ਪੰਜਾਬ ਸਰਕਾਰ ਨੇ PSPCL ਦੇ ਮੁਲਾਜ਼ਮਾਂ ਦੀ ਤਨਖਾਹ ‘ਚ ਕੀਤਾ ਵਾਧਾ: ਹਰਭਜਨ ਸਿੰਘ ਈਟੀਓ

Rajneet Kaur
2 Min Read

ਚੰਡੀਗੜ੍ਹ: ਪੰਜਾਬ ਸਰਕਾਰ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਦੇ ਮੁਲਾਜ਼ਮਾਂ ਦੀ ਸ਼ੁਰੂਆਤੀ ਤਨਖਾਹ ਦੇ ਸਕੇਲ ਵਿੱਚ ਅਹਿਮ ਵਾਧੇ ਕਰਨ ਦਾ ਐਲਾਨ ਕੀਤਾ ਹੈ। ਇਸ ਲੜੀ ਹੇਠ, ਜੂਨੀਅਰ ਇੰਜੀਨੀਅਰਾਂ ਦੀ ਸ਼ੁਰੂਆਤੀ ਤਨਖਾਹ 17,450 ਰੁਪਏ ਤੋਂ ਵਧਾ ਕੇ 19,260 ਰੁਪਏ ਕਰ ਦਿੱਤੀ ਗਈ ਹੈ।

ਇਹ ਐਲਾਨ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਪੀਐੱਸਪੀਸੀਐੱਲ ਦੇ ਮੁਲਾਜ਼ਮਾਂ ਵੱਲੋਂ ਆਪਣੇ ਤਨਖਾਹ ਦੇ ਸਕੇਲ ਨੂੰ ਪੰਜਾਬ ਸਰਕਾਰ ਦੇ ਹੋਰਨਾਂ ਕਰਮਚਾਰੀਆ ਦੇ ਬਰਾਬਰ ਕਰਨ ਸਬੰਧੀ ਲਗਾਤਾਰ ਕੀਤੀ ਜਾ ਰਹੀ ਮੰਗ ਦੇ ਜਵਾਬ ਵਿੱਚ ਕੀਤਾ। ਉਨ੍ਹਾਂ ਦੱਸਿਆ ਕਿ ਪੀਐੱਸਪੀਸੀਐੱਲ ਵੱਲੋਂ ਸੋਧੇ ਹੋਏ ਤਨਖਾਹ ਦੇ ਸਕੇਲ ਸਬੰਧੀ ਸਰਕੂਲਰ ਜਾਰੀ ਕਰ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਡਿਵੀਜ਼ਨਲ ਸੁਪਰਡੈਂਟ ਅਕਾਊਂਟਸ, ਰੈਵੇਨਿਊ ਅਕਾਊਂਟੈਂਟ ਆਦਿ ਸ਼੍ਰੇਣੀ ਗਰੁੱਪ 14 ਤੋਂ 16 ਵਿੱਚ ਰੱਖੇ ਗਏ ਹਨ ਅਤੇ ਉਨ੍ਹਾਂ ਦੀ ਸ਼ੁਰੂਆਤੀ ਤਨਖਾਹ 17,960 ਰੁਪਏ ਤੋਂ ਵਧਾ ਕੇ 19,260 ਰੁਪਏ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਸੁਪਰਡੈਂਟ ਗ੍ਰੇਡ-2, ਪੀਏ, ਐੱਸਏਐੱਸ ਅਕਾਉਂਟਸ ਆਦਿ ਨੂੰ ਗਰੁੱਪ 15 ਤੋਂ 17 ਵਿੱਚ ਰੱਖਿਆ ਗਿਆ ਹੈ, ਜਿਨ੍ਹਾਂ ਦੀ ਸ਼ੁਰੂਆਤੀ ਤਨਖਾਹ 18,690 ਰੁਪਏ ਤੋਂ ਵਧਾ ਕੇ 19,260 ਰੁਪਏ ਕਰ ਦਿੱਤੀ ਗਈ ਹੈ।

ਇਸ ਮੌਕੇ ਮੰਤਰੀ ਹਰਭਜਨ ਸਿੰਘ ਈਟੀਓ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੀ ਭਲਾਈ ਲਈ ਵਚਨਬੱਧਤਾ ਦੀ ਦੁਹਰਾਇਆ। ਬਿਜਲੀ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਸਾਰੇ ਕਰਮਚਾਰੀਆਂ ਦੀਆਂ ਉੱਚਿਤ ਪਰੇਸ਼ਾਨੀਆਂ ਅਤੇ ਮੰਗਾਂ ਨੂੰ ਹੱਲ ਕਰਨ, ਉਨ੍ਹਾਂ ਦੀ ਮਿਹਨਤ ਅਤੇ ਸਮਰਪਣ ਲਈ ਉਚਿਤ ਮੁਆਵਜ਼ਾ ਅਤੇ ਮਾਨਤਾ ਦੇਣ ਨੂੰ ਯਕੀਨੀ ਬਣਾਉਣ ਲਈ ਸਮਰਪਿਤ ਹੈ।ਇਸ ਦੌਰਾਨ ਕਰਮਚਾਰੀਆਂ ਦੀਆਂ ਲੋੜਾਂ ਪ੍ਰਤੀ ਸਰਕਾਰ ਦੀ ਜਵਾਬਦੇਹੀ ਦਾ ਜ਼ਿਕਰ ਕਰਦਿਆਂ, ਮੰਤਰੀ ਈਟੀਓ ਨੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਤਨਖਾਹ ਦੇ ਸਕੇਲ ਉਦਯੋਗ ਦੇ ਮਾਪਦੰਡਾਂ ਦੇ ਅਨੁਸਾਰ ਹੋਣ ਅਤੇ ਸਾਡੇ ਕਰਮਚਾਰੀਆਂ ਨੂੰ ਉੱਚਿਤ ਮੁਆਵਜ਼ਾ ਮਿਲੇ। ਪੀਐੱਸਪੀਸੀਐੱਲ ਦੇ ਮੁਲਾਜ਼ਮਾਂ ਦੀ ਸ਼ੁਰੂਆਤੀ ਤਨਖਾਹ ਦੇ ਸਕੇਲ ਵਧਾਉਣ ਦਾ ਫੈਸਲਾ ਉਨ੍ਹਾਂ ਦੀ ਭਲਾਈ ਪ੍ਰਤੀ ਸਰਕਾਰ ਦੀ ਵਚਨਬੱਧਤਾ ਦਾ ਪ੍ਰਮਾਣ ਹੈ।

Share this Article
Leave a comment