PSEB ਵੱਲੋਂ 10ਵੀਂ ਅਤੇ 12ਵੀਂ ਦੀਆਂ ਮੁਲਤਵੀ ਪ੍ਰੀਖਿਆਵਾਂ ਇਸ ਦਿਨ ਤੋਂ ਲੈਣ ਦਾ ਫ਼ੈਸਲਾ

TeamGlobalPunjab
2 Min Read

ਮੁਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਰਚ 2020 ਵਿੱਚ ਦਸਵੀ ਸ਼੍ਰੇਣੀ ਦੀਆਂ ਮੁਲਤਵੀ ਕੀਤੀਆਂ ਪ੍ਰੀਖਿਆਵਾਂ ਅਤੇ ਬਾਰ੍ਹਵੀਂ ਸ਼੍ਰੇਣੀ ਦੀਆਂ ਅਨੁਪੂਰਕ ਪ੍ਰੀਖਿਆਵਾਂ ਅਕਤੂਬਰ ਦੇ ਆਖ਼ਰੀ ਹਫ਼ਤੇ ਤੋਂ ਲੈਣ ਦਾ ਫ਼ੈਸਲਾ ਕੀਤਾ ਗਿਆ ਹੈ।

ਬੋਰਡ ਦੇ ਸਕੱਤਰ ਮੁਹੰਮਦ ਤਈਅਬ (ਆਈ.ਏ.ਐੱਸ) ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ ਸੂਬੇ ਵਿੱਚ ਕੋਵਿਡ-19 ਮਹਾਂਮਾਰੀ ਦੇ ਪ੍ਰਕੋਪ ਕਾਰਨ ਪੰਜਾਬ ਸਰਕਾਰ ਵੱਲੋਂ ਲਾਗੂ ਕਰਫ਼ਿਊ ਅਤੇ ਲਾਕਡਾਊਨ ਦੇ ਚੱਲਦਿਆਂ ਸਿੱਖਿਆ ਬੋਰਡ ਵੱਲੋਂ ਕਰਵਾਈਆਂ ਜਾ ਰਹੀਆਂ ਮਾਰਚ 2020 ਦੀਆਂ ਸਲਾਨਾ ਪਰੀਖਿਆਵਾਂ ਮੁਲਤਵੀ ਕਰਨੀਆਂ ਪਈਆਂ ਸਨ। ਹਾਲਾਤ ਸੁਧਰਨ ਕਾਰਨ ਹੁਣ ਦਸਵੀਂ ਸ਼੍ਰੇਣੀ ਦੀਆਂ ਓਪਨ ਸਕੂਲ ਪ੍ਰਣਾਲੀ, ਕਾਰਗੁਜ਼ਾਰੀ ਸੁਧਾਰ ਅਤੇ ਵਾਧੂ ਵਿਸ਼ਾ ਕੈਟਾਗਰੀਆਂ ਦੇ ਉਨ੍ਹਾਂ ਪ੍ਰੀਖਿਆਰਥੀਆਂ, ਜਿਨ੍ਹਾਂ ਦਾ ਨਤੀਜਾ ਹਾਲੇ ਤੱਕ ਐਲਾਨਿਆਂ ਨਹੀਂ ਗਿਆ, 26 ਅਕਤੂਬਰ 2020 ਤੋਂ 11 ਨਵੰਬਰ 2020 ਅਤੇ ਬਾਰ੍ਹਵੀਂ ਸ਼੍ਰੇਣੀ ਦੀਆਂ ਸਪਲੀਮੈਂਟਰੀ, ਕਾਰਗੁਜ਼ਾਰੀ ਸੁਧਾਰ ਅਤੇ ਵਾਧੂ ਵਿਸ਼ਾ ਕੈਟਾਗਰੀਆਂ ਦੀ ਪਰੀਖਿਆ 26 ਅਕਤੁਬਰ 2020 ਤੋਂ 17 ਨਵੰਬਰ 2020 ਤੱਕ ਸਿੱਖਿਆ ਬੋਰਡ ਵੱਲੋਂ ਨਿਰਧਾਰਤ ਪਰੀਖਿਆ ਕੇਂਦਰਾਂ ਤੇ ਕਰਵਾਈ ਜਾਵੇਗੀ।

ਬੋਰਡ ਦੇ ਸਕੱਤਰ ਵੱਲੋਂ ਦਿੱਤੀ ਹੋਰ ਜਾਣਕਾਰੀ ਅਨੁਸਾਰ ਇਨ੍ਹਾਂ ਪ੍ਰੀਖਿਆਵਾਂ ਦੇ ਨਾਲ ਨਾਲ ਸਾਲ 2004 ਤੋਂ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਨੂੰ ਦਿੱਤੇ ਗਏ ਸੁਨਹਿਰੀ ਮੌਕੇ ਅਧੀਨ ਅਪੀਅਰ ਹੋਣ ਵਾਲੇ ਪਰੀਖਿਆਰਥੀਆਂ ਦੀ ਵੀ ਪਰੀਖਿਆ ਹੋਵੇਗੀ| ਪਰੀਖਿਆ ਦਾ ਸਮਾਂ ਸਵੇਰੇ 11:00 ਵਜੇ ਤੋਂ 2:15 ਵਜੇ ਤੱਕ ਦਾ ਹੋਵੇਗਾ। ਪਰੀਖਿਆ ਅਤੇ ਡੇਟਸ਼ੀਟ ਸਬੰਧੀ ਮੁਕੰਮਲ ਜਾਣਕਾਰੀ ਬੋਰਡ ਦੀ ਵੈੱਬ-ਸਾਈਟ www.pseb.ac.in ‘ਤੇ ਵੀ ਉਪਲਬਧ ਹੈ।

Share this Article
Leave a comment