ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਬੁਲਾਰੇ ਨੀਲ ਗਰਗ ਨੇ ਪੰਜਾਬ ਦੇ ਨਾਗਰਿਕਾਂ ਦੀ ਭਲਾਈ ਅਤੇ ਸਹੂਲਤ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਦੇ ਦਿੱਲੀ ਦੇ ਟਰਮੀਨਲ-3 ਵਿਖੇ ਇੱਕ ਸੁਵਿਧਾ ਕੇਂਦਰ ਸਥਾਪਤ ਕੀਤਾ ਹੈ, ਜਿਸ ਨੂੰ “ਪੰਜਾਬ ਹੈਲਪ ਸੈਂਟਰ” ਦਾ ਨਾਂ ਦਿੱਤਾ ਗਿਆ ਹੈ, ਪੰਜਾਬ ਸਰਕਾਰ ਦਾ ਇਹ ਇਕ ਸ਼ਲਾਘਾਯੋਗ ਕਦਮ ਹੈ।
ਨੀਲ ਗਰਗ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ‘ਐਕਸ’ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕਰਦਿਆਂ ਇਸ ਸੁਵਿਧਾ ਕੇਂਦਰ ਬਾਰੇ ਦੱਸਿਆ ਕਿ ਸਰਕਾਰ ਨੇ ਏਅਰਪੋਰਟ ‘ਤੇ ਕਿਰਾਏ ‘ਤੇ ਪ੍ਰਾਪਰਟੀ ਲਈ ਹੈ, ਜਿੱਥੇ ਪੰਜਾਬ ਹੈਲਪ ਸੈਂਟਰ ਨੂੰ ਸਥਾਪਤ ਕੀਤਾ ਗਿਆ ਹੈ। ਇਸ ਸੈਂਟਰ ਵਿਚ ਅਧਿਕਾਰੀ ਮੌਜੂਦ ਹੋਣਗੇ ਜੋ ਯਾਤਰੀਆਂ ਨੂੰ ਕਿਸੇ ਵੀ ਸਮੱਸਿਆ ਦੇ ਹੱਲ ਲਈ ਹਰ ਸਮੇਂ ਸਹਾਇਤਾ ਪ੍ਰਦਾਨ ਕਰਨਗੇ। ਮੁੱਖ ਮੰਤਰੀ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ “ਜੇਕਰ ਕਿਸੇ ਦਾ ਸਮਾਨ ਲੇਟ ਹੋ ਜਾਂਦਾ ਹੈ, ਕੋਈ ਫਲਾਈਟ ਸਮੇਂ ਸਿਰ ਨਹੀਂ ਮਿਲਦੀ ਜਾਂ ਮਿਸ ਹੋ ਜਾਂਦੀ ਹੈ, ਜਾਂ ਕੋਈ ਬਜ਼ੁਰਗ ਯਾਤਰੀ ਹੋਟਲ ਨਹੀਂ ਜਾਣਾ ਚਾਹੁੰਦਾ, ਤਾਂ ਉਹ ਹੁਣ ਪੰਜਾਬ ਹੈਲਪ ਸੈਂਟਰ ਤੋਂ ਤੁਰੰਤ ਸਹਾਇਤਾ ਪ੍ਰਾਪਤ ਕਰ ਸਕਦਾ ਹੈ,”।
ਬੁਲਾਰਾ ਨੀਲ ਗਰਗ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਆਪਣੇ ਲੋਕਾਂ ਦੀ ਸੁਰੱਖਿਆ ਅਤੇ ਆਰਾਮ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਹੈਲਪ ਸੈਂਟਰ ਹਵਾਈ ਅੱਡੇ ਰਾਹੀਂ ਸਫ਼ਰ ਕਰਨ ਵਾਲੇ ਪੰਜਾਬੀਆਂ ਲਈ ਵੱਖ-ਵੱਖ ਸਥਿਤੀਆਂ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ ਇੱਕ ਮਹੱਤਵਪੂਰਨ ਸਹਾਇਤਾ ਪ੍ਰਣਾਲੀ ਵਜੋਂ ਕੰਮ ਕਰੇਗਾ।
ਨੀਲ ਗਰਗ ਨੇ ਦੱਸਿਆ ਕਿ ਲੋੜਵੰਦ ਯਾਤਰੀ ਸਿੱਧੇ ਤੌਰ ‘ਤੇ ਪੰਜਾਬ ਹੈਲਪ ਸੈਂਟਰ ਦੇ ਹੈਲਪ ਲਾਈਨ ਨੰਬਰ 011-61232182 ‘ਤੇ ਸੰਪਰਕ ਕਰ ਸਕਦੇ ਹਨ।
- Advertisement -
ਪੰਜਾਬ ਸਰਕਾਰ ਵੱਲੋਂ ਚੁੱਕੇ ਗਏ ਇਸ ਮਹੱਤਵਪੂਰਨ ਕਦਮ ਨਾਲ ਨਾਗਰਿਕਾਂ ਨੂੰ ਉਨ੍ਹਾਂ ਦੀ ਯਾਤਰਾ ਦੌਰਾਨ ਤੁਰੰਤ ਅਤੇ ਪ੍ਰਭਾਵੀ ਸਹਾਇਤਾ ਪ੍ਰਾਪਤ ਹੋਵੇਗੀ।