ਚੰਡੀਗੜ੍ਹ: ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀਆਂ ਸਰਕਾਰੀ ਅਤੇ ਪੀਆਰਟੀਸੀ ਦੀਆਂ ਬੱਸਾਂ ਵਿੱਚ ਸਫਰ ਕਰਨ ਵਾਲੀ ਔਰਤਾਂ ਨੂੰ ਕਿਰਾਏ ਵਿੱਚ 50 ਫ਼ੀਸਦੀ ਛੋਟ ਦੇਣ ਦਾ ਐਲਾਨ ਕੀਤਾ ਹੈ।
ਇਸ ਦੇ ਨਾਲ ਹੀ ਉਨ੍ਹਾਂ ਨੇ ਅਗਲੇ ਦੋ ਸਾਲ ਵਿੱਚ ਮਿਨੀ ਬੱਸਾਂ ਲਈ ਪੰਜ ਹਜ਼ਾਰ ਨਵੇਂ ਰੂਟ ਪਰਮਿਟ ਜਾਰੀ ਕਰਨ ਦਾ ਐਲਾਨ ਕੀਤਾ। ਉਨ੍ਹਾਂਨੇ ਕਿਹਾ ਕਿ ਸੂਬੇ ਚੋਂ ਰੇਤ ਮਾਫੀਆ ਦੇ ਖਾਤਮੇ ਲਈ ਜਲਦ ਹੀ ਨਵੀਂ ਮਾਇਨਿੰਗ ਨੀਤੀ ਵੀ ਲਿਆਵਾਂਗੇ।
ਮੁੱਖ ਮੰਤਰੀ ਨੇ ਮੰਗਲਵਾਰ ਨੂੰ ਪੰਜਾਬ ਵਿਧਾਨਸਭਾ ਦੇ ਬਜਟ ਸੈਸ਼ਨ ਦੌਰਾਨ ਕਈ ਵੱਡੇ ਐਲਾਨ ਕੀਤੇ। ਉਨ੍ਹਾਂ ਨੇ ਸਦਨ ਵਿੱਚ ਦੱਸਿਆ ਕਿ ਅਗਲੇ ਦੋ ਸਾਲ ਵਿੱਚ 52 ਸੀਟਾਂ ਵਾਲੀ ਬੱਸਾਂ ਲਈ 2000 ਹੋਰ ਰੂਟ ਪਰਮਿਟ ਦਿੱਤੇ ਜਾਣਗੇ। ਸੂਬੇ ਦੀ ਟਰਾਂਸਪੋਰਟ ਪਾਲਿਸੀ ਦੇ ਮੁੱਦੇ ‘ਤੇ ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਮਾਮਲਾ ਅਦਾਲਤ ਦੇ ਅਧੀਨ ਹੈ। ਜਦੋਂ ਵੀ ਮਾਮਲਾ ਹੱਲ ਹੋਵੇਗਾ, ਅਦਾਲਤ ਦੀਆਂ ਹਿਦਾਇਤਾਂ ਦੇ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂਨੇ ਸਦਨ ਨੂੰ ਭਰੋਸਾ ਦਵਾਇਆ ਕਿ ਕੋਈ ਵੀ ਟਰਾਂਸਪੋਰਟ ਪਰਮਿਟ ਗੈਰ – ਕਾਨੂੰਨੀ ਪਾਇਆ ਗਿਆ ਤਾਂ ਉਸਨੂੰ ਰੱਦ ਕਰ ਦਿੱਤਾ ਜਾਵੇਗਾ। ਦੱਸਣਯੋਗ ਹੈ ਕਿ ਹਾਲੇ ਬੱਸ ਦੇ ਕਿਰਾਏ ਵਿਚ ਛੋਟ ਵਾਰੇ ਐਲਾਨ ਨਹੀਂ ਕੀਤਾ ਗਿਆ ਹੈ।