ਜਲੰਧਰ: ਜਲੰਧਰ ‘ਚ ਬੀਤੇ ਦਿਨੀਂ ਮਿੱਠਾ ਬਾਜ਼ਾਰ ਦੇ ਪ੍ਰਵੀਨ ਕੁਮਾਰ ਦਾ ਕੋਰੋਨਾਵਾਇਰਸ ਟੈਸਟ ਪਾਜ਼ਿਟਿਵ ਆਇਆ ਸੀ ਤੇ ਅੱਜ ਉਨ੍ਹਾਂ ਦੀ ਮੌਤ ਹੋ ਗਈ ਹੈ।
ਮ੍ਰਿਤਕ 60 ਸਾਲਾ ਪਰਵੀਨ ਸ਼ਰਮਾ ਸਥਾਨਕ ਕਾਂਗਰਸੀ ਲੀਡਰ ਦੀਪਕ ਸ਼ਰਮਾ ਅਗਨੀਸ਼ ਦੇ ਪਿਤਾ ਸਨ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਇਹਤਿਆਤਨ ਤੇ ਟੈਸਟ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਹੈ।
ਦੱਸ ਦਈਏ ਸੂਬੇ ‘ਚ ਲਗਾਤਾਰ 12 ਘੰਟੇ ਅੰਦਰ ਇਹ ਦੂਜੀ ਮੌਤ ਹੈ। ਜਿਸ ਨਾਲ ਸੂਬੇ ਵਿਚ ਮੌਤਾਂ ਦਾ ਅੰਕੜਾ ਵਧ ਕੇ 10 ਤੱਕ ਪਹੁੰਚ ਗਿਆ ਹੈ।
ਉੱਥੇ ਹੀ ਬੀਤੀ ਦੇਰ ਰਾਤ ਰੂਪਨਗਰ ਜ਼ਿਲ੍ਹੇ ਦੇ ਪਿੰਡ ਚਤਾਮਲੀ ਦੇ ਕੋਰੋਨਾ ਵਾਇਰਸ ਪੀੜਤ ਮੋਹਣ ਸਿੰਘ ਦੀ ਪੀਜੀਆਈ ਚੰਡੀਗੜ੍ਹ ਵਿਖੇ ਮੌਤ ਹੋ ਗਈ ਸੀ। ਇਸ ਸਬੰਧੀ ਜਾਣਕਾਰੀ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਵੱਲੋਂ ਦਿਤੀ ਗਈ। ਦੱਸ ਦਈਏ ਬੀਤੇ ਦਿਨੀਂ ਉਕਤ ਮਰੀਜ਼ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਸੀ, ਜੋ ਸਰਕਾਰੀ ਹਸਪਤਾਲ ਸੈਕਟਰ 16 ਚੰਡੀਗੜ੍ਹ ‘ਚ ਦਾਖਲ ਸੀ।