ਮੁੱਖ ਮੰਤਰੀ ਵੱਲੋਂ ਡੀ.ਜੀ.ਪੀ. ਨੂੰ ਸ਼ਰਾਬ ਦੀਆਂ ਦੁਕਾਨਾਂ ਸ਼ਾਮ 6.30 ਵਜੇ ਤੱਕ ਸਖ਼ਤੀ ਨਾਲ ਬੰਦ ਕਰਵਾਉਣ ਦੇ ਹੁਕਮ

TeamGlobalPunjab
9 Min Read

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਡੀ.ਜੀ.ਪੀ. ਨੂੰ ਨਿਰਦੇਸ਼ ਦਿੱਤੇ ਕਿ ਸੂਬੇ ਵਿੱਚ ਕੋਵਿਡ ਮਾਮਲਿਆਂ ਦੀ ਵੱਧਦੀ ਗਿਣਤੀ ਜੋ ਕਿ 46 ਹਜ਼ਾਰ ਤੱਕ ਪਹੁੰਚ ਚੁੱਕੀ ਹੈ ਅਤੇ 1200 ਦੀ ਜਾਨ ਲੈ ਚੁੱਕੀ ਹੈ ਅਤੇ ਜਿਸ ਦੇ ਆਉਂਦੇ ਹਫ਼ਤਿਆਂ ਵਿਚ ਹੋਰ ਵੱਧਣ ਦੀ ਸੰਭਾਵਨਾ ਹੈ, ਦੇ ਮੱਦੇਨਜ਼ਰ ਮੌਜੂਦਾ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਸ਼ਹਿਰਾਂ/ਕਸਬਿਆਂ ਵਿੱਚ ਸ਼ਰਾਬ ਦੇ ਠੇਕਿਆਂ ਨੂੰ ਸ਼ਾਮ 6.30 ਵਜੇ ਤੱਕ ਸਖ਼ਤੀ ਨਾਲ ਬੰਦ ਕਰਵਾਉਣ।

ਸ਼ਰਾਬ ਦੀਆਂ ਇਹ ਦੁਕਾਨਾਂ 31 ਅਗਸਤ ਤੱਕ ਲਾਗੂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੇਂਡੂ ਖੇਤਰਾਂ ਵਿਚ 10 ਵਜੇ ਤੱਕ ਖੁਲ੍ਹੇ ਰਹਿਣਗੇ ਅਤੇ ਇਸ ਤੋਂ ਬਾਅਦ ਇਸ ਫੈਸਲੇ ਦੀ ਸਮੀਖਿਆ ਕਰਦੇ ਹੋਏ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਜਾਣਗੇ।

ਮੁੱਖ ਮੰਤਰੀ ਦੇ ਇਹ ਹੁਕਮ ਸ਼ਹਿਰਾਂ ਵਿੱਚ ਸ਼ਾਮ 6.30 ਵਜੇ, ਜੋ ਕਿ ਹੋਰ ਦੁਕਾਨਾਂ ਦੇ ਬੰਦ ਹੋਣ ਦਾ ਸਮਾਂ ਹੁੰਦਾ ਹੈ, ਤੋਂ ਵੀ ਕਾਫੀ ਸਮੇਂ ਬਾਅਦ ਤੱਕ ਵੀ ਸ਼ਰਾਬ ਦੀਆਂ ਦੁਕਾਨਾਂ ਦੇ ਖੁੱਲ੍ਹੇ ਰਹਿਣ ਦੀਆਂ ਰਿਪੋਰਟਾਂ ਦਰਮਿਆਨ ਆਏ ਹਨ। ਮੁੱਖ ਮੰਤਰੀ ਸੂਬੇ ਦੇ ਚੋਟੀ ਦੇ ਅਧਿਕਾਰੀਆਂ ਅਤੇ ਸਿਹਤ/ਮੈਡੀਕਲ ਖੇਤਰ ਦੇ ਮਾਹਰਾਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਸੂਬੇ ਵਿਚ ਕੋਵਿਡ ਦੀ ਸਥਿਤੀ ਦੀ ਸਮੀਖਿਆ ਕਰ ਰਹੇ ਸਨ। ਸੂਬੇ ਦੇ ਪੇਂਡੂ ਖੇਤਰਾਂ ਵਿਚ ਵੀ ਇਸ ਮਹਾਂਮਾਰੀ ਦੇ ਫੈਲ ਜਾਣ ਦੇ ਮੱਦੇਨਜ਼ਰ ਮੁੱਖ ਮੰਤਰੀ ਨੇ ਕਿਹਾ ਕਿ ਉਹ ਪਿੰਡਾਂ ਦੇ ਸਰਪੰਚਾਂ ਨੂੰ ਪੱਤਰ ਲਿਖਣਗੇ ਤਾਂ ਜੋ ਸੁਰੱਖਿਆ ਪ੍ਰੋਟੋਕਾਲਾਂ ਅਤੇ ਸਾਵਧਾਨੀਆਂ ਦੀ ਪਾਲਣਾ ਯਕੀਨੀ ਬਣਾਈ ਜਾ ਸਕੇ।

ਭਾਰਤ ਸਰਕਾਰ ਵੱਲੋਂ ਹਾਸਲ ਹੋਏ ਵੈਂਟੀਲੇਟਰਾਂ ਵਿਚਲੀਆਂ ਕੁਝ ਖਾਮੀਆਂ ਦੀ ਰਿਪੋਰਟ ਮਿਲਣ ਬਾਰੇ ਮੁੱਖ ਮੰਤਰੀ ਨੇ ਇਨ੍ਹਾਂ ਦੀ ਤਜ਼ਰਬੇਕਾਰ ਇੰਜੀਨੀਅਰਾਂ ਅਤੇ ਡਾਕਟਰਾਂ ਦੁਆਰਾ ਬਾਰੀਕੀ ਨਾਲ ਜਾਂਚ ਕੀਤੇ ਜਾਣ ਦੇ ਹੁਕਮ ਦਿੱਤੇ।

- Advertisement -

ਕੈਪਟਨ ਅਮਰਿੰਦਰ ਸਿੰਘ ਨੇ ਫਰੀਦਕੋਟ ਦੇ ਵਿਧਾਇਕ ਕੀਕੀ ਢਿੱਲੋਂ ਦੁਆਰਾ ਫਰੀਦਕੋਟ ਮੈਡੀਕਲ ਕਾਲਜ ਵਿਚ ਪ੍ਰਬੰਧਨ ਦੇ ਮਾੜੇ ਹਾਲ ਸਬੰਧੀ ਲਾਏ ਦੋਸ਼ਾਂ ਬਾਰੇ ਵੀ ਪੁੱਛਗਿੱਛ ਕੀਤੀ ਅਤੇ ਸਿਹਤ ਵਿਭਾਗ ਨੂੰ ਸਵਾਲ ਕੀਤਾ ਕਿ ਕੀ ਕੋਵਿਡ ਸੰਕਟ ਨਾਲ ਨਜਿੱਠਣ ਲਈ ਕਾਲਜ ਕੋਲ ਲੋੜੀਂਦੀ ਮਾਤਰਾ ਵਿੱਚ ਉਪਕਰਣ ਅਤੇ ਕਰਮਚਾਰੀ ਹਨ। ਮੁੱਖ ਸਕੱਤਰ ਵਿਨੀ ਮਹਾਜਨ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਕਿ ਇੱਕ ਆਈ.ਏ.ਐਸ. ਅਧਿਕਾਰੀ ਜੋ ਕਿ ਖੁਦ ਇੱਕ ਐਮ.ਬੀ.ਬੀ.ਐਸ. ਡਾਕਟਰ ਵੀ ਹੈ, ਦੀ ਤਾਇਨਾਤੀ ਫਰੀਦਕੋਟ ਹਸਪਤਾਲ ਵਿਖੇ ਕੋਵਿਡ ਦੇ ਪ੍ਰਬੰਧਨ ਸਬੰਧੀ ਮਾਮਲਿਆਂ ਦੀ ਦੇਖ-ਰੇਖ ਹਿੱਤ ਕੀਤੀ ਗਈ ਹੈ।

ਮੁੱਖ ਸਕੱਤਰ ਨੇ ਅੱਗੇ ਦੱਸਿਆ ਕਿ ਸਭ ਤੋਂ ਵੱਧ ਮਾਮਲਿਆਂ ਵਾਲੇ 10 ਸੂਬਿਆਂ ਦੀ ਸੂਚੀ ਵਿਚ ਪੰਜਾਬ ਸਭ ਤੋਂ ਅਖੀਰਲੇ ਸਥਾਨ ਉੱਤੇ ਹੈ, ਪਰ ਮੌਤ ਦੀ ਵੱਧਦੀ ਦਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਅੱਗੇ ਕਿਹਾ ਕਿ ਨਿੱਜੀ ਹਸਪਤਾਲਾਂ ਦੀ ਮਦਦ ਸਦਕਾ ਸੂਬਾ ਮਾਮਲਿਆਂ ਦੀ ਗਿਣਤੀ ਵੱਧਣ ਦੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਭਾਰਤ ਸਰਕਾਰ ਦੇ ਕੈਬਨਿਟ ਸਕੱਤਰ ਨਾਲ ਵੀਡੀਓ ਕਾਨਫਰੰਸ ਦੌਰਾਨ ਇਹ ਫੈਸਲਾ ਕੀਤਾ ਗਿਆ ਕਿ ਹਾਈਡਰੌਕਸੀਕਲੋਰੋਕੁਇਨ ਉਨ੍ਹਾਂ ਕੋਵਿਡ ਮਰੀਜ਼ਾਂ ਅਤੇ ਉਨ੍ਹਾਂ ਦੇ ਸੰਪਰਕਾਂ ਨੂੰ ਦਿੱਤੀ ਜਾਵੇਗੀ ਜੋ ਕਿ ਘਰਾਂ ਵਿਚ ਇਕਾਂਤਵਾਸ ਕੀਤੇ ਗਏ ਹਨ। ਮੁੱਖ ਸਕੱਤਰ ਨੇ ਇਹ ਵੀ ਦੱਸਿਆ ਕਿ ਸੂਬਾ ਸਰਕਾਰ ਨੂੰ ਅਜੇ ਤੱਕ ਕੇਂਦਰ ਵੱਲੋਂ ਕੋਵਿਡ ਦੇ ਖਰਚਿਆਂ ਲਈ 101 ਕਰੋੜ ਰੁਪਏ ਹੀ ਹਾਸਲ ਹੋਏ ਹਨ ਜਿਨ੍ਹਾਂ ਦਾ ਯੂਟੀਲਾਈਜ਼ੇਸ਼ਨ ਪ੍ਰਮਾਣ ਪੱਤਰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ 30 ਕਰੋੜ ਰੁਪਏ ਦੀ ਹੋਰ ਰਕਮ ਜਲਦ ਹੀ ਆਉਣ ਦੀ ਉਮੀਦ ਹੈ ਪਰ ਸੂਬਾ ਸਰਕਾਰ ਨੇ ਅਸਲ ਵਿੱਚ ਇਸ ਤੋਂ ਵੱਧ ਰਕਮ ਚਾਹੀ ਸੀ।

ਮੁੱਖ ਸਕੱਤਰ ਨੇ ਇਹ ਵੀ ਦੱਸਿਆ ਕਿ ਕੇਂਦਰ ਵੱਲੋਂ ਸੂਬੇ ਨੂੰ ਮੁਫ਼ਤ ਪੀ.ਪੀ.ਈ. ਕਿੱਟਾਂ ਦੇਣਾ ਬੰਦ ਕਰਨ ਨਾਲ ਸੂਬੇ ਲਈ ਵਸੀਲਿਆਂ ਦੀ ਘਾਟ ਦੇ ਮੱਦੇਨਜ਼ਰ ਔਕੜ ਭਰੀ ਸਥਿਤੀ ਦਾ ਸਾਹਮਣਾ ਕਰਨਾ ਔਖਾ ਹੋ ਰਿਹਾ ਹੈ ਇਸ ਲਈ ਐਸ.ਡੀ.ਆਰ.ਐਫ. ਦੀ ਹੱਦ ਤੋਂ ਖਰਚਿਆਂ ਵਿਚ ਛੋਟ ਲਈ ਕੋਸਿ਼ਸ਼ ਜਾਰੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸੂਬੇ ਵੱਲੋਂ ਕੇਂਦਰ ਨੂੰ ਪੀ.ਜੀ.ਆਈ. ਚੰਡੀਗੜ੍ਹ ਵਿਖੇ ਕੋਵਿਡ ਸੰਭਾਲ ਲਈ ਬੈੱਡਾਂ ਦੀ ਗਿਣਤੀ ਵਧਾਉਣ ਅਤੇ ਪੰਜਾਬ ਵਿਚਲੇ ਆਪਣੇ ਦੋ ਹੋਰ ਕੇਂਦਰਾਂ ਨੂੰ ਕੋਵਿਡ ਸੰਭਾਲ ਹਿੱਤ ਚਾਲੂ ਕਰਨ ਦੀ ਬੇਨਤੀ ਕੀਤੀ ਗਈ ਸੀ। ਏਮਜ਼ ਬਠਿੰਡਾ ਨੇ ਕੋਵਿਡ ਸੰਭਾਲ ਸਬੰਧੀ ਸੇਵਾਵਾਂ ਅਜੇ ਸ਼ੁਰੂ ਨਹੀਂ ਕੀਤੀਆਂ ਅਤੇ ਇਹ ਮਸਲਾ ਕੇਂਦਰ ਸਰਕਾਰ ਦੇ ਧਿਆਨ ਵਿਚ ਲਿਆ ਦਿੱਤਾ ਗਿਆ ਹੈ।

ਡਾ. ਕੇ.ਕੇ. ਤਲਵਾਰ ਨੇ ਇਸ ਮੌਕੇ ਕੋਵਿਡ ਮਾਮਲਿਆਂ ਦੀ ਲਗਾਤਾਰ ਵੱਧਦੀ ਜਾ ਰਹੀ ਗਿਣਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਗਿਣਤੀ 46 ਹਜ਼ਾਰ ਤੋਂ ਟੱਪ ਚੁੱਕੀ ਹੈ ਅਤੇ 1219 ਮੌਤਾਂ ਹੋ ਚੁੱਕੀਆਂ ਹਨ। ਲੈਵਲ-3 ਪੱਧਰ ਦੀ ਸੰਭਾਲ ਦੇ ਮਾਮਲੇ ਵਿਚ ਮਰੀਜ਼ਾਂ ਅਤੇ ਮੌਤਾਂ ਦੀ ਗਿਣਤੀ ਵੱਧੀ ਹੈ ਅਤੇ ਇਸ ਪੱਧਰ `ਤੇ ਆਈ.ਸੀ.ਯੂ. ਸਮਰੱਥਾ ਵਿਚ ਵਾਧਾ ਕਰਨ ਦੀਆਂ ਕੋਸਿ਼ਸ਼ਾਂ ਜਾਰੀ ਹਨ। ਉਨ੍ਹਾਂ ਅੱਗੇ ਦੱਸਿਆ ਕਿ 40 ਸਾਲ ਤੋਂ ਜਿ਼ਆਦਾ ਦੀ ਉਮਰ ਦੇ ਮਰੀਜ਼ਾਂ, ਜਿਨ੍ਹਾਂ ਦੀ ਮੌਤ ਦੀ ਦਰ ਵੱਧ ਹੈ, ਉੱਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਉਨ੍ਹਾਂ ਹੋਰ ਜਾਣਕਾਰੀ ਦਿੱਤੀ ਕਿ ਨਿੱਜੀ ਹਸਪਤਾਲਾਂ ਨੂੰ ਵੀ ਆਪਣੀਆਂ ਸੁਵਿਧਾਵਾਂ ਵਿਚ ਵਾਧਾ ਕਰਨ ਬਾਰੇ ਪੂਰੀ ਮਦਦ ਦਿੱਤੀ ਜਾ ਰਹੀ ਹੈ ਅਤੇ ਕਲੀਨਿਕਲ ਜਾਂਚ ਤੇ ਟੈਸਟਿੰਗ ਲਈ ਮੋਬਾਈਲ ਵੈਨਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ ਮੋਬਾਈਲ ਵੈਨਾਂ ਦੀ ਪਹੁੰਚ ਵਧਾਉਣ ਉੱਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਕੋਵਿਡ ਟੈਸਟਿੰਗ ਲਈ ਹੁਣ ਘਰ ਤੋਂ ਹੀ ਸੈਂਪਲ ਲੈਣ ਦੀ ਵੀ ਇਜਾਜ਼ਤ ਦੇ ਦਿੱਤੀ ਗਈ ਹੈ।

- Advertisement -

ਡਾ. ਤਲਵਾਰ ਨੇ ਮੁੱਖ ਮੰਤਰੀ ਨੂੰ ਅੱਗੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਾਰ ਵੱਡੇ ਸ਼ਹਿਰਾਂ ਵਿਚੋਂ ਅੰਮ੍ਰਿਤਸਰ ਵਿੱਚ ਅੰਕੜੇ ਨਿਰੰਤਰਤਾ ਦਰਸਾ ਰਹੇ ਹਨ ਜਦੋਂ ਕਿ ਪਟਿਆਲਾ ਦੀ ਹਾਲਤ ਸਥਿਰ ਹੈ ਅਤੇ ਜਲੰਧਰ ਤੇ ਲੁਧਿਆਣਾ ਵਿੱਚ ਕੇਸਾਂ `ਚ ਕਮੀ ਵੇਖਣ ਵਿਚ ਆਈ ਹੈ। ਬੀਤੇ ਦੋ ਦਿਨਾਂ ਦੌਰਾਨ ਲੁਧਿਆਣਾ ਦੇ ਡੀ.ਐਮ.ਸੀ. ਅਤੇ ਸਿਵਲ ਹਸਪਤਾਲ ਵਿਖੇ ਮਰੀਜ਼ਾਂ ਦੀ ਗਿਣਤੀ ਘਟੀ ਹੈ ਤੇ ਕਪੂਰਥਲਾ, ਮੁਕਤਸਰ, ਮੋਹਾਲੀ ਅਤੇ ਨਵਾਂਸ਼ਹਿਰ ਵਿਚ ਮਾਮਲੇ ਵੱਧਦੇ ਜਾ ਰਹੇ ਹਨ।

ਅਗਲੇ ਦੋ ਹਫ਼ਤਿਆਂ ਦੀ ਸੰਭਾਵਨਾ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਤਲਵਾਰ ਨੇ ਦੱਸਿਆ ਕਿ ਸਮੇਂ ਸਿਰ ਜਾਂਚ, ਇਕਾਂਤਵਾਸ ਅਤੇ ਇਲਾਜ ਕਰਨ ਲਈ ਸੰਪਰਕਾਂ ਦਾ ਪਤਾ ਲਾਉਣ ਵਿੱਚ ਤੇਜ਼ੀ ਲਿਆਉਣ ਦੀ ਬਹੁਤ ਲੋੜ ਹੈ ਪਰ ਬੀਤੀਆਂ ਪ੍ਰਗਟਾਈਆਂ ਸੰਭਾਵਨਾਵਾਂ ਦੇ ਮੁਕਾਬਲੇ ਮੌਤਾਂ ਦੀ ਗਿਣਤੀ ਘੱਟ ਹੈ ਅਤੇ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਸੂਬਾ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਲਗਾਤਾਰ ਅਣਥੱਕ ਕੋਸਿ਼ਸ਼ਾਂ ਸਦਕਾ ਇਹ ਰੁਝਾਨ ਬਰਕਰਾਰ ਰਹੇਗਾ।

ਸਿਹਤ ਵਿਭਾਗ ਵੱਲੋਂ ਜਾਣਕਾਰੀ ਦਿੰਦੇ ਹੋਏ ਸਕੱਤਰ ਹੁਸਨ ਲਾਲ ਨੇ ਦੱਸਿਆ ਕਿ ਸੂਬੇ ਵਿਚ ਬੀਤੇ ਹਫ਼ਤੇ ਦੌਰਾਨ ਟੈਸਟਿੰਗ 17 ਹਜ਼ਾਰ ਤੋਂ ਵੱਧ ਕੇ 24 ਹਜ਼ਾਰ ਹੋ ਗਈ ਹੈ ਅਤੇ ਇਸ ਦੇ ਅਗਸਤ ਮਹੀਨੇ ਦੇ ਅੰਤ ਤੱਕ 30 ਹਜ਼ਾਰ ਪ੍ਰਤੀ ਦਿਨ ਤੱਕ ਅੱਪੜ ਜਾਣ ਦੀ ਉਮੀਦ ਹੈ। ਇਸ ਦੇ ਮੁਕਾਬਲੇ ਪਾਜਿ਼ਟਿਵ ਕੇਸਾਂ ਦੀ ਦਰ 3-10 ਅਗਸਤ ਦੇ ਹਫ਼ਤੇ ਦੌਰਾਨ 9.31 ਫੀਸਦੀ ਤੋਂ ਘਟ ਕੇ 11-18 ਅਗਸਤ ਦੇ ਹਫ਼ਤੇ ਵਿੱਚ 8.13 ਫੀਸਦੀ ਤੱਕ ਆ ਗਈ ਅਤੇ 19-25 ਅਗਸਤ ਤੱਕ ਦੇ ਹਫ਼ਤੇ ਦੌਰਾਨ ਇਹ ਹੋਰ ਹੇਠਾਂ ਆਉਂਦੀ ਹੋਈ 7.27 ਤੱਕ ਆ ਗਈ। ਉਨ੍ਹਾਂ ਅੱਗੇ ਦੱਸਿਆ ਕਿ ਮੌਤਾਂ ਦੀ ਗਿਣਤੀ ਵਿਚ ਵਾਧਾ ਜਿ਼ਆਦਾਤਰ ਲੈਵਲ-3 ਵਿੱਚ ਹੀ ਵੇਖਣ ਨੂੰ ਮਿਲ ਰਿਹਾ ਹੈ ਅਤੇ 1 ਸਤੰਬਰ ਤੋਂ ਸ਼ੁਰੂ ਹੋ ਰਹੇ ਅਗਲੇ ਪੜਾਅ ਲਈ ਐਕਸ਼ਨ ਪਲਾਨ ਦੇ ਹਿੱਸੇ ਵਜੋਂ ਨਵੇਂ ਕਦਮ ਪੁੱਟੇ ਜਾ ਰਹੇ ਹਨ। ਇਨ੍ਹਾਂ ਵਿਚ ਲੁਧਿਆਣਾ ਅਤੇ ਪਟਿਆਲਾ ਵਿਖੇ ਮੋਬਾਈਲ ਟੈਸਟਿੰਗ ਕਲੀਨਿਕ ਸ਼ੁਰੂ ਕੀਤੇ ਜਾਣਾ ਸ਼ਾਮਲ ਹੈ ਜਿਸ ਲਈ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਅਤੇ ਸੀ.ਐਮ.ਸੀ., ਡੀ.ਐਮ.ਸੀ. ਲੁਧਿਆਣਾ ਵੱਲੋਂ ਟੀਮਾਂ ਮੁਹੱਈਆ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ 35 ਐਮ.ਐਮ.ਯੂਜ਼ ਨੂੰ ਵੱਡੇ ਸ਼ਹਿਰਾਂ ਦੇ ਜਿ਼ਆਦਾ ਖਤਰੇ ਵਾਲੇ ਇਲਾਕਿਆਂ ਵਿਚ ਸੈਂਪਲਿੰਗ ਲਈ ਤਾਇਨਾਤ ਕੀਤਾ ਜਾਵੇਗਾ ਤੇ ਛੇ ਏ.ਐਲ.ਐਸ., 22 ਬੀ.ਐਲ.ਐਸ. (ਛੋਟੀਆਂ) ਅਤੇ 105 ਬੀ.ਐਲ.ਐਸ. ਐਂਬੂਲੈਂਸਾਂ ਦੀ ਖਰੀਦ ਕਰਨ ਲਈ ਆਰਡਰ ਦਿੱਤੇ ਜਾ ਰਹੇ ਹਨ।

ਮੈਡੀਕਲ ਸਿੱਖਿਆ ਵਿਭਾਗ ਦੇ ਸਕੱਤਰ ਅਨਿਰੁੱਧ ਤਿਵਾੜੀ ਨੇ ਮੀਟਿੰਗ ਮੌਕੇ ਮੈਡੀਕਲ ਕਾਲਜਾਂ ਵਿਚ ਤੀਜੇ ਦਰਜੇ ਦੀ ਦੇਖਭਾਲ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਗੰਭੀਰ ਮਰੀਜ਼ਾਂ ਨੂੰ ਪਲਾਜ਼ਮਾ ਥੈਰੇਪੀ ਦਿੱਤੀ ਜਾ ਰਹੀ ਹੈ ਪਰ ਇਹ ਸਿਰਫ ਪ੍ਰੀਖਣ ਦੇ ਪੱਧਰ ਉੱਤੇ ਹੈ ਅਤੇ ਬਚਾਅ ਦੀ ਦਰ ਮਹਿਜ਼ 30-50 ਫੀਸਦੀ ਦੇ ਦਰਮਿਆਨ ਹੈ।

ਸੂਬੇ ਵਿਚ ਲਾਕਡਾਊਨ ਦੇ ਸਾਰਥਕ ਨਤੀਜਿਆਂ ਬਾਰੇ ਚਾਨਣਾ ਪਾਉਂਦੇ ਹੋਏ ਡੀ.ਜੀ.ਪੀ. ਦਿਨਕਰ ਗੁਪਤਾ ਨੇ ਸੁਝਾਅ ਦਿੱਤਾ ਕਿ ਰੈਸਟੋਰੈਂਟਾਂ ਨੂੰ ਸਿਰਫ ਹੋਮ ਡਿਲਿਵਰੀ ਲਈ ਹੀ ਖੁੱਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਜਿੰਮਾਂ ਨੂੰ ਬੰਦ ਰੱਖਿਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਡਿਸਪੋਜ਼ੇਬਲ ਕੱਪਾਂ ਅਤੇ ਪਲੇਟਾਂ ਦੇ ਇਸਤੇਮਾਲ ਨੂੰ ਹੱਲਾਸ਼ੇਰੀ ਦਿੱਤੀ ਜਾਵੇ ਅਤੇ ਖੁਦ ਹੀ ਦਵਾਈ ਲੈਣ ਖਿਲਾਫ ਇੱਕ ਮੁਹਿੰਮ ਵਿੱਢੀ ਜਾਵੇ। ਉਨ੍ਹਾਂ ਖੁਲਾਸਾ ਕੀਤਾ ਕਿ ਪੰਜਾਬ ਪੁਲਿਸ ਦੇ ਹੁਣ ਤੱਕ 11 ਅਫਸਰਾਂ ਦੀ ਕੋਵਿਡ ਕਾਰਨ ਮੌਤ ਹੋ ਚੁੱਕੀ ਹੈ, 1600 ਐਕਟਿਵ ਮਾਮਲੇ ਹਨ, 8 ਮਾਮਲੇ ਗੰਭੀਰ ਹਨ ਅਤੇ ਇੱਕ ਨਾਜ਼ੁਕ ਹਾਲਤ ਵਿੱਚ ਹੈ।

Share this Article
Leave a comment