ਚੰਡੀਗੜ੍ਹ : ਪੰਜਾਬ ਦੀ ਸਿਆਸਤ ਵਿੱਚ ਜਾਰੀ ਉਥਲ ਪੁਥਲ ਵਿਚਕਾਰ ਰਾਜ ਸਰਕਾਰ ਨੇ ਰਾਜ ਸਭਾ ਮੈਂਬਰ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਦੀ ਸੁਰੱਖਿਆ ਵਾਪਸ ਲੈ ਲਈ ਹੈ। ਇਹ ਕਦਮ ਹਰਭਜਨ ਸਿੰਘ ਦੇ ਆਮ ਆਦਮੀ ਪਾਰਟੀ ਛੱਡ ਕੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦੇ ਤੁਰੰਤ ਬਾਅਦ ਚੁੱਕਿਆ ਗਿਆ ਹੈ। ਉਨ੍ਹਾਂ ਦੇ ਜਲੰਧਰ ਸਥਿਤ ਘਰ ‘ਤੇ ਤਾਇਨਾਤ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਤੁਰੰਤ ਵਾਪਸ ਬੁਲਾ ਲਿਆ ਗਿਆ ਹੈ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਤੋਂ ਤੁਰੰਤ ਬਾਅਦ ਹੀ ਕੇਂਦਰ ਸਰਕਾਰ ਨੇ ਭੱਜੀ ਨੂੰ CRPF ਦੀ ਸੁਰੱਖਿਆ ਦੇ ਦਿੱਤੀ। ਉਨ੍ਹਾਂ ਦੇ ਘਰ ਦੇ ਬਾਹਰ ਇਹ ਜਵਾਨ ਤਾਇਨਾਤ ਕਰ ਦਿੱਤੇ ਗਏ ਹਨ।
ਦੱਸ ਦਈਏ ਕਿ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਸੰਦੀਪ ਪਾਠਕ ਨੇ ਸ਼ੁੱਕਰਵਾਰ ਨੂੰ ਪੰਜ ਹੋਰ ਸਾਂਸਦਾਂ ਸਮੇਤ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ। ਇਨ੍ਹਾਂ ਸੱਤ ਸਾਂਸਦਾਂ ‘ਚ ਰਜਿੰਦਰ ਗੁਪਤਾ, ਅਸ਼ੋਕ ਮਿੱਤਲ, ਸਵਾਤੀ ਮਾਲੀਵਾਲ, ਹਰਭਜਨ ਸਿੰਘ ਵਰਗੇ ਵੱਡੇ ਚਿਹਰਿਆਂ ਦੇ ਭਾਜਪਾ ‘ਚ ਸ਼ਾਮਿਲ ਹੋਣ ਦੀ ਗੱਲ ਕਹੀ ਗਈ ਸੀ। ਹਾਲਾਂਕਿ ਭੱਜੀ ਨੇ ਅਜੇ ਤੱਕ ‘ਆਪ’ ਛੱਡਣ ਜਾਂ ਭਾਜਪਾ ਵਿੱਚ ਸ਼ਾਮਲ ਹੋਣ ਬਾਰੇ ਖੁਦ ਕੁਝ ਨਹੀਂ ਕਿਹਾ ਹੈ, ਪਰ ਰਾਘਵ ਚੱਢਾ ਨੇ ਦਾਅਵਾ ਕੀਤਾ ਸੀ ਕਿ ਉਹ ਵੀ ਉਨ੍ਹਾਂ ਦੇ ਨਾਲ ਹਨ।
ਬੀਤੇ ਕੱਲ੍ਹ ਆਮ ਆਦਮੀ ਪਾਰਟੀ (ਆਪ) ਦੇ ਵਰਕਰਾਂ ਨੇ ਰਾਜ ਸਭਾ ਮੈਂਬਰ ਹਰਭਜਨ ਸਿੰਘ, ਅਸ਼ੋਕ ਮਿੱਤਲ ਅਤੇ ਰਜਿੰਦਰ ਗੁਪਤਾ ਦੀਆਂ ਰਿਹਾਇਸ਼ਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ।ਲੁਧਿਆਣਾ ਅਤੇ ਜਲੰਧਰ ਵਿੱਚ ਵਰਕਰਾਂ ਨੇ ‘ਸਪ੍ਰੇ ਪੇਂਟ’ ਨਾਲ ਉਨ੍ਹਾਂ ਦੇ ਘਰਾਂ ਦੀਆਂ ਕੰਧਾਂ ‘ਤੇ ‘ਗੱਦਾਰ’ ਲਿਖ ਦਿੱਤਾ। ਜਲੰਧਰ ਵਿੱਚ ‘ਆਪ’ ਵਰਕਰਾਂ ਨੇ ਸਾਂਸਦ ਅਸ਼ੋਕ ਮਿੱਤਲ ਦਾ ਪੁਤਲਾ ਫੂਕਿਆ ਅਤੇ ਐੱਲ.ਪੀ.ਯੂ. ਦੇ ਬਾਹਰ ਲੱਗੇ ਪੋਸਟਰਾਂ ‘ਤੇ ਕਾਲੀ ਸਿਆਹੀ ਫੇਰੀ। ਸਿਰਾਂ ‘ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਪਹੁੰਚੇ ਵਰਕਰਾਂ ਨੇ ‘ਪਾਰਟੀ ਦੇ ਗੱਦਾਰ’ ਅਤੇ ‘ਪੰਜਾਬ ਦੇ ਗੱਦਾਰ’ ਵਰਗੇ ਨਾਅਰੇ ਲਗਾਏ।
ਦੂਜੇ ਪਾਸੇ, ਲੁਧਿਆਣਾ ਵਿੱਚ ਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ ਦੇ ਭਾਜਪਾ ਵਿੱਚ ਜਾਣ ਦੇ ਐਲਾਨ ਤੋਂ ਬਾਅਦ ਕਿਚਲੂ ਨਗਰ ਸਥਿਤ ਟ੍ਰਾਈਡੈਂਟ ਗਰੁੱਪ ਦੇ ਦਫ਼ਤਰ ਦੇ ਬਾਹਰ ‘ਆਪ’ ਯੂਥ ਵਿੰਗ ਨੇ ਘਿਰਾਓ ਕਰਕੇ ਪੁਤਲਾ ਫੂਕਿਆ। ਕੰਧਾਂ ‘ਤੇ ‘ਗੱਦਾਰ’ ਲਿਖ ਕੇ ਰੋਸ ਪ੍ਰਗਟ ਕੀਤਾ ਗਿਆ। ਯੂਥ ਵਿੰਗ ਦੇ ਸੂਬਾ ਉਪ-ਪ੍ਰਧਾਨ ਪਰਮਿੰਦਰ ਸੰਧੂ ਨੇ ਇਸ ਨੂੰ ਦਲਬਦਲ ਦੀ ਰਾਜਨੀਤੀ ਕਰਾਰ ਦਿੱਤਾ।

