ਪੰਜਾਬ ਛਾਇਆ ਦਿੱਲੀ ਦੀ ਚੋਣ ‘ਚ!

Global Team
3 Min Read

ਜਗਤਾਰ ਸਿੰਘ ਸਿੱਧੂ;

ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਪਹਿਲਾ ਮੌਕਾ ਹੈ ਜਦੋਂ ਪੰਜਾਬ ਸਾਵਣ ਦੇ ਬੱਦਲਾਂ ਵਾਂਗ ਛਾ ਗਿਆ ਹੈ। ਕੋਈ ਇਕ ਕਾਰਨ ਨਹੀਂ ਸਗੋਂ ਅਨੇਕ ਕਾਰਨ ਹਨ ਜਿਹੜੇ ਇਹ ਮਿਸਾਲ ਦਿੰਦੇ ਹਨ ਕਿ ਦੇਸ਼ ਦੀ ਕੌਮੀ ਰਾਜਧਾਨੀ ਦਿੱਲੀ ਵਿੱਚ ਪੰਜਾਬ ਕਿਵੇਂ ਛਾ ਗਿਆ ਹੈ। ਦਿਲਚਸਪ ਪਹਿਲੂ ਇਹ ਵੀ ਹੈ ਕਿ ਬੇਸ਼ੱਕ ਚੋਣਾਂ ਲੜਨ ਵਾਲੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਆਪਸੀ ਤਿੱਖੇ ਮਤਭੇਦ ਹੋਣੇ ਸੁਭਾਵਿਕ ਹਨ ਪਰ ਪੰਜਾਬ ਦੀ ਗੱਲ ਸਾਰੇ ਕਰਦੇ ਹਨ। ਕੇਵਲ ਐਨਾ ਹੀ ਨਹੀਂ ਸਗੋਂ ਦਿੱਲੀ ਵਿਧਾਨ ਸਭਾ ਚੋਣਾਂ ਦਾ ਪੰਜਾਬ ਉਤੇ ਵੱਖ ਵੱਖ-ਵੱਖ ਖੇਤਰਾਂ ਵਿੱਚ ਪ੍ਰਤੱਖ ਪ੍ਰਭਾਵ ਨਜ਼ਰ ਵੀ ਆ ਰਿਹਾ ਹੈ। ਪੰਜਾਬ ਸਰਕਾਰ ਚਲਾਉਣ ਵਾਲੀ ਸ਼ਕਤੀਸ਼ਾਲੀ ਇਮਾਰਤ ਦਾ ਨਾਂ ਪੰਜਾਬ ਸਿਵਲ ਸਕੱਤਰੇਤ ਹੈ। ਦਿੱਲੀ ਵਿਧਾਨ ਸਭਾ ਚੋਣ ਕਾਰਨ ਪੰਜਾਬ ਸਿਵਲ ਸਕੱਤਰੇਤ ਦੀ ਇਮਾਰਤ ਖਾਲ਼ੀ ਭਾਂਅ ਭਾਂਅ ਕਰ ਰਹੀ ਹੈ। ਕਾਰਨ ਤਾਂ ਸਾਫ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਿੱਲੀ ਚੋਣਾਂ ਵਿੱਚ ਰੈਲੀਆਂ ਨੂੰ ਸੰਬੋਧਨ ਕਰ ਰਹੇ ਹਨ। ਅਕਸਰ ਜਦੋਂ ਮੁੱਖ ਮੰਤਰੀ ਪੰਜਾਬ ਤੋਂ ਬਾਹਰ ਹੁੰਦਾ ਹੈ ਤਾਂ ਅਧਿਕਾਰੀ ਵੀ ਸਰਗਰਮ ਨਹੀਂ ਰਹਿੰਦੇ। ਕੈਬਨਿਟ ਮੰਤਰੀਆਂ ਦੀਆਂ ਆਪ ਦੀ ਲੀਡਰਸ਼ਿਪ ਵਲੋਂ ਦਿੱਲੀ ਵਿੱਚ ਡਿਊਟੀਆਂ ਲੱਗੀਆਂ ਹੋਈਆਂ ਹਨ। ਇਸ ਤਰ੍ਹਾਂ ਸਕੱਤਰੇਤ ਵਿੱਚ ਪੰਜਾਬ ਦੇ ਕੰਮ ਧੰਦੇ ਵਾਲੇ ਲੋਕਾਂ ਦਾ ਰੁਝਾਨ ਵੀ ਘੱਟ ਜਾਂਦਾ ਹੈ ।ਅਹਿਮ ਪਹਿਲੂ ਤਾਂ ਇਹ ਵੀ ਹੈ ਕਿ ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਸੈਸ਼ਨ ਵੀ ਦਿੱਲੀ ਦੀਆਂ ਚੋਣਾਂ ਬਾਅਦ ਹੀ ਹੋਣ ਜਾ ਰਿਹਾ ਹੈ।

ਗੱਲ ਕੇਵਲ ਹਾਕਮ ਧਿਰ ਦੀ ਨਹੀਂ ਸਗੋਂ ਮੁੱਖ ਵਿਰੋਧੀ ਧਿਰ ਕਾਂਗਰਸ ਲਈ ਵੀ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਚੁਣੌਤੀ ਭਰਪੂਰ ਹਨ। ਕਾਂਗਰਸ ਦੇ ਪ੍ਰਧਾਨ ਅਤੇ ਵਿਰੋਧੀ ਧਿਰ ਦੇ ਆਗੂ ਸਣੇ ਵਿਧਾਇਕਾਂ ਨੂੰ ਵੀ ਪਾਰਟੀ ਵਲੋਂ ਦਿੱਲੀ ਚੋਣਾਂ ਦੀ ਜਿੰਮੇਵਾਰੀ ਸੌਂਪੀ ਗ਼ਈ ਹੈ। ਬੇਸ਼ਕ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਦਿੱਲੀ ਦੇ ਲੋਕਾਂ ਨੇ ਨਕਾਰ ਦਿੱਤਾ ਸੀ ਪਰ ਕਾਂਗਰਸ ਤੀਜੀ ਧਿਰ ਵਜੋਂ ਚੋਣ ਮੈਦਾਨ ਵਿੱਚ ਹੈ।

ਜੇਕਰ ਮੁੱਦਿਆਂ ਦੀ ਗੱਲ ਕੀਤੀ ਜਾਵੇ ਤਾਂ ਉਥੇ ਵੀ ਪੰਜਾਬ ਦੀ ਚਰਚਾ ਹੈ। ਮਿਸਾਲ ਵਜੋਂ ਭਾਜਪਾ ਦੇ ਉਮੀਦਵਾਰ ਪ੍ਰਵੇਸ਼ ਵਰਮਾ ਵੱਲੋਂ ਬਿਆਨ ਦਿੱਤਾ ਗਿਆ ਕਿ ਗਣਤੰਤਰ ਦਿਵਸ ਆ ਰਿਹਾ ਹੈ ਪਰ ਪੰਜਾਬ ਦੀਆਂ ਗੱਡੀਆਂ ਵੱਡੀ ਗਿਣਤੀ ਵਿੱਚ ਦਿੱਲੀ ਕਿਵੇਂ ਘੁੰਮ ਰਹੀਆਂ ਹਨ। ਉਨਾਂ ਨੇ ਸੁਰੱਖਿਆ ਨੂੰ ਜੋੜ ਕੇ ਵੀ ਗੱਲ ਕੀਤੀ। ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਬਿਆਨ ਪੰਜਾਬੀਆਂ ਦੀ ਤੌਹੀਨ ਹੈ ਜਿਹੜੇ ਕਿ ਦੇਸ਼ ਲਈ ਵੱਡੀਆਂ ਕੁਰਬਾਨੀਆਂ ਕਰ ਰਹੇ ਹਨ। ਪ੍ਰਵੇਸ਼ ਵਰਮਾ ਨੇ ਦੋਹਾਂ ਆਗੂਆਂ ਨੂੰ ਸੌ ਕਰੋੜ ਰੁਪਏ ਦੀ ਮਾਣਹਾਨੀ ਦਾ ਨੋਟਿਸ ਦੇ ਦਿੱਤਾ।
ਪੰਜਾਬ ਦੀ ਸਿਖਿਆ ਅਤੇ ਸਿਹਤ ਸਹੂਲਤਾਂ ਦੇ ਹਵਾਲੇ ਹਾਕਮ ਧਿਰ ਚੋਣਾਂ ਜਿੱਤਣ ਲਈ ਦੇ ਰਹੀ ਹੈ ਜਦੋਂ ਕਿ ਵਿਰੋਧੀ ਪਾਰਟੀਆਂ ਇਨਾਂ ਹੀ ਹਵਾਲਿਆਂ ਨਾਲ ਹਾਕਮ ਧਿਰ ਦੀਆਂ ਅਸਫਲਤਾਵਾਂ ਗਿਣਾ ਰਹੇ ਹਨ।

ਸੰਪਰਕ 9814002186

Share This Article
Leave a Comment