ਚੰਡੀਗੜ੍ਹ : ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ਦੇ ਨਾਲ ਨਾਲ ਪੰਜਾਬ ਦੇ ਮੈਦਾਨੀ ਇਲਾਕੇ ਵਿੱਚ ਵੀ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਹ ਕਰਕੇ ਸਮੁੱਚਾ ਪੰਜਾਬ ਹੜ੍ਹਾਂ ਦੀ ਲਪੇਟ ਵਿੱਚ ਆ ਚੁੱਕਾ ਹੈ।ਮੀਂਹ ਤੇ ਹੜ੍ਹ ਕਾਰਨ ਸਥਿਤੀ ਗੰਭੀਰ ਬਣੀ ਹੋਈ ਹੈ। ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ 1200 ਤੋਂ ਵੱਧ ਪਿੰਡ ਹੜ੍ਹਾਂ ਤੋਂ ਪ੍ਰਭਾਵਿਤ ਹਨ। ਸਥਿਤੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਪੂਰੇ ਸੂਬੇ ਨੂੰ ਆਫ਼ਤ ਪ੍ਰਭਾਵਿਤ ਐਲਾਨ ਦਿੱਤਾ ਹੈ। ਇਸ ਦੇ ਨਾਲ ਹੀ ਰਾਹਤ ਕਾਰਜ ਹੋਰ ਤੇਜ਼ ਕਰ ਦਿੱਤੇ ਹਨ।
ਪੰਜਾਬ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਰਕੇ ਸੂਬੇ ਦੇ ਦਰਜਨਾਂ ਸ਼ਹਿਰ ਜਲਥਲ ਹੋਏ ਪਏ ਹਨ। ਇਸ ਦੇ ਨਾਲ ਹੀ ਹਿਮਾਚਲ ਦੀਆਂ ਪਹਾੜੀਆਂ ਵਿੱਚੋਂ ਆ ਰਹੇ ਪਾਣੀ ਕਰਕੇ ਰਾਵੀ ਅਤੇ ਬਿਆਸ ਤੋਂ ਬਾਅਦ ਸਤਲੁਜ ਦਰਿਆ ਵਿੱਚ ਵੀ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਹੈ। ਦੂਜੇ ਪਾਸੇ ਘੱਗਰ ਨਦੀ ਵਿੱਚ ਵੀ ਪਾਣੀ ਦਾ ਪੱਧਰ ਲਗਾਤਾਰ ਵਧਦਾ ਜਾ ਰਿਹਾ ਹੈ। ਸਤਲੁਜ ਅਤੇ ਘੱਗਰ ਨਦੀ ਵਿੱਚ ਪਾਣੀ ਵਧਣ ਕਰਕੇ ਮਾਲਵਾ ਖਿੱਤੇ ਦੇ ਲੋਕਾਂ ਦੇ ਮਨਾਂ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਹੁਣ ਤੱਕ ਹੜ੍ਹ ਅਤੇ ਮੀਂਹ ਨਾਲ ਸਬੰਧਿਤ ਹਾਦਸਿਆਂ ਵਿੱਚ ਮਰਨ ਵਾਲਿਆਂ ਦੀ ਗਿਣਤੀ 30 ਤੱਕ ਪਹੁੰਚ ਗਈ ਹੈ। ਤਿੰਨ ਲੋਕ ਲਾਪਤਾ ਹਨ ਅਤੇ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗਿਆ ਹੈ। ਪੰਜਾਬ ਸਰਕਾਰ ਅਨੁਸਾਰ, ਸੂਬੇ ਦੇ ਸਾਰੇ ਜ਼ਿਲ੍ਹੇ ਹੁਣ ਆਫ਼ਤ ਪ੍ਰਭਾਵਿਤ ਹਨ, ਜਦੋਂ ਕਿ 12 ਜ਼ਿਲ੍ਹਿਆਂ ਵਿੱਚ ਸਥਿਤੀ ਹੋਰ ਵੀ ਬਦਤਰ ਹੈ।