ਪੰਜਾਬ -ਹਰਿਆਣਾ ਸਮੇਤ ਕਈ ਰਾਜਾਂ ਲਈ ‘ਔਰੇਂਜ ਅਲਰਟ’ ਜਾਰੀ, ਗੜੇਮਾਰੀ ਤੇ ਮੀਂਹ ਦੀ ਚੇਤਾਵਨੀ; ਅਗਲੇ 4 ਦਿਨ ਰਹਿਣਾ ਹੋਵੇਗਾ ਸਾਵਧਾਨ!

Global Team
3 Min Read

ਚੰਡੀਗੜ੍ਹ: ਪੂਰੇ ਉੱਤਰ ਭਾਰਤ ਵਿੱਚ ਅੱਜ ਤੋਂ ਬਾਰਿਸ਼ ਦਾ ਨਵਾਂ ਦੌਰ ਸ਼ੁਰੂ ਹੋਣ ਵਾਲਾ ਹੈ। ਕਈ ਥਾਈ ਬੱਦਲਾਂ ਨੇ ਅਸਮਾਨ ਨੂੰ ਢੱਕ ਲਿਆ ਹੈ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਉੱਤਰ-ਪੱਛਮੀ ਭਾਰਤ ਵਿੱਚ 3-4 ਅਪ੍ਰੈਲ ਅਤੇ ਫਿਰ 7 ਅਪ੍ਰੈਲ ਨੂੰ ਬੇਹੱਦ ਸਰਗਰਮ ਪੱਛਮੀ ਗੜਬੜੀ ਦੀ ਸਥਿਤੀ ਬਣ ਰਹੀ ਹੈ। ਇਸ ਕਾਰਨ ਉੱਤਰ ਪ੍ਰਦੇਸ਼, ਦਿੱਲੀ ਤੋਂ ਲੈ ਕੇ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਮੱਧ ਪ੍ਰਦੇਸ਼, ਰਾਜਸਥਾਨ ਤੱਕ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਅੱਜ ਪੰਜਾਬ -ਚੰਡੀਗੜ੍ਹ ਵਿੱਚ ਕੁਝ ਥਾਵਾਂ ‘ਤੇ ਗਰਜ, ਬਿਜਲੀ, ਤੇਜ਼ ਹਵਾਵਾਂ ਅਤੇ ਗੜੇਮਾਰੀ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਹਵਾ ਦੀ ਗਤੀ 50 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਰਹੇਗੀ। ਮੌਸਮ ਵਿਭਾਗ ਨੇ ਇਸ ਸਬੰਧ ਵਿੱਚ ਸੰਤਰੀ ਚੇਤਾਵਨੀ ਜਾਰੀ ਕੀਤੀ ਹੈ। ਪੰਜਾਬ ਦੇ 12 ਜ਼ਿਲ੍ਹਿਆਂ – ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਗੁਰਦਾਸਪੁਰ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਪਟਿਆਲਾ, ਮੋਹਾਲੀ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ ਅਤੇ ਜਲੰਧਰ – ਵਿੱਚ ਗਰਜ, ਬਿਜਲੀ ਅਤੇ ਗੜੇਮਾਰੀ ਦੀ ਸੰਭਾਵਨਾ ਹੈ। ਸਾਰੇ ਜ਼ਿਲ੍ਹਿਆਂ ਵਿੱਚ ਬੱਦਲਵਾਈ ਰਹੇਗੀ। ਜਦੋਂ ਕਿ 10 ਜ਼ਿਲ੍ਹਿਆਂ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ ਵਿੱਚ ਤੇਜ਼ ਹਵਾਵਾਂ ਨਾਲ ਤੂਫਾਨ ਆ ਸਕਦਾ ਹੈ।

ਦੂਜੇ ਪਾਸੇ ਜੇਕਰ ਮੀਂਹ ਦੀ ਗੱਲ ਕਰੀਏ ਤਾਂ 14 ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਵਿੱਚ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ ਅਤੇ ਮੋਹਾਲੀ ਵਿੱਚ ਕਈ ਥਾਵਾਂ ‘ਤੇ ਬਾਰਿਸ਼ ਹੋ ਸਕਦੀ ਹੈ।

ਇਸਦੇ ਨਾਲ ਹਰਿਆਣਾ ਵਿੱਚ ਵੀ ਪੱਛਮੀ ਗੜਬੜੀ ਕਾਰਨ ਮੀਂਹ, ਗਰਜ ਅਤੇ ਗੜੇਮਾਰੀ ਹੋਣ ਦੀ ਸੰਭਾਵਨਾ ਹੈ। ਰਾਜ ਦੇ ਲਗਭਗ ਸਾਰੇ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਜ਼ਿਆਦਾਤਰ ਖੇਤਰਾਂ ਵਿੱਚ ਗਰਜ-ਤੂਫ਼ਾਨ ਦੇ ਨਾਲ ਮੀਂਹ ਪਵੇਗਾ।

ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਲਈ ਜੰਮੂ-ਕਸ਼ਮੀਰ ਦੇ ਗੰਦਰਬਲ ਜ਼ਿਲ੍ਹੇ ਵਿੱਚ 2,400 ਮੀਟਰ ਤੋਂ ਉੱਪਰ ਦੇ ਇਲਾਕਿਆਂ ਲਈ ਬਰਫ਼ਬਾਰੀ ਦੀ ਚੇਤਾਵਨੀ ਜਾਰੀ ਕੀਤੀ ਹੈ। ਅਧਿਕਾਰੀਆਂ ਨੇ ਲੋਕਾਂ ਨੂੰ ਚੌਕਸ ਰਹਿਣ ਅਤੇ ਪਹਾੜੀ ਅਤੇ ਬਰਫ਼ੀਲੇ ਇਲਾਕਿਆਂ ਤੋਂ ਬਚਣ ਦੀ ਸਲਾਹ ਦਿੱਤੀ ਹੈ।

ਇਸ ਤੋਂ ਇਲਾਵਾ ਦਿੱਲੀ ਵਿੱਚ ਅੱਜ ਬੱਦਲ ਛਾਏ ਰਹਿਣ ਦੇ ਨਾਲ-ਨਾਲ ਬਾਰਿਸ਼ ਹੋਣ, ਗਰਜ-ਚਮਕ ਅਤੇ ਬਿਜਲੀ ਡਿੱਗਣ ਦੀ ਵੀ ਸੰਭਾਵਨਾ ਹੈ। ਇਸ ਦੌਰਾਨ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦਾ ਅਨੁਮਾਨ ਹੈ। 4 ਅਪ੍ਰੈਲ ਨੂੰ ਇੱਕ ਤੋਂ ਦੋ ਵਾਰ ਹਲਕੀ ਬਾਰਿਸ਼ ਹੋਣ ਦਾ ਅਲਰਟ ਜਾਰੀ ਕੀਤਾ ਗਿਆ ਹੈ। 5 ਅਪ੍ਰੈਲ ਨੂੰ ਹਲਕੀ ਤੋਂ ਤੇਜ਼ ਬਾਰਿਸ਼ ਹੋਣ ਦਾ ਅਨੁਮਾਨ ਜਤਾਇਆ ਗਿਆ ਹੈ ਅਤੇ ਦੁਪਹਿਰ ਤੋਂ ਤੇਜ਼ ਹਵਾਵਾਂ ਚੱਲਣ ਦਾ ਅਲਰਟ ਵੀ ਜਾਰੀ ਹੈ। ਨਾਲ ਹੀ ਉੱਤਰ ਪ੍ਰਦੇਸ਼ ਵਿੱਚ ਸ਼ੁੱਕਰਵਾਰ ਤੋਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਦੇ ਨਾਲ ਬਿਜਲੀ ਅਤੇ ਗੜੇਮਾਰੀ ਵੀ ਹੋ ਸਕਦੀ ਹੈ।

Share This Article
Leave a Comment