ਜਗਤਾਰ ਸਿੰਘ ਸਿੱਧੂ;
ਪੰਜਾਬ ਵਿੱਚ ਸਾਉਣੀ ਦੀ ਮੁੱਖ ਫਸਲ ਝੋਨੇ ਦੀ ਲੁਆਈ ਲਈ ਪੰਜਾਬ ਸਰਕਾਰ ਅਤੇ ਕਿਸਾਨਾਂ ਨੇ ਤਿਆਰੀ ਖਿੱਚ ਲਈ ਹੈ। ਪੰਜਾਬੀਆਂ ਦੀ ਕਮਾਲ ਹੈ ਕਿ ਹੋਰ ਕੁਝ ਦਿਨਾਂ ਤੱਕ ਪੰਜਾਬ ਦਾ ਚੱਪਾ ਚੱਪਾ ਹਰੇ ਭਰੇ ਖੇਤਾਂ ਨਾਲ ਲਹਿਰਾਏਗਾ। ਆਪਣੇ ਆਪ ਵਿੱਚ ਵੱਡਾ ਸੁਨੇਹਾ ਹੁੰਦਾ ਹੈ ਕਿ ਪੰਜਾਬ ਕਿਵੇਂ ਇਸ ਦੇਸ਼ ਦੇ ਲੋਕਾਂ ਨੂੰ ਪੇਟ ਭਰਨ ਲਈ ਅਨਾਜ ਮੁਹਈਆ ਕਰਦਾ ਹੈ ।ਅਹਿਮ ਗੱਲ ਇਹ ਵੀ ਹੈ ਕਿ ਚਾਵਲ ਪੰਜਾਬੀਆਂ ਦੀ ਆਮ ਖੁਰਾਕ ਦਾ ਹਿੱਸਾ ਨਹੀਂ ਹੈ ।ਇਸ ਲਈ ਤਕਰੀਬਨ ਝੋਨੇ ਦੀ ਸਾਰੀ ਪੈਦਾਵਾਰ ਦੇਸ਼ ਲਈ ਕਰਦਾ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਾਉਣੀ ਦੀ ਫ਼ਸਲ ਲਈ ਕਿਸਾਨਾਂ ਨੂੰ ਬਿਜਲੀ ਸਮੇਤ ਖਾਦਾਂ, ਬੀਜਾਂ ਅਤੇ ਹੋਰ ਸਹੂਲਤਾਂ ਮੁਹਈਆ ਕਰਨ ਲਈ ਬਕਾਇਦਾ ਪ੍ਰੋਗਰਾਮ ਤੈਅ ਹੋ ਗਿਆ। ਜੇਕਰ ਮੁੱਖ ਫ਼ਸਲ ਝੋਨੇ ਦੀ ਗੱਲ ਕੀਤੀ ਜਾਵੇ ਤਾਂ ਝੋਨੇ ਦੀ ਸਿੱਧੀ ਬਿਜਾਈ ਪੰਦਰਾਂ ਮਈ ਤੋਂ ਸ਼ੁਰੂ ਹੋ ਗਈ ਹੈ। ਜਿਹੜੇ ਕਿਸਾਨ ਇਸ ਸਕੀਮ ਨੂੰ ਲੈ ਰਹੇ ਹਨ ਤਾਂ ਸਰਕਾਰ ਵੱਲੋਂ ਪੰਦਰਾਂ ਸੌ ਰੁਪਏ ਪ੍ਰਤੀ ਏਕੜ ਸਬਸਿਡੀ ਦੇ ਰੂਪ ਵਿੱਚ ਦਿੱਤੇ ਜਾ ਰਹੇ ਹਨ। ਇਸ ਦਾ ਮੰਤਵ ਪਾਣੀ ਦੀ ਬਚਤ ਕਰਨਾ ਹੈ। ਪਿਛਲੇ ਸਾਲ ਦੇ ਮੁਕਾਬਲੇ ਵੱਡਾ ਟੀਚਾ ਪੰਜ ਲੱਖ ਏਕੜ ਤੈਅ ਹੈ। ਹੁਣ ਝੋਨੇ ਦੀ ਰਵਾਇਤੀ ਢੰਗ ਨਾਲ ਲੁਆਈ ਦਾ ਤਿੰਨ ਪੜਾਵੀਂ ਪ੍ਰੋਗਰਾਮ ਤੈਅ ਕੀਤਾ ਗਿਆ ਹੈ। ਪਹਿਲੇ ਪੜਾਅ ਵਿੱਚ ਮਾਲਵੇ ਦੇ ਬਠਿੰਡਾ ਅਤੇ ਹੋਰ ਜ਼ਿਲ੍ਹੇ ਲਏ ਗਏ ਹਨ ਉੱਥੇ ਪਹਿਲੀ ਜੂਨ ਤੋਂ ਕਿਸਾਨਾਂ ਨੂੰ ਅੱਠ ਘੰਟੇ ਬਿਜਲੀ ਤੈਅ ਹੋ ਗਈ ਹੈ। ਇਸੇ ਤਰ੍ਹਾਂ ਦੂਜੇ ਅਤੇ ਤੀਜੇ ਪੜਾਅ ਵਿੱਚ ਵੀ ਝੋਨੇ ਦੀ ਲੁਆਈ ਦੇ ਨਾਲ ਹੀ ਅੱਠ ਘੰਟੇ ਬਿਜਲੀ ਮਿਲਣ ਲੱਗੇਗੀ। ਕਿਸਾਨਾਂ ਨਾਲ ਗੱਲਬਾਤ ਕਰਨ ਤੋਂ ਪਤਾ ਲਗਦਾ ਹੈ ਕਿ ਝੋਨੇ ਦੀ ਲੁਆਈ ਅਤੇ ਫਸਲ ਨੂੰ ਪਾਲਣ ਦਾ ਇਕੋ ਇਕ ਵੱਡਾ ਸਾਧਨ ਪਾਣੀ ਹੈ। ਪੰਜਾਬ ਸਰਕਾਰ ਵੱਲੋਂ ਝੋਨੇ ਲਈ ਦੋ ਪੱਧਰ ਤੇ ਪਾਣੀ ਦਾ ਪ੍ਰਬੰਧ ਕੀਤਾ ਗਿਆ ਹੈ।
ਜੇਕਰ ਨਹਿਰੀ ਪਾਣੀ ਦੀ ਗੱਲ ਕੀਤੀ ਜਾਵੇ ਤਾਂ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਨਹਿਰੀ ਪਾਣੀ ਨੂੰ ਹਰ ਖੇਤ ਤੱਕ ਪਹੁੰਚਾਉਣ ਦਾ ਪ੍ਰਬੰਧ ਕੀਤਾ ਗਿਆਂ ਹੈ। ਪਿਛਲੇ ਸਮੇਂ ਵਿੱਚ ਬੰਦ ਪਏ ਖਾਲ਼ਿਆਂ ਨੂੰ ਚਾਲੂ ਕੀਤਾ ਗਿਆ ਹੈ ।ਕੱਸੀਆਂ ਅਤੇ ਸੂਇਆਂ ਨੂੰ ਸਾਫ਼ ਕੀਤਾ ਗਿਆ ਹੈ ।ਇਸ ਮੁਹਿੰਮ ਦਾ ਅਸਰ ਭਾਖੜਾ ਬਿਆਸ ਮੈਨਜਮੈਂਟ ਬੋਰਡ ਦੀਆਂ ਮੀਟਿੰਗਾਂ ਵਿੱਚ ਪਾਣੀ ਦੀ ਵੰਡ ਨੂੰ ਲੈ ਕੇ ਹਰਿਆਣਾ ਅਤੇ ਬੋਰਡ ਅਧਿਕਾਰੀਆਂ ਨਾਲ ਟਕਰਾਅ ਤੋਂ ਵੀ ਪਤਾ ਲੱਗਦਾ ਹੈ। ਪੰਜਾਬ ਆਪਣੇ ਹਿੱਸੇ ਦਾ ਪੂਰਾ ਪਾਣੀ ਮੰਗ ਰਿਹਾ ਹੈ ਕਿਉਂਕਿ ਹੁਣ ਨਹਿਰੀ ਸਿਸਟਮ ਪਾਣੀ ਲੈਣ ਦੇ ਸਮਰੱਥ ਹੈ।
ਕਿਸਾਨਾਂ ਨੂੰ ਝੋਨੇ ਦੀ ਫ਼ਸਲ ਲਈ ਦੂਜੀ ਵੱਡੀ ਗਾਰੰਟੀ ਅੱਠ ਘੰਟੇ ਖੇਤੀਬਾੜੀ ਟਿਊਬਵੈਲਾਂ ਲਈ ਬਿਜਲੀ ਸਪਲਾਈ ਹੈ। ਹਾਲਾਂ ਕਿ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਹੇਠਾਂ ਜਾਣ ਦੀ ਸਮੱਸਿਆ ਹੈ ਪਰ ਜਿੱਥੇ ਤੱਕ ਕਿਸਾਨਾਂ ਦੀ ਫਸਲ ਦਾ ਸਵਾਲ ਹੈ ਕਿਸਾਨ ਬਿਜਲੀ ਦੀ ਸਪਲਾਈ ਤੋਂ ਸੰਤੁਸ਼ਟ ਹਨ। ਖਾਸ ਤੌਰ ਤੇ ਸਰਦੀਆਂ ਦੇ ਦਿਨਾਂ ਵਿੱਚ ਖੇਤੀ ਟਿਊਬਵੈਲਾਂ ਨੂੰ ਦਿਨ ਵੇਲੇ ਬਿਜਲੀ ਸਪਲਾਈ ਹੁੰਦੀ ਹੈ। ਪੰਜਾਬ ਵਿੱਚ ਝੋਨੇ ਦੀ ਭਰਵੀਂ ਫਸਲ ਲੈਣ ਲਈ ਵਿੱਢੀ ਮੁਹਿੰਮ ਲਾਜ਼ਮੀ ਰੰਗ ਲਿਆਏਗੀ!
ਸੰਪਰਕ 9814002186