ਜਲਾਲਾਬਾਦ, 7 ਨਵੰਬਰ: ਪੰਜਾਬ ਦੇ ਖੇਡਾਂ, ਯੁਵਕ ਸੇਵਾਵਾਂ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਉਪਮੰਡਲ ਦੇ ਪਿੰਡ ਮਾਹਮੂ ਜੋਈਆਂ ਦੇ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਵਿਚ ਵਿਚ ਸਕੂਲ ਦੇ ਨਵੇਂ ਬਣੇ ਸਮਾਰਟ ਬਲਾਕ ਦਾ ਉਦਘਾਟਨ ਕੀਤਾ ਅਤੇ ਸਿੱਖਿਆ ਦੇ ਡਿਜੀਟਿਲੀਕਰਨ ਲਈ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਟੇਬਲੇਟ ਅਤੇ ਸੀਨਿਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਮੋਬਾਇਲ ਫੋਨ ਅਤੇ ਸਾਇਕਲਾਂ ਤਕਸੀਮ ਕੀਤੀਆਂ।
ਇਸ ਮੌਕੇ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਰਾਜ ਦੀ ਸਿੱਖਿਆ ਨੂੰ ਨਵੀਂਆਂ ਬੁਲੰਦੀਆਂ ਤੇ ਲੈ ਕੇ ਜਾਣ ਲਈ ਕੰਮ ਕਰ ਰਹੀ ਹੈ। ਉਨਾਂ ਨੇ ਕਿਹਾ ਕਿ ਇਸੇ ਦਾ ਹੀ ਨਤੀਜਾ ਹੈ ਕਿ ਸਰਕਾਰੀ ਸਕੂਲਾਂ ਵਿਚ ਦਾਖਲੇ ਵਧੇ ਹਨ ਅਤੇ ਸਕੂਲਾਂ ਵਿਚ ਸਿੱਖਿਆ ਦਾ ਮਿਆਰ ਉਚਾ ਹੋਇਆ ਹੈ। ਉਨਾਂ ਨੇ ਕਿਹਾ ਕਿ ਮਨੁੱਖੀ ਵਿਕਾਸ ਵਿਚ ਸਿੱਖਿਆ ਦਾ ਸਭ ਤੋਂ ਮਹੱਤਵਪੂਰਨ ਸਥਾਨ ਹੈ ਇਸੇ ਲਈ ਸੂਬਾ ਸਰਕਾਰ ਵਿਦਿਆ ਖੇਤਰ ਦਾ ਡਿਜਟਿਲੀਕਰਨ ਕਰ ਰਹੀ ਹੈ ਤਾਂ ਜੋ ਸਾਡੇ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਨਵੇਂ ਜਮਾਨੇ ਦੀ ਸਿੱਖਿਆ ਮਿਲ ਸਕੇ ਅਤੇ ਸਾਡੇ ਬੱਚੇ ਦੁਨੀਆਂ ਦਾ ਮੁਕਾਬਲਾ ਕਰ ਸਕਨ। ਇਸ ਮੌਕੇ ਉਨਾਂ ਨੇ ਪਿੰਡ ਦੇ ਸਕੂਲ ਦੇ ਵਿਕਾਸ ਸਬੰਧੀ ਰੱਖੀਆ ਮੰਗਾਂ ਨੂੰ ਵੀ ਪ੍ਰਵਾਨ ਕੀਤਾ। ਇਸ ਤੋਂ ਪਹਿਲਾਂ ਉਨਾਂ ਨੇ ਸਮੂਚੇ ਪੰਜਾਬ ਵਿਚ ਮਿਸ਼ਨ ਸੱਤ ਪ੍ਰਤੀਸਤ, ਸਮਾਰਟ ਸਕੂਲਾਂ ਦੇ ਉਦਘਾਟਨ ਅਤੇ ਪ੍ਰਾਇਮਰੀ ਸਕੂਲਾਂ ਨੂੰ ਟੇਬਲੇਟ ਵੰਡਣ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਵਿਚ ਹੋਏ ਸੂਬਾ ਪੱਧਰੀ ਆਨਲਾਈਨ ਸਮਾਗਮ ਵਿਚ ਵੀ ਸਿਰਕਤ ਕੀਤੀ।
ਖੇਡਾਂ, ਯੁਵਕ ਸੇਵਾਵਾਂ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜਿੰਦਗੀ ਵਿਚ ਸਫਲਤਾ ਦਾ ਮੰਤਰ ਸਾਂਝਾ ਕਰਦਿਆਂ ਕਿਹਾ ਕਿ ਤਰੱਕੀ ਲਈ ਗਿਆਨ ਦੇ ਨਾਲ ਨਾਲ ਆਤਮ ਵਿਸ਼ਵਾਸ ਵੀ ਬਹੁਤ ਜਰੂਰੀ ਹੈ। ਉਨਾਂ ਨੇ ਕਿਹਾ ਕਿ ਖੇਡਾਂ ਤੋਂ ਆਤਮ ਵਿਸਵਾਸ਼ ਪਨਪਦਾ ਹੈ ਇਸ ਲਈ ਹਰੇਕ ਵਿਦਿਆਰਥੀ ਕਿਸੇ ਨਾ ਕਿਸੇ ਖੇਡ ਵਿਚ ਹਿੱਸਾ ਜਰੂਰ ਲਵੇ। ਉਨਾਂ ਨੇ ਕਿਹਾ ਕਿ ਦਿ੍ਰੜ ਇੱਛਾ ਸ਼ਕਤੀ, ਆਪਣੇ ਟੀਚੇ ਦੀ ਸਪੱਸ਼ਟ ਪਹਿਚਾਣ ਅਤੇ ਫਿਰ ਉਸਦੀ ਪ੍ਰਾਪਤੀ ਲਈ ਲਗਨ ਅਤਿ ਜਰੂਰੀ ਹੈ। ਉਨਾਂ ਨੇ ਕਿਹਾ ਕਿ ਇੰਨਾਂ ਨਿਯਮਾਂ ਦਾ ਪਾਲਣ ਕਰੋ ਤਾਂ ਫਿਰ ਮਨੁੱਖ ਨੂੰ ਮੰਜਿਲ ਤੇ ਪਹੁੰਚਣ ਤੋਂ ਕੋਈ ਨਹੀਂ ਰੋਕ ਸਕਦਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਕੇਂਦਰ ਸਰਕਾਰ ਮਾਲ ਗੱਡੀਆਂ ਚਲਾਉਣ ਦੇ ਮੁੱਦੇ ਤੇ ਰਾਜਨੀਤੀ ਕਰ ਰਹੀ ਹੈ। ਉਨਾਂ ਨੇ ਕਿਹਾ ਕਿ ਸੂਬੇ ਵਿਚ ਖਾਦਾਂ ਦੀ ਘਾਟ ਅਤੇ ਇੰਡਸਟਰੀ ਦੇ ਕੱਚੇ ਅਤੇ ਤਿਆਰ ਮਾਲ ਦੀ ਢੋਆ ਢੁਆਈ ਵਿਚ ਆ ਰਹੀ ਦਿੱਕਤ ਲਈ ਕੇਂਦਰ ਸਰਕਾਰ ਜਿੰਮੇਵਾਰ ਹੈ ਜੋ ਜਾਣਬੁੱਝ ਕੇ ਟ੍ਰੇਨਾਂ ਨਹੀਂ ਚਲਾ ਰਹੀ ਹੈ ਜਦ ਕਿ ਸੂਬੇ ਦੀਆਂ ਰੇਲ ਪਟੜੀਆਂ ਖਾਲੀ ਹਨ। ਉਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੀ ਹਰ ਨੀਤੀ ਦੇਸ਼ ਦੇ ਵਿਕਾਸ ਨੂੰ ਮੱਠਾ ਕਰਨ ਵਾਲੀ ਹੈ। ਇਕ ਹੋਰ ਸਵਾਲ ਦੇ ਜਵਾਬ ਵਿਚ ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾਂ ਨਾਲ ਰਾਜ ਵਿਚ ਖੇਡ ਸਭਿਆਚਾਰ ਵਿਕਸਤ ਹੋ ਰਿਹਾ ਹੈ। ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਣਾਈ ਖੇਡ ਨੀਤੀ ਦੇ ਸਾਰਥਕ ਨਤੀਜੇ ਨਿਕਲੇ ਹਨ ਅਤੇ ਨੌਜਵਾਨ ਖੇਡਾਂ ਵਿਚ ਭਾਗ ਲੈ ਰਹੇ ਹਨ।
ਇਸ ਮੌਕੇ ਐਸ.ਡੀ.ਐਮ. ਸੂਬਾ ਸਿੰਘ, ਡਿਪਟੀ ਡੀਈਓ ਅਤੇ ਪਿ੍ਰੰਸੀਪਲ ਸ੍ਰੀ ਬਿ੍ਰਜਮੋਹਨ ਸਿੰਘ ਬੇਦੀ, ਸਿਮਰਨ ਪਾਲ ਸਿੰਘ ਭੰਡਾਰੀ, ਬਲਦੇਵ ਸਿੰਘ ਮਾਹਮੂ ਜੋਈਆਂ, ਸ੍ਰੀ ਵਿੱਕੀ ਸਿੱਧੂ, ਦਵਿੰਦਰ ਸਿੰਘ ਜੰਗ, ਸੰਦੀਪ ਸਿੰਘ, ਮੁਖਤਿਆਰ ਸਿੰਘ, ਨਸੀਬ ਸਿੰਘ ਗਿੱਲ, ਚੰਦਰ ਸੇਖ਼ਰ ਖੈਰਕੇ, ਬੂਟਾ ਸਿੰਘ ਆਦਿ ਵੀ ਹਾਜਰ ਸਨ।