ਚੰਡੀਗੜ੍ਹ: ਅੰਤਰਰਾਸ਼ਟਰੀ ਉਡਾਣਾ ਰਾਹੀਂ ਪੰਜਾਬ ਆਉਣ ਵਾਲਿਆਂ ਲਈ ਪੰਜਾਬ ਸਰਕਾਰ ਵੱਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਯਾਤਰਾ ਤੋਂ ਪਹਿਲਾਂ ਸਾਰੇ ਯਾਤਰੀਆਂ ਨੂੰ ਨਿਰਧਾਰਤ ਯਾਤਰਾ ਤੋਂ ਘੱਟੋ ਘੱਟ 72 ਘੰਟੇ ਪਹਿਲਾਂ ਆਨ ਲਾਈਨ ਪੋਰਟਲ www.newdelhiairport.in ‘ਤੇ ਸਵੈ-ਘੋਸ਼ਣਾ ਪੱਤਰ ਜਮ੍ਹਾਂ ਕਰਨਾ ਹੋਵੇਗਾ।
ਉਨ੍ਹਾਂ ਨੂੰ ਪੋਰਟਲ ‘ਤੇ ਇਹ ਸਵੈ-ਘੋਸ਼ਣਾ ਵੀ ਦੇਣੀ ਹੋਵੇਗੀ ਕਿ ਉਹ 14 ਦਿਨਾਂ ਦੇ ਲਾਜ਼ਮੀ ਇਕਾਂਤਵਾਸ ਅਰਥਾਤ ਆਪਣੇ ਖ਼ਰਚੇ ‘ਤੇ 7 ਦਿਨਾਂ ਦਾ ਸੰਸਥਾਗਤ ਇਕਾਂਤਵਾਸ ਜਿਸ ਤੋਂ ਬਾਅਦ ਸਿਹਤ ਦੀ ਸਵੈ- ਨਿਗਰਾਨੀ ਦੀ ਸ਼ਰਤ ‘ਤੇ 7 ਦਿਨਾਂ ਦੇ ਘਰੇਲੂ ਇਕਾਂਵਾਸ, ਦੀ ਪਾਲਣਾ ਕਰਨਗੇ।
ਸਿਹਤ ਮੰਤਰੀ ਨੇ ਦੱਸਿਆ ਹੁਣ ਯਾਤਰੀ ਘਰੇਲੂ ਇਕਾਂਤਵਾਸ ਲਈ ਸਿੱਧਾ ਆਨਲਾਈਨ ਵੀ ਅਪਲਾਈ ਕਰ ਸਕਦੇ ਹਨ ਜਿਸ ਤਹਿਤ ਸਿਰਫ਼ ਮਾਨਸਿਕ ਪਰੇਸ਼ਾਨੀ ਦੇ ਠੋਸ ਕਾਰਨਾਂ/ਕੇਸਾਂ ਜਿਵੇਂ ਕਿ ਗਰਭ ਅਵਸਥਾ, ਪਰਿਵਾਰ ਵਿੱਚ ਮੌਤ ਹੋਣ, ਗੰਭੀਰ ਬਿਮਾਰੀ ਅਤੇ 10 ਸਾਲ ਜਾਂ ਇਸ ਤੋਂ ਘੱਟ ਉਮਰ ਵਾਲੇ ਬੱਚਿਆਂ ਦੇ ਮਾਪਿਆਂ ਲਈ 14 ਦਿਨਾਂ ਦੇ ਘਰੇਲੂ ਇਕਾਂਤਵਾਸ ਦੀ ਆਗਿਆ ਹੋਵੇਗੀ। ਜੇ ਉਹ ਇਸ ਤਰ੍ਹਾਂ ਦੀ ਛੋਟ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਯਾਤਰਾ ਤੋਂ ਘੱਟੋ ਘੱਟ 72 ਘੰਟੇ ਪਹਿਲਾਂ ਆਨ ਲਾਈਨ ਪੋਰਟਲ (www.newdelhiairport.in) ‘ਤੇ ਬਿਨੈ ਕਰਨਾ ਹੋਵੇਗਾ।
ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਯਾਤਰੀ ਪੋਰਟਲ ‘ਤੇ ਕੋਵਿਡ-19 ਦੀ ਟੈਸਟ ਰਿਪੋਰਟ ਜਮ੍ਹਾ ਕਰਵਾ ਸਕਦੇ ਹਨ ਅਤੇ ਇੱਥੇ ਪਹੁੰਚਣ ‘ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਨੋਡਲ ਅਧਿਕਾਰੀ ਨੂੰ ਰਿਪੋਰਟ ਕਰਨਾ ਲਾਜ਼ਮੀ ਹੋਵੇਗਾ। ਸਰਕਾਰ ਦੁਆਰਾ ਆਨਲਾਈਨ ਪੋਰਟਲ ‘ਤੇ ਦਿੱਤਾ ਗਿਆ ਫੈਸਲਾ ਅੰਤਿਮ ਹੋਵੇਗਾ।