ਕਿਸਾਨਾਂ ਨੂੰ ਕਣਕ ਦਾ ਮਿਆਰੀ ਬੀਜ, ਖਾਦ ਤੇ ਦਵਾਈਆਂ ਵਾਜਬ ਮੁੱਲ ‘ਤੇ ਦੇਵੇਗੀ ਪੰਜਾਬ ਸਰਕਾਰ: ਕੁਲਦੀਪ ਸਿੰਘ ਧਾਲੀਵਾਲ

Rajneet Kaur
2 Min Read

 ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ ਕਣਕ ਦਾ ਮਿਆਰੀ ਬੀਜ, ਖਾਦ ਅਤੇ ਦਵਾਈਆਂ ਵਾਜਬ ਮੁੱਲ ‘ਤੇ ਕਿਸਾਨਾਂ ਨੂੰ ੳਪਲੱਬਧ ਕਰਵਾਈਆਂ ਜਾਣਗੀਆਂ। ਪਨਸੀਡ, ਪੰਜਾਬ ਐਗਰੋ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਉੱਚ ਪੱਧਰੀ ਮੀਟਿੰਗ ਉਪਰੰਤ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਕਣਕ ਦੇ ਨਕਲੀ ਬੀਜ ਦਾ ਇਕ ਵੀ ਦਾਣਾ ਬਜ਼ਾਰ ਵਿਚ ਨਹੀਂ ਵਿਕਣ ਦਿੱਤਾ ਜਾਵੇਗਾ।

ਧਾਲੀਵਾਲ ਨੇ ਕਿਹਾ ਕਿ ਸਾਡੀ ਖੇਤੀ ਦਾ ਆਧਾਰ ਬੀਜ ਹੈ, ਇਸ ਲਈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਮਿਆਰੀ ਬੀਜ ਵਾਜਬ ਮੁੱਲ ‘ਤੇ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਵੱਲੋਂ ਕਿਸਾਨਾਂ ਨੂੰ ਪ੍ਰਰਾਈਵੇਟ ਤੌਰ ‘ਤੇ ਗ਼ੈਰ ਮਿਆਰੀ ਬੀਜ ਵੇਚਣ ਵਾਲੇ ਲੋਕਾਂ ਦੀ ਲੁੱਟ ਤੋਂ ਬਚਾਉਣ ਲਈ ਇਹ ਵੱਡਾ ਉਪਰਾਲਾ ਹੈ।

ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਏਜੰਸੀਆਂ ਪਨਸੀਡ, ਰਾਸ਼ਟਰੀ ਬੀਜ ਕਾਰਪੋਰੇਸ਼ਨ ਆਦਿ ਰਾਹੀਂ ਬੀਜ ਕਿਸਾਨਾਂ ਨੂੰ ਉਪਲੱਬਧ ਕਰਵਾਉਣ ਲਈ ਠੋਸ ਨੀਤੀ ਬਣਾਈ ਜਾ ਰਹੀ ਹੈ। ਇਹ ਬੀਜ ਅੱਗੇ ਮਾਨਤਾ ਪ੍ਰਰਾਪਤ ਡੀਲਰਾਂ ਰਾਹੀਂ ਹੀ ਕਿਸਾਨਾਂ ਨੂੰ ਦਿੱਤਾ ਜਾਵੇਗਾ। ਸਰਕਾਰ ਵੱਲੋਂ ਬਿਨਾਂ ਕਿਸੇ ਖੱਜਲ-ਖੁਆਰੀ ਅਤੇ ਬਿਨਾਂ ਦੇਰੀ ਦੇ ਬੀਜ ਕਿਸਾਨਾਂ ਨੂੰ ਮੁਹੱਈਆ ਕਰਵਾਇਆ ਜਾਵੇਗਾ ਅਤੇ ਬੀਜ ‘ਤੇ ਸਬਸਿਡੀ ਦੇਣ ਲਈ ਪ੍ਰਣਾਲੀ ਨੂੰ ਹੋਰ ਸੌਖਾਲਾ ਕੀਤਾ ਜਾਵੇਗਾ।
ਧਾਲੀਵਾਲ ਨੇ ਅਧਿਕਾਰੀਆਂ ਨੂੰ ਕਿਹਾ ਕਿ ਕਿ ਬੀਜ ਦੀ ਕਮੀ ਨੂੰ ਪੂਰਾ ਕਰਨ ਲਈ ਰਾਸ਼ਟਰੀ ਬੀਜ ਕਾਰਪੋਰੇਸ਼ਨ ਨਾਲ ਰਾਬਤਾ ਕਾਇਮ ਕੀਤਾ ਜਾਵੇ। ਇਸ ਦੇ ਨਾਲ ਹੀ ਖੇਤੀਬਾੜੀ ਮੰਤਰੀ ਨੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਕਿ ਮਿਆਰੀ ਬੀਜ ਖਾਦ ਅਤੇ ਦਵਾਈਆਂ ਸਮੇਂ ਸਿਰ ਕਿਸਾਨਾਂ ਨੂੰ ਉਪਲੱਬਧ ਕਰਵਾਉਣ ਲਈ ਠੋਸ ਪਲੈਨ ਅਗਲੇ ਹਫਤੇ ਤਕ ਤਿਆਰ ਕਰਕੇ ਪੇਸ਼ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਖੱਜਲ-ਖੁਆਰੀ ਨਾ ਹੋਵੇ।

Share this Article
Leave a comment