ਇਸ ਵਿਰੋਧ ਪ੍ਰਦਰਸ਼ਨ ਵਿੱਚ ਟੈਕਸੀ ਯੂਨੀਅਨਾਂ, ਟਰੱਕ ਯੂਨੀਅਨਾਂ ਅਤੇ ਵੱਖ-ਵੱਖ ਕਿਸਾਨ ਸੰਗਠਨ ਮੁੱਖ ਭਾਗੀਦਾਰ ਸਨ। ਪ੍ਰਦਰਸ਼ਨ ਦੌਰਾਨ ਕਿਸੇ ਵੀ ਵਪਾਰਕ ਜਾਂ ਨਿੱਜੀ ਵਾਹਨ ਨੂੰ ਹਿਮਾਚਲ ਪ੍ਰਦੇਸ਼ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਸੀ। ਹਾਲਾਂਕਿ, ਇਹ ਰਾਹਤ ਦੀ ਗੱਲ ਸੀ ਕਿ ਐਂਬੂਲੈਂਸਾਂ ਅਤੇ ਹੋਰ ਐਮਰਜੈਂਸੀ ਸੇਵਾਵਾਂ ਨੂੰ ਟ੍ਰੈਫਿਕ ਜਾਮ ਤੋਂ ਪੂਰੀ ਤਰ੍ਹਾਂ ਮੁਕਤ ਰੱਖਿਆ ਗਿਆ ਸੀ।

ਧਰਨੇ ਦੀ ਸ਼ੁਰੂਆਤ ਸਵੇਰੇ 11 ਵਜੇ ਕੀਤੀ ਗਈ। ਪਹਿਲਾਂ ਹਿਮਾਚਲ ਤੋਂ ਆਉਣ ਵਾਲੇ ਵਾਹਨ ਰੋਕੇ ਗਏ, ਪਰ ਬਾਅਦ ਵਿੱਚ ਹਿਮਾਚਲ ਪ੍ਰਸ਼ਾਸਨ ਵੱਲੋਂ ਵਾਹਨਾਂ ਨੂੰ ਬਦਲਵੇਂ ਰੂਟਾਂ ’ਤੇ ਭੇਜੇ ਜਾਣ ਕਾਰਨ ਹਿਮਾਚਲ ਵੱਲ ਜਾਣ ਵਾਲੀ ਆਵਾਜਾਈ ਵੀ ਰੋਕ ਦਿੱਤੀ ਗਈ। ਇਸ ਦੌਰਾਨ ਸੜਕ ਦੇ ਦੋਵੇਂ ਪਾਸੇ ਕਈ ਕਿਲੋਮੀਟਰ ਲੰਮਾ ਜਾਮ ਲੱਗ ਗਿਆ। ਗਰਮੀਆਂ ਦੀਆਂ ਛੁੱਟੀਆਂ ਕਾਰਨ ਵੱਡੀ ਗਿਣਤੀ ਵਿੱਚ ਸੈਲਾਨੀ ਹਿਮਾਚਲ ਵੱਲ ਜਾ ਰਹੇ ਸਨ, ਜਿਸ ਕਰਕੇ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਕੌਮੀ ਹਾਈਵੇ ’ਤੇ ਕਿਸੇ ਵੀ ਸੂਬੇ ਵੱਲੋਂ ਐਂਟਰੀ ਟੈਕਸ ਵਸੂਲਣਾ ਜਾਇਜ਼ ਨਹੀਂ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਵੀ ਹਿਮਾਚਲ ਤੋਂ ਆਉਣ ਵਾਲੇ ਵਾਹਨਾਂ ’ਤੇ ਬਰਾਬਰ ਟੈਕਸ ਲਗਾਉਣ ਦੀ ਮੰਗ ਕੀਤੀ ਹੈ। ਆਗੂਆਂ ਨੇ ਦੱਸਿਆ ਕਿ ਗਰਾਂ ਮੋੜਾ ਨੇੜੇ ਐਂਟਰੀ ਟੈਕਸ ਪਹਿਲਾਂ 30 ਰੁਪਏ ਸੀ, ਜਿਸ ਨੂੰ ਵਧਾ ਕੇ 70 ਅਤੇ ਬਾਅਦ ਵਿੱਚ 170 ਰੁਪਏ ਕੀਤਾ ਗਿਆ। ਵਿਰੋਧ ਤੋਂ ਬਾਅਦ ਹੁਣ ਇਸ ਨੂੰ ਘਟਾ ਕੇ 100 ਰੁਪਏ ਕੀਤਾ ਗਿਆ ਹੈ।

