PSIEC ਨੇ ਉਦਯੋਗਿਕ ਪਾਰਕ ਦੀ ਯੋਜਨਾਬੰਦੀ, ਵਿਕਾਸ ਅਤੇ ਪ੍ਰਬੰਧਨ ਲਈ ਚਾਂਦਲਰ ਇੰਸਟੀਚਿਊਟ, ਸਿੰਗਾਪੁਰ ਨਾਲ ਹੱਥ ਮਿਲਾਇਆ

TeamGlobalPunjab
3 Min Read

ਚੰਡੀਗੜ੍ਹ : ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ (ਪੀਐਸਆਈਈਸੀ) ਨੇ ਉਦਯੋਗਿਕ ਪਾਰਕ ਦੀ ਯੋਜਨਾਬੰਦੀ, ਵਿਕਾਸ ਅਤੇ ਪ੍ਰਬੰਧਨ ਲਈ ਚਾਂਦਲਰ ਇੰਸਟੀਚਿਊਟ ਆਫ ਗਵਰਨੈਂਸ (ਸੀਆਈਜੀ), ਸਿੰਗਾਪੁਰ ਨਾਲ ਮਿਲ ਕੇ ਕੰਮ ਕਰਨ ਦਾ ਫੈਸਲਾ ਕੀਤਾ ਹੈ। ਵਰਚੁਅਲ ਪ੍ਰੋਗਰਾਮ, ਜੋ 3 ਮਾਰਚ 2021 ਤੱਕ ਚੱਲੇਗਾ, ਉਦਯੋਗਿਕ ਪਾਰਕ ਦੀ ਯੋਜਨਾਬੰਦੀ, ਵਿਕਾਸ, ਅਤੇ ਪ੍ਰਬੰਧਨ ਦੀਆਂ ਰਣਨੀਤੀਆਂ ਦੇ ਵਾਧੇ ਅਤੇ ਪੰਜਾਬ ਵਿੱਚ ਕਾਰੋਬਾਰ ਕਰਨ `ਚ ਅਸਾਨਤਾ ਅਤੇ ਨੌਕਰੀਆਂ ਦੇ ਮੌਕੇ ਪੈਦਾ ਕਰਨ ਲਈ ਸਾਰਥਕ ਮਾਹੌਲ ਸਿਰਜਣ ਦਾ ਸਮਰਥਨ ਕਰਦਾ ਹੈ।

ਅੱਠ ਤੋਂ ਵੱਧ ਸੈਸ਼ਨਾਂ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਪੀ.ਐਸ.ਆਈ.ਈ.ਸੀ. ਦੇ ਮੁੱਖ ਦਫ਼ਤਰ ਅਤੇ ਜ਼ਿਲ੍ਹਾ ਦਫਤਰਾਂ ਤੋਂ 40 ਤੋਂ ਵੱਧ ਅਧਿਕਾਰੀ ਹਿੱਸਾ ਲੈ ਰਹੇ ਹਨ। ਇਹ ਅਧਿਕਾਰੀ ਉਦਯੋਗਿਕ ਪਾਰਕ ਦੀ ਯੋਜਨਾਬੰਦੀ, ਇੰਜੀਨੀਅਰਿੰਗ ਅਤੇ ਅਸਟੇਟ ਸੇਵਾਵਾਂ ਲਈ ਜ਼ਿੰਮੇਵਾਰ ਹਨ। ਇਹ ਸਿਖਲਾਈ ਪ੍ਰੋਗਰਾਮ ਅਧਿਕਾਰੀਆਂ ਨੂੰ ਉਦਯੋਗਿਕ ਪਾਰਕਾਂ ਦੇ ਵਿਕਾਸ ਦੇ ਮੁੱਖ ਹਿੱਸਿਆਂ ਲਈ ਲੋੜੀਂਦੇ ਹੁਨਰਾਂ ਅਤੇ ਸਮਰੱਥਾਵਾਂ ਨਾਲ ਲੈਸ ਕਰਨ ਲਈ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਦੂਰਦ੍ਰਿਸ਼ਟੀ, ਵਿਵਹਾਰਕਤਾ ਅਤੇ ਯੋਜਨਾਬੰਦੀ; ਅਸਟੇਟ ਪ੍ਰਬੰਧਨ; ਮਾਰਕੀਟਿੰਗ ਅਤੇ ਨਿਵੇਸ਼ ਪੋ੍ਰਤਸਾਹਨ ; ਅਤੇ ਅੰਤਰ-ਏਜੰਸੀ ਤਾਲਮੇਲ ਸ਼ਾਮਲ ਹੈ।

ਪ੍ਰੋਗਰਾਮ ਦਾ ਸੰਚਾਲਨ ਸੀਆਈਜੀ ਦੇ ਸਰੋਤ ਮਾਹਰ, ਸ੍ਰੀ ਲਿਮ ਚਿਨ ਚੋਂਗ ਨੇ ਕੀਤਾ ਹੈ।ਸ਼੍ਰੀ ਲਿਮ ਪਹਿਲਾਂ ਸਿੰਗਾਪੁਰ ਦੀ ਜੇਟੀਸੀ ਕਾਰਪੋਰੇਸ਼ਨ ਤੋਂ ਸਨ ਜਿਨ੍ਹਾਂ ਕੋਲ ਭੌਤਿਕ ਬੁਨਿਆਦੀ ਢਾਂਚੇ, ਭੋਂ ਯੋਜਨਾਬੰਦੀ ਅਤੇ ਉਦਯੋਗਿਕ ਅਸਟੇਟ ਦੇ ਵਿਕਾਸ ਵਿੱਚ ਵਿਆਪਕ ਤਜਰਬਾ ਹੈ।

ਕਾਰਜਕਾਰੀ ਡਾਇਰੈਕਟਰ ਸ੍ਰੀ ਐਸ.ਪੀ ਸਿੰਘ ਅਤੇ ਚੀਫ ਇੰਜੀਨੀਅਰ ਸ੍ਰੀ ਜੇ. ਐੱਸ. ਭਾਟੀਆ ਨੇ ਕਿਹਾ, “ਸਾਨੂੰ ਉਮੀਦ ਹੈ ਕਿ ਇਹ ਸੈਸ਼ਨ ਸਫਲ ਸਿਖਲਾਈ ਪ੍ਰਦਾਨ ਕਰਨਗੇ ਅਤੇ ਪੀਐਸਆਈਈਸੀ ਦੇ ਸਥਾਈ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਮਦਦ ਕਰਨਗੇ।” ਸ੍ਰੀ ਐੱਸ ਪੀ ਸਿੰਘ ਅਤੇ ਸੀਆਈਜੀ ਦੇ ਕਾਰਜਕਾਰੀ ਡਾਇਰੈਕਟਰ ਸ੍ਰੀ ਵੂ ਵਈ ਨੇਂਗ ਨੇ ਪੰਜਾਬ ਦੇ ਵਿਕਾਸ ਵਿੱਚ ਪੀਐਸਆਈਈਸੀ ਦੀ ਮਹੱਤਤਾ ‘ਤੇ ਜੋਰ ਦਿੱਤਾ।

- Advertisement -

ਸ੍ਰੀ ਵੂ ਵਈ ਨੇਂਗ ਨੇ ਕਿਹਾ, “ਉਦਯੋਗਿਕ ਪਾਰਕਾਂ ਦਾ ਵਿਕਾਸ ਪੰਜਾਬ ਲਈ ਆਰਥਿਕ ਵਿਕਾਸ ਦੀ ਰਣਨੀਤੀ ਦਾ ਮੁੱਖ ਹਿੱਸਾ ਹੈ ਅਤੇ ਪੀਐਸਆਈਈਸੀ ਇਸ ਸਬੰਧੀ ਅਹਿਮ ਭੂਮਿਕਾ ਅਦਾ ਕਰਦਾ ਹੈ। ਅਸੀਂ ਇਸ ਮਹੱਤਵਪੂਰਨ ਕਾਰਜ ਵਿਚ ਪੰਜਾਬ ਸਰਕਾਰ ਦਾ ਸਮਰਥਨ ਕਰਨ ਲਈ ਵਚਨਬੱਧ ਹਾਂ।” ਸੀਆਈਜੀ ਅਤੇ ਪੀਐਸਆਈਈਸੀ ਦਰਮਿਆਨ ਸਮਝੌਤਾ ਪੰਜਾਬ ਸਰਕਾਰ ਅਤੇ ਸੀਆਈਜੀ ਦਰਮਿਆਨ ਮੈਮੋਰੰਡਮ ਆਫ ਅੰਡਰਸਟੈਂਡਿੰਗ (ਐਮਓਯੂ) ਅਧੀਨ ਆਉਂਦਾ ਹੈ।

ਪੰਜਾਬ ਸਮਾਲ ਇੰਡਸਟਰੀਜ਼ ਐਂਡ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ (ਪੀਐਸਆਈਈਸੀ) ਦੀ ਮਹੱਤਤਾ ‘ਤੇ ਚਾਨਣਾ ਪਾਉਂਦਿਆਂ ਸ੍ਰੀ ਐਸ.ਪੀ ਸਿੰਘ ਅਤੇ ਸ੍ਰੀ ਜੇ.ਐਸ ਭਾਟੀਆ ਨੇ ਕਿਹਾ ਕਿ ਕਾਰਪੋਰੇਸ਼ਨ ਪੰਜਾਬ ਦੇ ਉਦਯੋਗਿਕ ਬੁਨਿਆਦੀ ਢਾਂਚੇ ਦੇ ਵਿਕਾਸ, ਉਦਯੋਗਿਕ ਫੋਕਲ ਪੁਆਇੰਟਸ (ਆਈ.ਐੱਫ.ਪੀ.) ਜਿਹਨਾਂ ਅਧੀਨ ਪੰਜਾਬ ਦੇ ਵੱਖ-ਵੱਖ ਕਸਬਿਆਂ ਅਤੇ ਸ਼ਹਿਰਾਂ ਵਿਚਲੀ 50 ਏਕੜ ਤੋਂ 500 ਏਕੜ ਜ਼ਮੀਨ ਆਉਂਦੀ ਹੈ, ਦੇ ਵਿਕਾਸ ਰਾਹੀਂ ਉਦਯੋਗਾਂ ਦੇ ਸਰਬਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਇਕ ਉਤਪ੍ਰੇਰਕ ਵਜੋਂ ਕੰਮ ਕਰ ਰਹੀ ਹੈ। ਇਸ ਲਈ ਉਦਯੋਗ ਨੂੰ ਸਹੂਲਤ ਪ੍ਰਦਾਨ ਕਰਨ ਲਈ, ਪੀਐਸਆਈਈਸੀ ਲਿਮਟਿਡ ਸਵੈ-ਨਿਰਭਰ ਉਦਯੋਗਿਕ ਫੋਕਲ ਪੁਆਇੰਟ ਪ੍ਰਦਾਨ ਕਰਦੀ ਹੈ। ਇਹਨਾਂ ਉਦਯੋਗਿਕ ਹੱਬਾਂ ਵਿੱਚ ਪਾਵਰ ਸਬਸਟੇਸ਼ਨਾਂ ਅਤੇ ਡਿਸਟ੍ਰੀਬਿਊਸ਼ਨ ਨੈਟਵਰਕ, ਟੈਲੀ-ਸੰਚਾਰ ਸਹੂਲਤਾਂ, ਕਾਮਿਆਂ ਲਈ ਰਿਹਾਇਸ਼ੀ ਖੇਤਰ, ਸਾਫ਼ ਵਾਤਾਵਰਣ ਲਈ ਕਾਮਨ ਈਫਲੂਐਂਟ ਟ੍ਰੀਟਮੈਂਟ ਪਲਾਂਟ ਅਤੇ ਸੀਵਰੇਜ ਟ੍ਰੀਟਮੈਂਟ ਪਲਾਂਟ ਸ਼ਾਮਲ ਹਨ।

Share this Article
Leave a comment