ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਵਿਚਾਲੇ ਪੰਜਾਬ ਸਰਕਾਰ ਨੇ ਲੈਵਲ-1 ਕੋਵਿਡ ਸੈਂਟਰਾਂ ਨੂੰ ਬੰਦ ਕਰਨ ਦਾ ਫੈਸਲਾ ਸੁਣਾਇਆ ਹੈ। ਇਸ ਦੇ ਹੁਕਮ ਅੱਜ ਤੋਂ ਲਾਗੂ ਹੋ ਗਏ ਹਨ। ਨਵੇਂ ਹੁਕਮਾਂ ਮੁਤਾਬਕ ਹੁਣ ਲੈਵਲ-1 ਕੋਵਿਡ ਸੈਟਰਾਂ ਦੇ ਬਿਲ ਮਨਜ਼ੂਰ ਨਹੀਂ ਹੋਣਗੇ। ਸੈਂਟਰਾਂ ‘ਚ ਮੌਜੂਦ ਸਾਰਾ ਸਮਾਨ ਤੁਰੰਤ ਜ਼ਿਲ੍ਹਾ ਸਰਕਾਰੀ ਹਸਪਤਾਲਾਂ ‘ਚ ਭੇਜਣ ਲਈ ਕਿਹਾ ਗਿਆ ਹੈ।
ਪੰਜਾਬ ਸਰਕਾਰ ਨੇ ਇਹ ਫੈਸਲਾ ਇਸ ਲਈ ਲਿਆ ਹੈ ਕਿਉਂਕਿ ਲੈਵਲ-1 ਦੇ ਸੈਂਟਰਾਂ ‘ਚ ਕੋਰੋਨਾ ਪਾਜ਼ਿਟਿਵ ਦੇ ਉਹਨਾਂ ਮਰੀਜ਼ਾਂ ਨੂੰ ਰੱਖਿਆ ਜਾਂਦਾ ਸੀ, ਜਿਹਨਾਂ ਨੂੰ ਕੋਈ ਵੀ ਲੱਛਣ ਨਾ ਹੋਣਾ ਜਾਂ ਘੱਟ ਲੱਛਣ ਹੋਣਾ ਦੀ ਸਥਿਤੀ ਹੁੰਦੀ ਸੀ। ਘੱਟ ਲੱਛਣਾਂ ਵਾਲੇ ਮਰੀਜ਼ਾ ਨੂੰ ਸਰਕਾਰ ਨੇ ਘਰਾਂ ‘ਚ ਇਕਾਂਤਵਾਸ ਰਹਿਣ ਦੀ ਖੁੱਲ੍ਹ ਦਿੱਤੀ ਹੋਈ ਹੈ। ਇਸ ਲਈ ਇਹ ਸਾਰੇ ਮਰੀਜ਼ ਆਪਣੇ ਆਪ ਨੂੰ ਘਰ ‘ਚ ਹੀ ਆਈਸੋਲੇਟ ਕਰ ਰਹੇ ਹਨ। ਇਸ ਕਰਕੇ ਲੈਵਲ-1 ਦੇ ਬੈੱਡ ਖਾਲੀ ਪਏ ਹਨ।
ਸਰਕਾਰ ਦਾ ਤਰਕ ਹੈ ਕਿ ਇਹਨਾਂ ਸੈਂਟਰਾਂ ‘ਚ ਜਿਆਦਾ ਬੈੱਡ ਖਾਲੀ ਪਏ ਸਨ, ਇਸ ਕਰਕੇ ਹੁਣ ਇਹਨਾਂ ਨੂੰ ਬੰਦ ਕੀਤਾ ਜਾ ਰਿਹਾ ਹੈ। ਹੁਕਮਾਂ ਮੁਤਾਬਕ ਜਿਹੜੇ ਮਰੀਜ਼ਾਂ ਨੂੰ ਇਲਾਜ਼ ਦੀ ਲੋੜ ਹੈ, ਉਨ੍ਹਾਂ ਨੂੰ ਲੈਵਲ-2 ਦੇ ਹਸਪਤਾਲਾਂ ‘ਚ ਭੇਜਣ ਲਈ ਕਿਹਾ ਗਿਆ ਹੈ।