ਚੰਡੀਗੜ੍ਹ: ਪੰਜਾਬ ਸਰਕਾਰ ਨੇ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ “ਹਿਫਾਜ਼ਤ” ਪ੍ਰੋਜੈਕਟ ਦੀ ਸ਼ੁਰੂਆਤ ਕਰ ਦਿੱਤੀ ਹੈ। ਹੁਣ ਕਿਸੇ ਵੀ ਔਰਤ ਨਾਲ ਸਰੀਰਕ ਜਾਂ ਭਾਵਨਾਤਮਕ ਹਿੰਸਾ ਹੋਣ ‘ਤੇ, ਉਹ 181 ਨੰਬਰ ‘ਤੇ ਕਾਲ ਕਰਕੇ ਤੁਰੰਤ ਮਦਦ ਲੈ ਸਕਦੀ ਹੈ। ਸਰਕਾਰ ਨੇ ਵਾਅਦਾ ਕੀਤਾ ਹੈ ਕਿ ਇਹ ਮਾਮਲੇ ‘ਚ 10 ਮਿੰਟਾਂ ਦੇ ਅੰਦਰ ਕਾਰਵਾਈ ਹੋਵੇਗੀ।
ਇਹ ਪ੍ਰੋਜੈਕਟ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਸ਼ੁਰੂ ਕੀਤਾ ਗਿਆ ਹੈ। ਇਸ ਤਹਿਤ, ਸੁਰੱਖਿਆ ਅਧਿਕਾਰੀ ਨੂੰ ਆਧੁਨਿਕ ਵਾਹਨ ਦਿੱਤਾ ਜਾਵੇਗਾ, ਜੋ ਕਿਸੇ ਵੀ ਔਰਤ ਦੀ ਮਦਦ ਲਈ ਤੁਰੰਤ ਮੌਕੇ ‘ਤੇ ਪੁੱਜਣ। ਇਸ ਪ੍ਰੋਜੈਕਟ ਦਾ ਮਕਸਦ ਵਨ-ਸਟਾਪ ਸੈਂਟਰ, ਪੁਲਿਸ, ਪੰਚਾਇਤ ਅਤੇ ਹੋਰ ਵਿਭਾਗਾਂ ਨਾਲ ਮਿਲ ਕੇ ਪੀੜਤ ਔਰਤਾਂ ਨੂੰ ਨਿਆਂ ਦਿਵਾਉਣਾ ਹੈ।
181 ਹੈਲਪਲਾਈਨ ‘ਤੇ ਕੀਤੀ ਗਈ ਕਾਲ ਸਿੱਧੇ ਸੁਰੱਖਿਆ ਅਧਿਕਾਰੀ ਤੱਕ ਪਹੁੰਚੇਗੀ। ਜੇਕਰ ਕਿਸੇ ਪਿੰਡ ਜਾਂ ਸ਼ਹਿਰ ਵਿੱਚ ਹਿੰਸਾ ਦੀ ਘਟਨਾ ਵਾਪਰਦੀ ਹੈ, ਤਾਂ ਉਸ ਪਿੰਡ ਦੀ ਆਂਗਣਵਾੜੀ ਸੁਪਰਵਾਈਜ਼ਰ ਪੀੜਤ ਔਰਤ ਦੇ ਘਰ ਜਾ ਕੇ ਹਾਲਾਤ ਦੀ ਜਾਂਚ ਕਰੇਗੀ। ਨਾਲ ਹੀ ਪੁਲਿਸ ਵੀ ਤੁਰੰਤ ਕਾਰਵਾਈ ਕਰੇਗੀ।
ਔਰਤਾਂ ਵਿਰੁੱਧ ਹਿੰਸਾ ਦੇ ਅੰਕੜੇ (ਅਪ੍ਰੈਲ 2024 – ਜਨਵਰੀ 2025)
ਸਭ ਤੋਂ ਵੱਧ ਹਿੰਸਾ ਵਾਲੇ ਜ਼ਿਲ੍ਹੇ:
ਤਰਨਤਾਰਨ – 390 ਕੇਸ
ਅੰਮ੍ਰਿਤਸਰ – 323 ਕੇਸ
ਪਟਿਆਲਾ – 306 ਕੇਸ
ਗੁਰਦਾਸਪੁਰ – 282 ਕੇਸ
ਸੰਗਰੂਰ – 266 ਕੇਸ
ਘੱਟ ਹਿੰਸਾ ਵਾਲੇ ਜ਼ਿਲ੍ਹੇ:
ਫਰੀਦਕੋਟ – 104 ਕੇਸ
ਮਾਨਸਾ – 93 ਕੇਸ
ਨਵਾਂਸ਼ਹਿਰ – 90 ਕੇਸ
ਮਾਲੇਰਕੋਟਲਾ – 90 ਕੇਸ
ਕਪੂਰਥਲਾ – 56 ਕੇਸ
ਇਹ ਅੰਕੜੇ ਸਿਰਫ਼ “ਵਨ-ਸਟਾਪ ਸੈਂਟਰ” ਤੱਕ ਪਹੁੰਚਣ ਵਾਲੀਆਂ ਸ਼ਿਕਾਇਤਾਂ ਦੇ ਹਨ। ਬਹੁਤ ਸਾਰੀਆਂ ਔਰਤਾਂ ਡਰ ਜਾਂ ਸਮਾਜਕ ਦਬਾਅ ਕਾਰਨ ਹਿੰਸਾ ਖ਼ਿਲਾਫ਼ ਆਵਾਜ਼ ਨਹੀਂ ਉਠਾਉਂਦੀਆਂ।
ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ “ਹਿਫਾਜ਼ਤ” ਮੁਹਿੰਮ ਨੂੰ ਹੋਰ ਸ਼ਕਤੀਸ਼ਾਲੀ ਬਣਾਉਣ ਲਈ ਨਵੀਂ ਯੋਜਨਾਵਾਂ ਲਾਗੂ ਕੀਤੀਆਂ ਜਾਣਗੀਆਂ। ਮੁੱਖ ਮੰਤਰੀ ਨੇ ਲੋਕਾਂ ਨੂੰ ਹਿੰਸਾ ਵਿਰੁੱਧ ਸੁਰੱਖਿਆ ਪ੍ਰਣਾਲੀ ਨਾਲ ਜੁੜਨ ਦੀ ਅਪੀਲ ਕਰਦਿਆਂ ਕਿਹਾ ਕਿ “ਪੰਜਾਬ ‘ਚ ਕੋਈ ਵੀ ਔਰਤ ਅਣਸੁਣੀ ਨਹੀਂ ਰਹੇਗੀ!
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।