ਮਹਾਰਾਸ਼ਟਰ : ਪੁਣੇ ਦੇ ਜੁੰਨਾਰ ਇਲਾਕੇ ਵਿੱਚ ਸਥਿਤ ਸ਼ਿਵਨੇਰੀ ਕਿਲ੍ਹੇ ਵਿੱਚ ਬੁੱਧਵਾਰ ਰਾਤ ਨੂੰ ਭਗਦੜ ਵਰਗੀ ਸਥਿਤੀ ਪੈਦਾ ਹੋ ਗਈ, ਜਿਸ ਵਿੱਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਛਤਰਪਤੀ ਸ਼ਿਵਾਜੀ ਮਹਾਰਾਜ ਦੀ ਜਯੰਤੀ ਦੇ ਮੌਕੇ ‘ਤੇ ਕਿਲ੍ਹੇ ‘ਤੇ ਭਾਰੀ ਭੀੜ ਇਕਠੀ ਹੋਈ। ਜਿਸ ਕਾਰਨ ਭਗਦੜ ਵਰਗੀ ਸਥਿਤੀ ਪੈਦਾ ਹੋ ਗਈ। ਭਗਦੜ ਵਿੱਚ ਔਰਤਾਂ ਅਤੇ ਛੋਟੇ ਬੱਚਿਆਂ ਸਮੇਤ ਕਈ ਸ਼ਰਧਾਲੂ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਤੁਰੰਤ ਜੁੰਨਾਰ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।
ਦੱਸ ਦਈਏ ਕਿ 19 ਫਰਵਰੀ ਨੂੰ ਛਤਰਪਤੀ ਸ਼ਿਵਾਜੀ ਮਹਾਰਾਜ ਦੀ ਜਯੰਤੀ ਹੈ। ਇਸ ਮੌਕੇ ‘ਤੇ ਹਰ ਸਾਲ ਵੱਡੀ ਗਿਣਤੀ ਵਿੱਚ ਲੋਕ ਸ਼ਿਵਨੇਰੀ ਕਿਲ੍ਹੇ ਵਿੱਚ ਪਹੁੰਚਦੇ ਹਨ। ਪੁਣੇ ਦੇ ਜੁੰਨਰ ਸ਼ਹਿਰ ਦੇ ਕੋਲ ਸਥਿਤ ਇਹ ਇੱਕ ਇਤਿਹਾਸਕ ਕਿਲ੍ਹਾ ਹੈ। ਇੱਥੇ ਹੀ 19 ਫਰਵਰੀ 1630 ਨੂੰ ਛਤਰਪਤੀ ਸ਼ਿਵਾਜੀ ਮਹਾਰਾਜ ਦਾ ਜਨਮ ਹੋਇਆ ਸੀ। ਇਸੇ ਕਾਰਨ ਇਹ ਕਿਲ੍ਹਾ ਕਾਫ਼ੀ ਪ੍ਰਸਿੱਧ ਹੈ।
ਹਰ ਸਾਲ ਸ਼ਿਵਾਜੀ ਜਯੰਤੀ ‘ਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਆਉਂਦੇ ਹਨ। ਇਸ ਵਾਰ ਵੀ ਮਹਾਰਾਸ਼ਟਰ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸ਼ਿਵ ਜੋਤੀ ਲੈ ਕੇ ਜਾਣ ਵਾਲੇ ਨੌਜਵਾਨ, ਸਮਾਜਿਕ ਅਤੇ ਧਾਰਮਿਕ ਸੰਗਠਨਾਂ ਦੇ ਕਾਰਕੁਨ ਅਤੇ ਸੈਲਾਨੀਆਂ ਦੀ ਭੀੜ ਦੇਰ ਰਾਤ ਕਿਲ੍ਹੇ ‘ਤੇ ਇਕੱਠੀ ਹੋਣ ਲੱਗੀ। ਚਸ਼ਮਦੀਦਾਂ ਨੇ ਅਨੁਸਾਰ ਸ਼ਿਵਨੇਰੀ ਕਿਲ੍ਹੇ ਵਿੱਚ ਭਾਰੀ ਭੀੜ ਵਿਚਕਾਰ ਇੱਕ ਰੇਲਿੰਗ ਟੁੱਟ ਗਈ, ਜਿਸ ਕਾਰਨ ਭਗਦੜ ਮਚੀ। ਪੁਲਿਸ ਸੁਪਰਡੈਂਟ ਸੰਦੀਪ ਗਿੱਲ ਨੇ ਕਿਹਾ ਕਿ ਤਿੰਨ ਤੋਂ ਚਾਰ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਕੁਝ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਪਰ ਕੋਈ ਵੀ ਗੰਭੀਰ ਜ਼ਖਮੀ ਨਹੀਂ ਹੋਇਆ। ਸਥਿਤੀ ਪੂਰੀ ਤਰ੍ਹਾਂ ਆਮ ਹੈ। ਉਨ੍ਹਾਂ ਜਨਤਾ ਨੂੰ ਅਫਵਾਹਾਂ ਤੋਂ ਬਚਣ ਅਤੇ ਪ੍ਰਸ਼ਾਸਨ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ।
ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਅੰਬਰਖਾਨੇ ਦੇ ਹੇਠਾਂ ਸਥਿਤ ਹਾਥੀ ਦਰਵਾਜ਼ਾ ਖੇਤਰ ਅਤੇ ਗਣੇਸ਼ ਦਰਵਾਜ਼ਾ ਵਰਗੀਆਂ ਤੰਗ ਗਲੀਆਂ ‘ਤੇ ਅਚਾਨਕ ਭੀੜ ਇਕੱਠੀ ਹੋਈ। ਵੱਡੀ ਗਿਣਤੀ ਵਿੱਚ ਲੋਕਾਂ ਦੇ ਅੱਗੇ ਵਧਣ ਕਾਰਨ ਇੱਕ ਦੂਜੇ ਨਾਲ ਧੱਕਾ-ਮੁੱਕੀ ਹੋਈ ਅਤੇ ਕੁਝ ਆਪਣਾ ਸੰਤੁਲਨ ਗੁਆ ਬੈਠੇ ਅਤੇ ਡਿੱਗ ਪਏ। ਇਸ ਨਾਲ ਪਿੱਛੇ ਤੋਂ ਆ ਰਹੀ ਭੀੜ ਦਾ ਦਬਾਅ ਹੋਰ ਵੀ ਵਧ ਗਿਆ, ਜਿਸ ਕਾਰਨ ਭਗਦੜ ਵਰਗੀ ਸਥਿਤੀ ਪੈਦਾ ਹੋ ਗਈ।
ਦੱਸਣਯੋਗ ਹੈ ਕਿ ਇਸ ਘਟਨਾ ਦੌਰਾਨ ਔਰਤਾਂ ਅਤੇ ਬੱਚਿਆਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ। ਕਈ ਜ਼ਖਮੀ ਹੋਏ ਅਤੇ ਕੁਝ ਸ਼ਰਧਾਲੂ ਬੇਹੋਸ਼ ਵੀ ਹੋ ਗਏ। ਮੌਕੇ ‘ਤੇ ਮੌਜੂਦ ਵਲੰਟੀਅਰਾਂ ਅਤੇ ਸਥਾਨਕ ਲੋਕਾਂ ਨੇ ਤੇਜ਼ੀ ਨਾਲ ਕੰਮ ਕਰ ਜ਼ਖਮੀਆਂ ਨੂੰ ਭੀੜ ਵਿੱਚੋਂ ਬਾਹਰ ਕੱਢਿਆ ਅਤੇ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ। ਪ੍ਰਸ਼ਾਸਨ ਦੀ ਮਦਦ ਨਾਲ ਸਾਰੇ ਜ਼ਖਮੀਆਂ ਨੂੰ ਫਿਰ ਜੁੰਨਾਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਸ ਸਮੇਂ ਇਲਾਜ ਚੱਲ ਰਿਹਾ ਹੈ। ਡਾਕਟਰਾਂ ਅਨੁਸਾਰ ਸਾਰੇ ਜ਼ਖਮੀਆਂ ਦੀ ਹਾਲਤ ਸਥਿਰ ਹੈ।
ਇਸ ਘਟਨਾ ਤੋਂ ਬਾਅਦ ਸ਼ਰਧਾਲੂਆਂ ਅਤੇ ਸਥਾਨਕ ਨਿਵਾਸੀਆਂ ਨੇ ਪ੍ਰਸ਼ਾਸਨ ਪ੍ਰਤੀ ਗੁੱਸਾ ਵੀ ਦੇਖਣ ਨੂੰ ਮਿਲਿਆ। ਲੋਕਾਂ ਦਾ ਕਹਿਣਾ ਹੈ ਕਿ ਸ਼ਿਵਾਜੀ ਜਯੰਤੀ ਵਰਗੇ ਵੱਡੇ ਪੱਧਰ ‘ਤੇ ਹੋਣ ਵਾਲੇ ਸਮਾਗਮ ਦੇ ਬਾਵਜੂਦ ਜਿਸ ਵਿੱਚ ਹਰ ਸਾਲ ਲੱਖਾਂ ਸ਼ਰਧਾਲੂਆਂ ਦੇ ਆਉਣ ਦੀ ਉਮੀਦ ਹੈ, ਭੀੜ ਪ੍ਰਬੰਧਨ ਦੇ ਢੁਕਵੇਂ ਪ੍ਰਬੰਧ ਨਹੀਂ ਕੀਤੇ ਗਏ। ਤੰਗ ਸੜਕਾਂ ‘ਤੇ ਬੈਰੀਕੇਡਿੰਗ ਅਤੇ ਲੋੜੀਂਦੀ ਪੁਲਿਸ ਤਾਇਨਾਤੀ ਪਹਿਲਾਂ ਹੀ ਯਕੀਨੀ ਬਣਾਈ ਜਾਣੀ ਚਾਹੀਦੀ ਸੀ।

