ਨਵੀ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਅਤੇ ਸਲੋਵਾਕੀਆ ਦੇ ਆਪਣੇ ਦੋ ਦੇਸ਼ਾਂ ਦੇ ਦੌਰੇ ਤੋਂ ਬਾਅਦ ਨਵੀਂ ਦਿੱਲੀ ਲਈ ਰਵਾਨਾ ਹੋ ਗਏ ਹਨ। ਇਸ ਦੌਰਾਨ ਉਨ੍ਹਾਂ ਨੇ ਜੀ-7 ਸਿਖਰ ਸੰਮੇਲਨ ਵਿੱਚ ਹਿੱਸਾ ਲਿਆ ਅਤੇ ਦੁਨੀਆ ਦੇ ਕਈ ਨੇਤਾਵਾਂ ਨਾਲ ਦੁਵੱਲੀਆਂ ਬੈਠਕਾਂ ਕੀਤੀਆਂ।
ਪੀ.ਐੱਮ. ਮੋਦੀ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, ‘ਫਰਾਂਸ ਦਾ ਇਹ ਦੌਰਾ ਰੁੱਝੇਵਿਆਂ ਅਤੇ ਨਤੀਜਿਆਂ ਦੇ ਲਿਹਾਜ਼ ਨਾਲ ਕਾਫੀ ਅਹਿਮ ਰਿਹਾ ਹੈ। ਇਸ ਦੀ ਸ਼ੁਰੂਆਤ ਨੀਸ ਤੋਂ ਹੋਈ, ਜਿੱਥੇ ‘ਭਾਰਤ ਇਨੋਵੇਟਸ’ ਪ੍ਰੋਗਰਾਮ ਹੋਇਆ। ਉਸ ਤੋਂ ਬਾਅਦ ਜੀ-7 ਲਈ ਐਵੀਅਨ ਅਤੇ ਫਿਰ ਪੈਰਿਸ ਵਿੱਚ, ਜਿੱਥੇ ਮੈਂ ‘ਵੀਵਾਟੈੱਕ 2026′ ਅਤੇ ਇੱਕ ਵੱਡੇ ਭਾਈਚਾਰਕ ਪ੍ਰੋਗਰਾਮ ਨੂੰ ਸੰਬੋਧਨ ਕੀਤਾ, ਨਾਲ ਹੀ ਸੀ.ਈ.ਓਜ਼ (CEOs) ਨਾਲ ਵੀ ਮੁਲਾਕਾਤ ਕੀਤੀ।’
ਉਨ੍ਹਾਂ ਨੇ ਅੱਗੇ ਕਿਹਾ, ‘ਮੈਂ ਆਪਣੇ ਦੋਸਤ ਰਾਸ਼ਟਰਪਤੀ ਮੈਕਰੋਨ, ਉੱਥੋਂ ਦੀ ਸਰਕਾਰ ਅਤੇ ਫਰਾਂਸ ਦੇ ਲੋਕਾਂ ਦਾ ਇਸ ਨਿੱਘੇ ਸਵਾਗਤ ਲਈ ਖ਼ਾਸ ਤੌਰ ‘ਤੇ ਸ਼ੁਕਰਗੁਜ਼ਾਰ ਹਾਂ। ਆਉਣ ਵਾਲੇ ਸਮੇਂ ਵਿੱਚ ਭਾਰਤ-ਫਰਾਂਸ ਦੀ ਦੋਸਤੀ ਹੋਰ ਵੀ ਮਜ਼ਬੂਤ ਹੋਵੇਗੀ।’
ਪੀ.ਐੱਮ. ਮੋਦੀ ਨੇ ਇਸ ਤੋਂ ਪਹਿਲਾਂ ਦਿਨ ਵੇਲੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਭਾਰਤ ਦੁਨੀਆ ਲਈ ਇੱਕ ‘ਭਰੋਸੇਮੰਦ ਭਾਈਵਾਲ’ ਵਜੋਂ ਉੱਭਰ ਰਿਹਾ ਹੈ। ਪੀ.ਐੱਮ. ਮੋਦੀ ਨੇ ਇਹ ਵੀ ਕਿਹਾ ਕਿ ਇਹ ਭਾਰਤ ਦੀ ਯਾਤਰਾ ਦਾ ਇੱਕ ਅਹਿਮ ਦੌਰ ਹੈ, ਜਿੱਥੇ ਉਮੀਦਾਂ ਨਵੀਆਂ ਉਚਾਈਆਂ ਨੂੰ ਛੂਹ ਰਹੀਆਂ ਹਨ।
ਦਸ ਦਈਏ ਕਿ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਹਿੰਦੀ ਵਿੱਚ ਇੱਕ ਵੀਡੀਓ ਸੰਦੇਸ਼ ਸਾਂਝਾ ਕੀਤਾ ਹੈ। ਉਨ੍ਹਾਂ ਨੇ ਕਿਹਾ— ‘ਪਿਆਰੇ ਮਿੱਤਰ ਨਰਿੰਦਰ, ਤੁਹਾਡਾ ਨੀਸ, ਐਵੀਅਨ ਅਤੇ ਪੈਰਿਸ ਦੇ ਦੌਰੇ ‘ਤੇ ਸਵਾਗਤ ਕਰ ਕੇ ਮੈਨੂੰ ਬਹੁਤ ਖੁਸ਼ੀ ਹੋਈ। ਫਰਾਂਸ ਅਤੇ ਭਾਰਤ ਦੀ ਦੋਸਤੀ ਅਮਰ ਰਹੇ।’
ਇਸ ਤੋਂ ਬਾਅਦ ਮੁਸਕੁਰਾਉਂਦੇ ਹੋਏ ਮੈਕਰੋਨ ਨੇ ਕਿਹਾ, ‘ਮੈਨੂੰ ਉਮੀਦ ਹੈ ਕਿ ਇਹ (ਹਿੰਦੀ ਸੰਦੇਸ਼) ਸਹੀ ਹੋਵੇਗਾ। ਪਿਆਰੇ ਪ੍ਰਧਾਨ ਮੰਤਰੀ, ਇਸ ਦੋਸਤੀ ਲਈ ਤੁਹਾਡਾ ਧੰਨਵਾਦ। ਮੈਂ ਅਗਲੀ ਫਰਵਰੀ ਚ ਭਾਰਤ ਦੌਰੇ ਦੌਰਾਨ ਤੁਹਾਨੂੰ ਮਿਲਾਂਗਾ।’ ਉੱਥੇ ਹੀ, ਫਰਾਂਸ ਤੋਂ ਰਵਾਨਾ ਹੋਣ ਤੋਂ ਬਾਅਦ ਪੀ.ਐੱਮ. ਮੋਦੀ ਨੇ ‘X’ ਤੇ ਲਿਖਿਆ— ‘ਇਹ ਯਾਤਰਾ ਸਾਂਝੇਦਾਰੀ ਅਤੇ ਉਪਲਬਧੀਆਂ ਦੋਵਾਂ ਦੇ ਲਿਹਾਜ਼ ਨਾਲ ਕਾਫੀ ਅਹਿਮ ਰਹੀ।’
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

