ਮੁੱਖ ਮੰਤਰੀ ਵੱਲੋਂ ਹੜਤਾਲ ‘ਤੇ ਚੱਲ ਰਹੇ ਗਰੁਪ ਸੀ ਤੇ ਡੀ ਕਰਮਚਾਰੀਆਂ ਨੂੰ ਕੰਮ ‘ਤੇ ਵਾਪਸ ਪਰਤਣ ਦੀ ਅਪੀਲ

TeamGlobalPunjab
2 Min Read

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਸਕੱਤਰੇਤ ਅਤੇ ਜ਼ਿਲ੍ਹਿਆਂ ਦੇ ਹੜਤਾਲ ‘ਤੇ ਚੱਲ ਰਹੇ ਗਰੁੱਪ ਸੀ ਤੇ ਡੀ ਕਰਮਚਾਰੀਆਂ ਨੂੰ ਕੰਮ ‘ਤੇ ਵਾਪਸ ਪਰਤਨ ਦੀ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਕੋਵਿਡ ਮਹਾਂਮਾਰੀ ਦੀ ਔਖੀ ਘੜੀ ਅਤੇ ਵਿੱਤੀ ਸੰਕਟ ਦੇ ਬਾਵਜੂਦ ਕਰਮਚਾਰੀਆਂ ਦੀਆਂ ਲੰਬਿਤ ਪਈਆਂ ਮੰਗਾਂ ਨੂੰ ਪੂਰਾ ਕਰਨ ਲਈ ਯਤਨ ਕਰ ਰਹੀ ਹੈ।

ਅੱਜ ਦੇ ਫੇਸਬੁੱਕ ਲਾਈਵ ਪ੍ਰੋਗਰਾਮ ‘ਕੈਪਟਨ ਨੂੰ ਸਵਾਲ’ ਦੌਰਾਨ ਮੁੱਖ ਮੰਤਰੀ ਨੇ ਕਰਮਚਾਰੀਆਂ ਨੂੰ ਪਿਛਲੇ ਇੱਕ ਹਫਤੇ ਤੋਂ ਹੜਤਾਲ ‘ਤੇ ਬੈਠੇ ਕਰਮਚਾਰੀਆਂ ਨੂੰ ਵਿਰੋਧ ਪ੍ਰਦਰਸ਼ਨ ਖਤਮ ਕਰਨ ਅਤੇ ਸੰਕਟਕਾਲੀ ਦੌਰ ਵਿੱਚ ਲੰਘ ਰਹੇ ਸੂਬੇ ਦੇ ਹਿੱਤਾਂ ਲਈ ਮੁੜ ਕੰਮ ‘ਤੇ ਪਰਤਣ ਦੀ ਅਪੀਲ ਕੀਤੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਭਰੋਸਾ ਦਿੱਤਾ ਕਿ ਮੌਜੂਦਾ ਸੰਕਟ ਦੇ ਬਾਵਜੂਦ ਸਰਕਾਰ ਕਰਮਚਾਰੀਆਂ ਦੀਆਂ ਮੰਗਾਂ ‘ਤੇ ਸੁਹਿਰਦਤਾ ਨਾਲ ਧਿਆਨ ਦੇ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਮੁਲਾਜ਼ਮ ਆਪਣੇ ਮੋਬਾਈਲ ਭੱਤੇ ਦੇ ਬੰਦ ਹੋਣ ਪਿੱਛੋਂ ਹੜਤਾਲ ‘ਤੇ ਚਲੇ ਗਏ ਸਨ। ਕਰਮਚਾਰੀ ਉਦੋਂ ਤੋਂ ਹੀ ਕੰਮ ‘ਤੇ ਹਾਜ਼ਰ ਨਹੀਂ ਹੋ ਰਹੇ ਅਤੇ ਭੱਤੇ ਦੀ ਬਹਾਲੀ ਸਮੇਤ ਆਪਣੀਆਂ ਬਕਾਇਆ ਮੰਗਾਂ ਦੇ ਹੱਲ ਦੀ ਮੰਗ ਕਰ ਰਹੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਪਣੇ ਸਾਰੇ ਕਰਮਚਾਰੀਆਂ ਦੇ ਹਿੱਤਾਂ ਅਤੇ ਭਲਾਈ ਲਈ ਵਚਨਬੱਧ ਹੈ ਅਤੇ ਮੌਜੂਦਾ ਹਾਲਤਾਂ ਵਿੱਚ ਵੀ ਉਨ੍ਹਾਂ ਦੀਆਂ ਔਕੜਾਂ ਛੇਤੀ ਤੋਂ ਛੇਤੀ ਹੱਲ ਕਰੇਗੀ।

- Advertisement -

Share this Article
Leave a comment