ਚੰਡੀਗੜ੍ਹ: ਪੰਜਾਬ ਵਿੱਚ ਅੱਜ ਸਰਕਾਰੀ ਬੱਸਾਂ ਰਾਹੀਂ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਨਬਸ ਅਤੇ ਪੀਆਰਟੀਸੀ ਦੇ ਠੇਕਾ ਮੁਲਾਜ਼ਮ ਹੜਤਾਲ ‘ਤੇ ਚਲੇ ਗਏ ਹਨ, ਜਿਸ ਕਾਰਨ ਵੱਡੀ ਗਿਣਤੀ ਵਿੱਚ ਸਰਕਾਰੀ ਬੱਸਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਇਸ ਦਾ ਅਸਰ ਸੂਬੇ ਦੇ ਲੋਕਲ ਰੂਟਾਂ ਦੇ ਨਾਲ-ਨਾਲ ਹੋਰ ਸੂਬਿਆਂ ਨੂੰ ਜਾਣ ਵਾਲੀਆਂ ਬੱਸ ਸੇਵਾਵਾਂ ‘ਤੇ ਵੀ ਪੈ ਰਿਹਾ ਹੈ।
ਸਰਕਾਰ ਨੇ ਬੁਲਾਈ ਯੂਨੀਅਨ ਨਾਲ ਮੀਟਿੰਗ
ਯਾਤਰੀਆਂ ਨੂੰ ਹੋ ਰਹੀ ਦਿੱਕਤ ਨੂੰ ਦੇਖਦੇ ਹੋਏ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਵੇਰੇ 10 ਵਜੇ ਯੂਨੀਅਨ ਨਾਲ ਮੀਟਿੰਗ ਸੱਦੀ ਹੈ। ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਗਿੱਲ ਦਾ ਕਹਿਣਾ ਹੈ ਕਿ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ‘ਤੇ ਲੰਮੇ ਸਮੇਂ ਤੋਂ ਕੋਈ ਫ਼ੈਸਲਾ ਨਹੀਂ ਲਿਆ ਗਿਆ, ਜਿਸ ਕਾਰਨ ਉਨ੍ਹਾਂ ਨੂੰ ਹੜਤਾਲ ਦਾ ਰਾਹ ਅਪਣਾਉਣਾ ਪਿਆ।
1000 ਤੋਂ ਵੱਧ ਰੂਟ ਪ੍ਰਭਾਵਿਤ
ਪੰਜਾਬ ਸਰਕਾਰ ਕੋਲ 2,900 ਤੋਂ ਵੱਧ ਸਰਕਾਰੀ ਬੱਸਾਂ ਹਨ। ਇਨ੍ਹਾਂ ਵਿੱਚ 1,694 ਬੱਸਾਂ ਪੰਜਾਬ ਰੋਡਵੇਜ਼/ਪਨਬਸ ਅਤੇ 1,304 ਬੱਸਾਂ ਪੀਆਰਟੀਸੀ ਦੀਆਂ ਹਨ। ਇਹ ਬੱਸਾਂ 1,000 ਤੋਂ ਵੱਧ ਲੋਕਲ ਅਤੇ ਅੰਤਰਰਾਜੀ ਰੂਟਾਂ ‘ਤੇ ਚੱਲਦੀਆਂ ਹਨ। ਸਿਰਫ਼ ਪੀਆਰਟੀਸੀ ਹੀ 577 ਤੋਂ ਵੱਧ ਰੂਟਾਂ ‘ਤੇ ਸੇਵਾ ਦੇ ਰਹੀ ਹੈ। ਇਹ ਬੱਸਾਂ ਪੰਜਾਬ ਤੋਂ ਇਲਾਵਾ ਦਿੱਲੀ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਜੰਮੂ-ਕਸ਼ਮੀਰ ਅਤੇ ਉੱਤਰ ਪ੍ਰਦੇਸ਼ ਤੱਕ ਵੀ ਚਲਦੀਆਂ ਹਨ।
ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ‘ਤੇ ਅਸਰ
ਹਰ ਰੋਜ਼ ਕਰੀਬ 5 ਲੱਖ ਤੋਂ ਵੱਧ ਲੋਕ ਸਰਕਾਰੀ ਬੱਸਾਂ ਰਾਹੀਂ ਸਫ਼ਰ ਕਰਦੇ ਹਨ। ਮੁੱਖ ਮੰਤਰੀ ਦੀ ਮੁਫ਼ਤ ਬੱਸ ਯਾਤਰਾ ਯੋਜਨਾ ਤਹਿਤ ਇਨ੍ਹਾਂ ਵਿੱਚ ਲਗਭਗ 54 ਫ਼ੀਸਦੀ ਮਹਿਲਾਵਾਂ ਸ਼ਾਮਲ ਹਨ। ਸਰਕਾਰੀ ਬੱਸਾਂ ਹਰ ਰੋਜ਼ ਔਸਤਨ 6.5 ਲੱਖ ਕਿਲੋਮੀਟਰ ਤੋਂ ਵੱਧ ਦੂਰੀ ਤੈਅ ਕਰਦੀਆਂ ਹਨ। ਅਜਿਹੇ ਵਿੱਚ ਇਸ ਹੜਤਾਲ ਦਾ ਸਿੱਧਾ ਅਸਰ ਰੋਜ਼ਾਨਾ ਆਉਣ-ਜਾਣ ਵਾਲੇ ਯਾਤਰੀਆਂ, ਵਿਦਿਆਰਥੀਆਂ, ਨੌਕਰੀਪੇਸ਼ਾ ਲੋਕਾਂ ਅਤੇ ਦੂਜੇ ਰਾਜਾਂ ਵਿੱਚ ਸਫ਼ਰ ਕਰਨ ਵਾਲਿਆਂ ‘ਤੇ ਪੈ ਰਿਹਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

