ ਤੋਂ 17 ਜੁਲਾਈ ਤੱਕ ਦੱਖਣੀ ਅਤੇ ਆਸ-ਪਾਸ ਦੇ ਹਿੱਸਿਆਂ ਵਿੱਚ ਕੁਝ ਥਾਵਾਂ ‘ਤੇ ਮੌਸਮ ਕਾਫ਼ੀ ਗਰਮ ਅਤੇ ਹੁੰਮਸ ਭਰਿਆ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਲੋਕਾਂ ਨੂੰ ਭਾਰੀ ਹੁੰਮਸ ਦਾ ਸਾਹਮਣਾ ਕਰਨਾ ਪਵੇਗਾ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment