ਆਖਰ ਕਦੋਂ ਰੁਕੇਗੀ ਸਿੱਧੂ-ਕੈਪਟਨ ਦੀ ਜੰਗ? ਪੜ੍ਹੋ ਮੁੱਖ ਮੰਤਰੀ ਖਿਲਾਫ਼ ਸਿੱਧੂ ਨੇ ਕਦੋਂ-ਕਦੋਂ ਖੋਲ੍ਹਿਆ ਮੋਰਚਾ

TeamGlobalPunjab
7 Min Read

-ਪ੍ਰਭਜੋਤ ਕੌਰ;

ਪੰਜਾਬ ਦੀ ਸਿਆਸਤ ਵਿੱਚ ਨਵਜੋਤ ਸਿੰਘ ਸਿੱਧੂ ਪਿਛਲੇ ਸਾਢੇ ਚਾਰ ਸਾਲਾਂ ਤੋਂ ਲਗਾਤਾਰ ਸੁਰਖੀਆਂ ਵਿੱਚ ਹਨ। ਕਦੇ ਮੰਤਰੀ ਦੇ ਅਹੁਦੇ ਤੇ ਰਹਿੰਦਿਆਂ ਤੇ ਕਦੇ ਮੰਤਰੀ ਦਾ ਅਹੁਦਾ ਛੱਡਣ ਅਤੇ ਫਿਰ ਆਪਣੀ ਹੀ ਸਰਕਾਰ ‘ਤੇ ਲਗਾਤਾਰ ਨਿਸ਼ਾਨਾ ਸਾਧਦੇ ਰਹਿਣ ਕਾਰਨ, ਹਲਾਂਕਿ ਅੰਦਰ ਖਾਤੇ ਜ਼ਿਆਦਾਤਰ ਕਾਂਗਰਸੀ ਲੀਡਰ ਪਾਰਟੀ ‘ਚ ਪੈਦਾ ਹੋਏ ਕਾਟੋ-ਕਲੇਸ਼ ਦਾ ਮੁੱਖ ਜ਼ਿੰਮੇਵਾਰ ਨਵਜੋਤ ਸਿੱਧੂ ਨੂੰ ਹੀ ਦੱਸ ਰਹੇ ਹਨ। ਸਿੱਧੂ ਦੇ ਮਗਰ ਲੱਗ ਕੇ ਹੀ ਬਾਕੀ ਵਿਧਾਇਕ ਤੇ ਕੈਪਟਨ ਦੇ ਕਰੀਬੀ ਮੰਤਰੀ ਵੀ ਮੋਰਚਾ ਖੋਲ੍ਹੀ ਬੈਠੇ ਸਨ। ਹਾਲਾਂਕਿ ਇਸ ਕਾਟੋ-ਕਲੇਸ਼ ਨੂੰ ਨਬੇੜਨ ਲਈ ਕਾਂਗਰਸ ਹਾਈਕਮਾਨ ਨੇ ਤਿੰਨ ਮੈਂਬਰੀ ਕਮੇਟੀ ਬਣਾਈ, ਜਿਸ ਨੇ 100 ਤੋਂ ਵੱਧ ਪੰਜਾਬ ਕਾਂਗਰਸ ਦੇ ਲੀਡਰਾਂ ਨਾਲ ਮੁਲਾਕਾਤ ਕੀਤੀ ਤੇ ਰਿਪੋਰਟ ਸੋਨੀਆ ਗਾਂਧੀ ਨੂੰ ਸੌਂਪ ਦਿੱਤੀ। ਰਾਹੁਲ ਗਾਂਧੀ ਨੇ ਵੀ ਕੁਝ ਵਿਧਾਇਕਾਂ, ਮੰਤਰੀਆਂ ਤੇ ਲੋਕਸਭਾ, ਰਾਜਸਭਾ ਮੈਂਬਰਾਂ ਨਾਲ ਗੱਲਬਾਤ ਕੀਤੀ।

ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਵੀ ਗਾਂਧੀ ਪਰਿਵਾਰ ਨਾਲ ਮੁਲਾਕਾਤ ਕਰਨ ਨੂੰ ਬੇਸਬਰ ਦਿਖੇ। ਕੈਪਟਨ ਤਾਂ ਦੋ ਦਿਨ ਦਿੱਲੀ ਡੇਰੇ ਲਾ ਆਏ ਪਰ ਉਹਨਾਂ ਦੀ ਮੀਟਿੰਗ ਨਾਂ ਹੋ ਸਕੀ। ਸਿੱਧੂ ਦੀ ਬੇਸਬਰੀ ਇਸ ਕਦਰ ਦੇਖਣ ਨੂੰ ਮਿਲੀ ਕੇ ਰਾਹੁਲ ਗਾਂਧੀ ਨੂੰ ਮਿਲਣ ਲਈ ਉਹ ਮੰਗਲਵਾਰ ਹੀ ਦਿੱਲੀ ਪਹੁੰਚ ਗਏ। ਦਿੱਲੀ ਪੁੱਜੇ ਤਾਂ ਅੱਗੋਂ ਹਾਈਕਮਾਨ ਦੇ ਦਰਵਾਜ਼ੇ ਬੰਦ ਮਿਲੇ। ਰਾਹੁਲ ਗਾਂਧੀ ਨੇ ਮੀਡੀਆ ਨੂੰ ਸਾਫ਼ ਕੀਤਾ ਕਿ ਮੰਗਲਵਾਰ ਲਈ ਨਵਜੋਤ ਸਿੱਧੂ ਨਾਲ ਕੋਈ ਮੀਟਿੰਗ ਤੈਅ ਨਹੀਂ ਹੈ।

ਇਸ ਦੌਰਾਨ ਪੰਜਾਬ ਕਾਂਗਰਸ ਦੇ ਸਾਰੇ ਲੀਡਰਾਂ ਦੀਆਂ ਨਿਗਾਹਾਂ ਸਿੱਧੂ ਦੀ ਦਿੱਲੀ ਫੇਰੀ ‘ਤੇ  ਲੱਗੀਆਂ ਹੋਈਆਂ ਸਨ, ਖਾਸ ਕਰਕੇ ਕੈਪਟਨ ਅਮਰਿੰਦਰ ਸਿੰਘ ਧੜੇ ਦੀਆਂ। ਕੈਪਟਨ ਦਾ ਵੱਖ ਧੜਾ ਇਸ ਲਈ ਕਿਉਂਕਿ ਸਿੱਧੂ ਤੇ ਕੈਪਟਨ ਵਿਚਾਲੇ ਜੋ ਸਿਆਸੀ ਦੂਰੀਆਂ ਪਈਆਂ ਹਨ, ਇਹਨਾਂ ਨੇ ਹੀ ਕੈਪਟਨ ਖੇਮਾ ਤੇ ਸਿੱਧੂ ਖੇਮਾ ਬਣਾ ਦਿੱਤਾ। ਅੰਦਰ ਖਾਤੇ ਤਾਂ ਸਿੱਧੂ ਦੀਆਂ ਸਿੱਧੀਆਂ ਗੱਲਾਂ ਦੇ ਹੱਕ ਵਿੱਚ ਕੈਪਟਨ ਧੜੇ ਦੇ ਲੀਡਰ ਵੀ ਹਨ ਪਰ ਸਾਹਮਣੇ ਕੋਈ ਨਹੀਂ ਆਉਣਾ ਚਾਹੁੰਦਾ।

- Advertisement -

ਜਦੋਂ ਮੰਗਲਵਾਰ ਨਵਜੋਤ ਸਿੱਧੂ ਦੀ ਰਾਹੁਲ ਗਾਂਧੀ ਨਾਲ ਮੁਲਾਕਾਤ ਨਾਂ ਹੋਈ ਤਾਂ ਅਗਲੇ ਦਿਨ ਯਾਨੀ ਬੁੱਧਵਾਰ ਉਹਨਾਂ ਸੋਸ਼ਲ ਮੀਡੀਆ ‘ਤੇ ਪ੍ਰਿਅੰਕਾਂ ਗਾਂਧੀ ਵਾਡਰਾ ਨਾਲ ਇੱਕ ਫੋਟੋ ਸ਼ੇਅਰ ਕੀਤੀ ਤੇ ਕੈਪਸ਼ਨ ‘ਚ ਲਿਖਿਆ ਕਿ, ‘ਪ੍ਰਿਅੰਕਾ ਗਾਂਧੀ ਨਾਲ ਕਾਫ਼ੀ ਲੰਬੀ ਗੱਲਬਾਤ ਹੋਈ।’ ਪ੍ਰਿਅੰਕਾ ਗਾਂਧੀ ਤੋਂ ਬਾਅਦ ਸ਼ਾਮ ਪੈਂਦੇ ਹੀ ਰਾਹੁਲ ਗਾਂਧੀ ਨੇ ਵੀ ਨਵਜੋਤ ਸਿੰਘ ਸਿੱਧੂ ਨੂੰ ਮੀਟਿੰਗ ਲਈ ਆਪਣੀ ਰਿਹਾਇਸ਼ ‘ਤੇ ਸੱਦਿਆ। ਦੋਵਾਂ ਲੀਡਰਾਂ ਵਿਚਾਲੇ ਮੀਟਿੰਗ ਸ਼ਾਮ 7:20 ਵਜੇ ਸ਼ੁਰੂ ਹੋਈ ਜੋ ਕਰੀਬ ਇੱਕ ਘੰਟਾ ਚੱਲੀ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਮੀਡੀਆ ਨਾਲ ਕੋਈ ਗੱਲਬਾਤ ਕੀਤੇ ਬਿਨ੍ਹਾ ਹੀ ਨਿਕਲ ਗਏ। ਹੁਣ ਬੰਦ ਕਮਰੇ ‘ਚ ਸਿੱਧੂ ਕਿਹੜੀ ਰਣਨੀਤੀ ਖੇਡ ਗਏ ? ਪੰਜਾਬ ਵਿੱਚ ਬੈਠੇ ਕਿਸੇ ਲੀਡਰਾਂ ਨੂੰ ਨਹੀਂ ਪਤਾ। ਵੈਸੇ ਸੂੱਤਰ ਦੱਸਦੇ ਹਨ ਕਿ ਗਾਂਧੀ ਪਰਿਵਾਰ ‘ਚ ਨਵਜੋਤ ਸਿੱਧੂ ਸਭ ਤੋਂ ਵੱਧ ਪ੍ਰਿਅੰਕਾ ਗਾਂਧੀ ਦੇ ਹੀ ਕਰੀਬ ਹਨ। ਇਸ ਦੀ ਇੱਕ ਉਦਾਹਰਣ ਵੀ ਹੈ। ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਕੈਬਿਨਟ ‘ਚ ਫੇਰਬਦਲ ਕਰਕੇ, ਨਵਜੋਤ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਖੋਹ ਕੇ ਬਿਜਲੀ ਵਿਭਾਗ ਦੇ ਦਿੱਤਾ ਸੀ ਤਾਂ ਸਿੱਧੂ ਨੇ ਨਵਾਂ ਮੰਤਰਾਲਾ ਲੈਣ ਦੀ ਬਜਾਏ ਕੈਬਿਨਟ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਸ ਸਮੇਂ ਲੋਕਸਭਾ 2019 ਦੀਆਂ ਚੋਣਾਂ ਲਈ ਸਿੱਧੂ ਨੇ ਪੰਜਾਬ ਛੱਡ ਕੇ ਦੇਸ਼ ਦੇ ਬਾਕੀ ਸੂਬਿਆਂ ‘ਚ ਚੋਣ ਪ੍ਰਚਾਰ ਕੀਤਾ। ਕੈਪਟਨ ਨਾਲ ਨਾਰਾਜ਼ਗੀ ਹੋਣ ਕਾਰਨ ਸਿੱਧੂ ਪੰਜਾਬ ਚੋਣ ਪ੍ਰਚਾਰ ਕਰਨ ਲਈ ਨਹੀਂ ਆਏ ਸਨ। ਜਿਸ ਤੋਂ ਬਾਅਦ ਪ੍ਰਿਅੰਕਾ ਗਾਂਧੀ ਹੀ ਨਵਜੋਤ ਸਿੱਧੂ ਨੂੰ ਚੋਣ ਪ੍ਰਚਾਰ ਕਰਨ ਲਈ ਬਠਿੰਡਾ ਲੈ ਕੇ ਆਏ ਸਨ। ਏਅਰਪੋਰਟ ‘ਤੇ ਜਦੋਂ ਪ੍ਰਿਅੰਕਾ ਗਾਂਧੀ ਨਾਲ ਨਵਜੋਤ ਸਿੱਧੂ ਨੇ ਐਂਟਰੀ ਮਾਰੀ ਸੀ ਤਾਂ ਸਾਹਮਣੇ ਸਵਾਗਤ ਲਈ ਸਮੂਚੀ ਪੰਜਾਬ ਲੀਡਰਸ਼ਿਪ ਪਹੁੰਚੀ ਹੋਈ ਸੀ। ਇਸ ਦੌਰਾਨ ਸਿੱਧੂ ਨੇ ਬਠਿੰਡਾ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਚੋਣ ਪ੍ਰ਼ਚਾਰ ਵੀ ਕੀਤਾ ਸੀ।

ਬਠਿੰਡਾ ਦੀ ਸਟੇਜ ‘ਤੇ ਪ੍ਰਚਾਰ ਦੌਰਾਨ ਨਵਜੋਤ ਸਿੱਧੂ ਨੇ ਵੱਡੀ ਗੱਲ ਆਖਦੇ ਹੋਏ ਕਿਹਾ ਕਿ – ‘ਫਿਕਸਡ ਮੈਚ ਖੇਡਣ ਵਾਲਿਆਂ ਨੂੰ ਠੋਕ ਦਿਓ ਤੇ ਮੇਰੇ ਭਰਾ (ਰਾਜਾ ਵੜਿੰਗ) ਨੂੰ ਜਿਤਾ ਦਿਓ।’ ਸਿੱਧੂ ਦੇ ਇਸ ਬਿਆਨ ਨੇ ਇੱਕ ਵਾਰ ਮੁੜ ਤੋਂ ਪੰਜਾਬ ਕਾਂਗਰਸ ਵਿੱਚ ਭੂਚਾਲ ਲਿਆ ਦਿੱਤਾ। ਕੈਪਟਨ ਤੇ ਸਿੱਧੂ ਆਹਮੋ ਸਾਹਮਣੇ ਹੋ ਗਏ। ਇਹ ਦੂਰੀਆਂ ਲੰਬੇ ਸਮੇਂ ਤੱਕ ਬਣੀਆਂ ਰਹੀਆਂ। ਇਸ ਦਰਮਿਆਨ ਨਵਜੋਤ ਸਿੱਧੂ ਨੇ ਪੰਜਾਬ ਦੀ ਸਿਆਸਤ ਤੋਂ ਵੀ ਦੂਰੀ ਬਣਾ ਲਈ ਸੀ। ਨਵਜੋਤ ਸਿੱਧੂ ਨਾਂ ਹੀ ਜ਼ਮੀਨੀ ਪੱਧਰ ਅਤੇ ਨਾਂ ਹੀ ਸੋਸ਼ਲ ਮੀਡੀਆ ‘ਤੇ ਐਕਟਿਵ ਦਿਖਾਈ ਦਿੰਦੇ ਸਨ। ਇਸ ਦੌਰਾਨ ਨਵਜੋਤ ਸਿੱਧੂ ਨੇ ਆਪਣੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੂੰ ਚੰਡੀਗੜ੍ਹ ਤੋਂ ਲੋਕ ਸਭਾ ਦੀ ਚੋਣ ਲੜਾਉਣੀ ਚਾਹੀ, ਪਰ ਉਹਨਾਂ ਨੂੰ ਟਿਕਟ ਨਾ ਮਿਲ ਸਕੀ। ਇਸ ਸਬੰਧੀ ਡਾ. ਨਵਜੋਤ ਕੌਰ ਸਿੱਧੂ ਨੇ ਇਲਜ਼ਾਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਆਸ਼ਾ ਕੁਮਾਰੀ ‘ਤੇ ਲਾਏ ਕਿ ਇਹਨਾਂ ਕਾਰਨ ਮੈਨੂੰ ਟਿਕਟ ਨਹੀਂ ਮਿਲੀ। ਫਿਰ ਕੈਪਟਨ ਤੇ ਸਿੱਧੂ ਵਿਚਾਲੇ ਸਿਆਸੀ ਦੂਰੀ ਲਗਾਤਾਰ ਬਣੀ ਰਹੀ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਲਈ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦੀ ਵੀ ਡਿਊਟੀ ਲਾਈ ਗਈ ਜੋ ਸਫ਼ਲ ਵੀ ਰਹੀ ਸੀ। ਹਰੀਸ਼ ਰਾਵਤ ਸਿੱਧੂ ਨੂੰ ਮੋਗਾ ਵਿੱਚ ਰਾਹੁਲ ਗਾਂਧੀ ਦੀ ਕਿਸਾਨ ਰੈਲੀ ਵਿੱਚ ਵੀ ਲੈ ਕੇ ਆਏ ਸਨ। ਇਸ ਦੌਰਾਨ ਸਿੱਧੂ ਦੇ ਤਲਖ ਤੇਵਰ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ‘ਤੇ ਦੇਖਣ ਨੂੰ ਮਿਲੇ ਜਦੋਂ ਰੰਧਾਵਾ ਨੇ ਸਿੱਧੂ ਨੂੰ ਸਮਾਂ ਘੱਟ ਹੋਣ ਦਾ ਹਵਾਲਾ ਦਿੰਦੇ ਹੋਏ ਸਪੀਚ ਖ਼ਤਮ ਕਰਨ ਲਈ ਕਿਹਾ ਸੀ।

ਮੋਗਾ ਰੈਲੀ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਵਿਚਾਲੇ ਦੁਰੀਆਂ ਘੱਟਦੀਆਂ ਦਿਖਾਈ ਦਿੱਤੀਆਂ। ਕੈਪਟਨ ਨੇ ਸਿੱਧੂ ਨੂੰ ਲੰਚ ‘ਤੇ ਵੀ ਸੱਦਿਆ। ਕੈਪਟਨ ਨੇ ਨਵਜੋਤ ਸਿੱਧੂ ਨਾਲ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਸੀ ਕਿ ਭਵਿੱਖ ਵਿੱਚ ਅਜਿਹੀਆਂ ਮੁਲਾਕਾਤਾਂ ਹੁੰਦੀਆਂ ਰਹਿਣਗੀਆਂ। ਉਸ ਦਿਨ ਤੋਂ ਬਾਅਦ ਹੁਣ ਤੱਕ ਕੈਪਟਨ ਨਾਲ ਸਿੱਧੂ ਨੇ ਲੰਚ ਨਹੀਂ ਕੀਤਾ। ਜਦੋਂ ਬੇਅਦਬੀ ਮਾਮਲੇ ‘ਤੇ ਤਤਕਾਲੀ ਆਈ.ਜੀ ਕੁਵੰਰ ਵਿਜੈ ਪ੍ਰਤਾਪ ਵੱਲੋਂ ਬਣਾਈ ਗਈ ਐਸ.ਆਈ.ਟੀ ਨੂੰ ਹਾਈਕੋਰਟ ਨੇ ਖਾਰਜ ਕਰ ਦਿੱਤਾ ਸੀ ਤਾਂ ਪੰਜਾਬ ਕਾਂਗਰਸ ਵਿੱਚ ਕਾਫ਼ੀ ਕਲੇਸ਼ ਪੈਦਾ ਹੋ ਗਿਆ ਸੀ। ਨਵਜੋਤ ਸਿੱਧੂ ਸਭ ਤੋਂ ਮੋਹਰੀ ਸਨ। ਸਿੱਧੂ ਦੇ ਮਗਰ ਕੈਪਟਨ ਦੇ ਕਰੀਬੀ ਮੰਤਰੀ ਤੇ ਵਿਧਾਇਕ ਵੀ ਨਿੱਤਰੇ ਸਨ, ਜਿਸ ਕਾਰਨ ਇਹ ਸਾਰਾ ਕਾਟੋ-ਕਲੇਸ਼ ਕਾਂਗਰਸ ਅੰਦਰ ਪੈਦਾ ਹੋਇਆ। ਹੁਣ ਇਹ ਕਲੇਸ਼ ਖਾਤਮੇ ਵੱਲ ਵੱਧ ਰਿਹਾ ਹੈ, ਕਿਉਂਕਿ ਕਾਂਗਰਸ ਹਾਈਕਮਾਨ ਜਲਦ ਹੀ ਪੰਜਾਬ ਵਿੱਚ ਵੱਡੇ ਐਲਾਨ ਕਰਨ ਜਾ ਰਹੀ ਹੈ।

Share this Article
Leave a comment