-ਪੁਸ਼ਪਿੰਦਰ ਕੌਰ ਬਰਾੜ
ਯੂਰੋਪੀਅਨ ਸ਼ਹਿਦ ਦੀ ਮੱਖੀ ਤਕਰੀਬਨ 75 ਪ੍ਰਤੀਸ਼ਤ ਖੇਤੀ ਫਸਲਾਂ ਦੇ ਪਰ ਪਰਾਗਨ ਵਿਚ ਸਹਾਇਤਾ ਕਰਦੀ ਹੈ। ਫੁੱਲਾਂ ਤੋਂ ਪਰਾਗ ਅਤੇ ਰਸ ਇਕੱਠਾ ਕਰਨ ਦੀ ਪ੍ਰਕਿਰਿਆ ਦੌਰਾਨ ਸ਼ਹਿਦ ਮੱਖੀਆਂ ਖੇਤੀ ਰਸਾਇਣਾਂ ਦੇ ਸੰਪਰਕ ਵਿੱਚ ਆ ਜਾਂਦੀਆਂ ਹਨ। ਸ਼ਹਿਦ ਮੱਖੀਆਂ ਤੇ ਕੀਟਨਾਸ਼ਕਾਂ ਦਾ ਜ਼ਿਆਦਾਤਰ ਪ੍ਰਭਾਵ ਉਦੋਂ ਹੁੰਦਾ ਹੈ ਜਦੋਂ ਜ਼ਿਆਦਾ ਜ਼ਹਿਰ ਵਾਲੇ ਰਸਾਇਣ, ਫਸਲ ਦੇ ਫੁੱਲ ਆਉਣ ਦੀ ਸਥਿਤੀ ਵਿੱਚ ਸਪਰੇਅ ਕੀਤੇ ਜਾਣ। ਇਸ ਤੋਂ ਇਲਾਵਾ ਹੇਠ ਲਿਖੇ ਹੋਰ ਕਾਰਨ ਵੀ ਹੋ ਸਕਦੇ ਹਨ:
1. ਹਵਾ ਕਰਕੇ ਕੀਟਨਾਸ਼ਕ ਦਾ ਰੁਖ ਛਿੜਕਾਅ ਕੀਤੀ ਜਾਣ ਵਾਲੀ ਫਸਲ ਤੋਂ ਨਾਲ਼ ਦੀ ਫਸਲ (ਜਿਸਦੇ ਫੁੱਲਾਂ ਤੇ ਸ਼ਹਿਦ ਦੀਆਂ ਮੱਖੀਆਂ ਜਾਂਦੀਆਂ ਹਨ) ਵੱਲ ਹੋ ਜਾਣਾ।
2. ਫਸਲ ‘ਤੇ ਸਪਰੇਅ ਹੋ ਰਹੇ ਰਸਾਇਣਾਂ ਨਾਲ ਜ਼ਮੀਨ ਦਾ ਦੂਸ਼ਿਤ ਹੋਣਾ।
3. ਫਸਲ ਦੇ ਫੁੱਲਾਂ ਤੋਂ ਰਸਾਇਣਾਂ ਦੀ ਰਹਿੰਦ-ਖੂੰਹਦ ਮੱਖੀਆਂ ਦੁਆਰਾ ਕਟੁੰਬਾਂ ਵਿੱਚ ਲਿਆਉਣਾ।
4. ਸ਼ਹਿਦ ਦੀਆਂ ਮੱਖੀਆਂ ਦਾ ਜ਼ਹਿਰੀਲੇ/ਰਸਾਇਣ ਵਾਲੇ ਗੰਧਲੇ ਪਾਣੀ ਜਾਂ ਤ੍ਰੇਲ ਦੇ ਸੰਪਰਕ ਵਿੱਚ ਆਉਣਾ।
ਖੇਤੀ ਵਿੱਚ ਵਰਤੇ ਜਾਣ ਵਾਲੇ ਜ਼ਹਿਰੀਲੇ ਰਸਾਇਣਾਂ ਦਾ ਸਿੱਧਾ ਨਤੀਜਾ ਮੱਖੀਆਂ ਦੀ ਮੌਤ ਹੈ ਜਦੋਂਕਿ ਅਸਿੱਧੇ ਤੌਰ ‘ਤੇ ਵੀ ਇਹ ਕਾਫੀ ਅਸਰ ਕਰਦੇ ਹਨ। ਇਹ ਰਸਾਇਣ ਮੱਖੀਆਂ ਦੇ ਬੋਧ ਭਾਵ ਮਸਲਨ ਸਿੱਖਣ ਅਤੇ ਯਾਦ ਸ਼ਕਤੀ, ਸਥਿਤੀ ਅਤੇ ਰਸਤੇ ਸਮਝਣ ਦੀ ਆਦਤ ‘ਤੇ ਅਸਰ ਕਰਦੇ ਹਨ। ਰਸ ਅਤੇ ਪਰਾਗ ਇਕੱਠਾ ਕਰਨ ਦੀ ਸਮਰੱਥਾ ਤੇ ਵੀ ਅਸਰ ਪੈਂਦਾ ਹੈ। ਖੰਭਾਂ ਦੀਆਂ ਮਾਸਪੇਸ਼ੀਆਂ ‘ਤੇ ਅਸਰ ਕਰਕੇ ਇਨ੍ਹਾਂ ਦੀ ਉੱਡਣ ਸ਼ਕਤੀ ਪ੍ਰਭਾਵਿਤ ਹੁੰਦੀ ਹੈ। ਇਸ ਤੋਂ ਇਲਾਵਾ ਮੱਖੀਆਂ ਦੀ ਸੰਚਾਰ ਸਮਰੱਥਾ, ਪਾਚਨ- ਸ਼ਕਤੀ ਅਤੇ ਚਾਲ/ਗਤੀ ‘ਤੇ ਵੀ ਅਸਰ ਪੈਂਦਾ ਹੈ।
ਸ਼ਹਿਦ ਦੀਆਂ ਮੱਖੀਆਂ ਵਿੱਚ ਜ਼ਹਿਰ ਦੇ ਅਸਰ ਦੇ ਲੱਛਣ:
1. ਕਟੁੰਬ ਨੇੜੇ ਮਰੀਆਂ ਜਾਂ ਮਰ ਰਹੀਆਂ ਮੱਖੀਆਂ
2. ਗਾਰਡ ਮੱਖੀਆਂ ਦੀ ਪਹਿਚਾਣ ਸਮਰੱਥਾ ‘ਤੇ ਅਸਰ
3. ਫਰੇਮਾਂ ਦੀਆਂ ਉਪਰਲੀਆਂ ਫੱਟੀਆਂ ਜਾਂ ਬਾਟਮ ਬੋਰਡ ਉਪਰ ਮਰੀਆਂ ਸ਼ਹਿਦ ਮੱਖੀਆਂ
4. ਸੁਭਾਅ ਵਿੱਚ ਗੁਸੈਲਾਪਣ ਆਉਣਾ
5. ਕਟੁੰਬ ਦੇ ਅੰਦਰ ਜਾਂ ਗੇਟ ਤੇ ਲੜ ਰਹੀਆਂ ਮੱਖੀਆਂ
6. ਕਟੁੰਬ ਦੇ ਨੇੜੇ ਜ਼ਮੀਨ ਤੇ ਰੀਂਗ ਰਹੀਆਂ ਮੱਖੀਆਂ
7. ਕਟੁੰਬ ਵਿੱਚ ਇਕਦਮ ਖੁਰਾਕ ਅਤੇ ਬਰੂਡ ਦੀ ਘਾਟ ਹੋ ਜਾਣੀ
8. ਕਟੁੰਬ ਵਿੱਚ ਮਰਿਆ ਹੋਇਆ ਅਤੇ ਅਣਗੌਲਿਆ ਬਰੂਡ
ਕੀਟਨਾਸ਼ਕਾਂ ਦੀ ਵਰਤੋਂ ਅਤੇ ਇਨ੍ਹਾਂ ਦੇ ਮੱੱਖੀਆਂ ਨੂੰ ਨੁਕਸਾਨ ਪਹੁੰਚਾਉਣ ਦੀ ਸਮਰੱਥਾ ਨੂੰ ਕਈ ਤੱਥ ਪ੍ਰਭਾਵਿਤ ਕਰਦੇ ਹਨ ਜਿਨ੍ਹਾਂ ਨੂੰ ਜੇਕਰ ਧਿਆਨ ਵਿੱਚ ਰੱਖਿਆ ਜਾਵੇ ਤਾਂ ਸ਼ਹਿਦ ਮੱਖੀਆਂ ਦੇ ਇਨ੍ਹਾਂ ਕਰਕੇ ਹੁੰਦੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਮੱਖੀਆਂ ਨੂੰ ਰਸਾਇਣਾਂ ਦੇ ਅਸਰ ਤੋਂ ਬਚਾਉਣ ਲਈ ਸਪਰੇਅ ਕਰਨ ਵਾਲੇ ਕਿਸਾਨ ਵੀਰ ਅਤੇ ਸ਼ਹਿਦ ਮੱਖੀ ਪਾਲਕ ਦੋਨਾਂ ਵੱਲੋਂ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ਜੋ ਕਿ ਇਸ ਤਰ੍ਹਾਂ ਹਨ:
ਸਪਰੇਅ ਕਰਨ ਵੇਲੇ
1. ਕੀਟਨਾਸ਼ਕ ਦੇ ਲੇਬਲ ਤੇ ਸ਼ਹਿਦ ਦੀਆਂ ਮੱਖੀਆਂ ਸੰਬੰਧੀ ਲਿਖੀਆਂ ਧਿਆਨ ਦੇਣ ਯੋਗ ਗੱਲਾਂ ਨੂੰ ਪੜ੍ਹੋ ਅਤੇ ਉਨ੍ਹਾਂ ‘ਤੇ ਅਮਲ ਕਰੋ।
2. ਕੀਟਨਾਸ਼ਕ ਦੀ ਚੋਣ: ਅਗਰ ਫਸਲ ਨੂੰ ਨੁਕਸਾਨ ਪਹੁੰਚਾ ਰਹੇ ਕੀੜੇ ਵਿਰੁੱਧ ਇੱਕ ਤੋਂ ਜ਼ਿਆਦਾ ਰਸਾਇਣ ਅਸਰਦਾਰ ਹਨ ਤਾਂ ਉਸ ਰਸਾਇਣ ਦੀ ਚੋਣ ਕਰਨੀ ਚਾਹੀਦੀ ਹੈ ਜੋ ਹਾਨੀਕਾਰਕ ਜੀਵਾਂ ਵਿਰੁੱਧ ਅਸਰਦਾਰ ਅਤੇ ਸ਼ਹਿਦ ਮੱਖੀਆਂ ਲਈ ਘੱਟ ਤੋਂ ਘੱਟ ਨੁਕਸਾਨਦੇਹ ਹੋਵੇ ਜਾਂ ਸੁਰੱਖਿਅਤ ਹੋਵੇ।ਕੀਟਨਾਸ਼ਕ ਦਾ ਜ਼ਹਿਰੀਲਾਪਨ ਵੀ ਅਣਗੌਲਿਆ ਨਾ ਕਰੋ ਜਿਵੇਂ ਕਿ ਜਿਹੜੇ ਬਹੁਤ ਘੱਟ ਜਾਂ ਘੱਟ ਜ਼ਹਿਰੀਲੇ ਰਸਾਇਣ ਹਨ, ਉਹ ਵਰਤੇ ਜਾ ਸਕਦੇ ਹਨ।
3. ਕੀਟਨਾਸ਼ਕ ਦੀ ਰਹਿੰਦ-ਖੂੰਹਦ ਅਤੇ ਉਸਦਾ ਅਸਰ: ਫੁੱਲਾਂ ਤੋਂ ਰਸ ਅਤੇ ਪਰਾਗ ਇਕੱਠਾ ਕਰ ਰਹੀਆਂ ਸ਼ਹਿਦ ਮੱਖੀਆਂ ਰਸਾਇਣਾਂ ਦੀ ਰਹਿੰਦ-ਖੂੰਹਦ ਨੂੰ ਵੀ ਨਾਲ ਹੀ ਆਪਣੇ ਕਟੁੰਬਾਂ ਵਿੱਚ ਲੈ ਆਉਂਦੀਆਂ ਹਨ ਅਤੇ ਖੁਰਾਕ ਵਾਲੇ ਛੱਤਿਆਂ ਵਿੱਚ ਜਮ੍ਹਾ ਕਰ ਲੈਂਦੀਆਂ ਹਨ। ਇਹ ਜ਼ਹਿਰੀਲੀ ਰਹਿੰਦ ਖੂਹੰਦ ਵਾਲੀ ਖੁਰਾਕ ਨਾਲ ਪੂੰਗ ਮਰਨੀ ਸ਼ੁਰੂ ਹੋ ਜਾਂਦੀ ਹੈ।
4. ਫਸਲ ਅਤੇ ਉਸ ਦੇ ਵਾਧੇ ਦੀ ਹਾਲਤ: ਜੇਕਰ ਫਸਲ ਫੁੱਲਾਂ ਵਾਲੀ ਹਾਲਤ ਵਿੱਚ ਨਹੀਂ ਹੈ ਤਾਂ ਰਸਾਇਣ ਦੀ ਵਰਤੋਂ ਬੇਝਿਜਕ ਹੋ ਸਕਦੀ ਹੋ। ਫੁੱਲਾਂ ਤੇ ਆਈ ਫਸਲ, ਜੋ ਕਿ ਸ਼ਹਿਦ ਦੀਆਂ ਮੱਖੀਆਂ ਲਈ ਆਕਰਸ਼ਕ ਹੈ, ਉਸ ਤੇ ਜ਼ਿਆਦਾ ਜ਼ਹਿਰੀਲ਼ੇ ਰਸਾਇਣ ਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਅਜਿਹੇ ਜ਼ਹਿਰ ਵਰਤੇ ਜਾ ਸਕਦੇ ਹਨ ਜੋ ਕਿ ਸ਼ਹਿਦ ਮੱਖੀਆਂ ਲਈ ਸੁਰੱਖਿਅਤ ਹੋਣ।ਧਿਆਨ ਰੱਖਣਾ ਚਾਹੀਦਾ ਹੈ ਕਿ ਨੇੜਲੇ ਨਦੀਨਾਂ ਦੇ ਫੁੱਲਾਂ ਤੇ ਸਪਰੇਅ ਦੇ ਛਿੱਟੇ ਨਾ ਪੈਣ ।
5. ਕੀਟਨਾਸ਼ਕ ਦੀ ਵਰਤੋਂ ਕਰਨ ਦੇ ਸਮੇਂ ਦਾ ਵੀ ਬਹੁਤ ਮਹੱਤਵ ਹੈ। ਫੁੱਲ ਆਉਣ ਵਾਲੀ ਹਾਲਤ ਵਿੱਚ ਫਸਲ ਤੇ ਸ਼ਹਿਦ ਦੀਆਂ ਮੱਖੀਆਂ ਲਈ ਜ਼ਹਿਰੀਲੇ ਰਸਾਇਣ ਸਵੇਰੇ ਅਤੇ ਸ਼ਾਮ ਦੇ ਸਮੇਂ ਸਪਰੇਅ ਕਰਨੇ ਚਾਹੀਦੇ ਹਨ ਜਦੋਂ ਮੱਖੀਆਂ ਜ਼ਿਆਦਾਤਰ ਆਪਣੇ ਕਟੁੰਬਾਂ ਵਿੱਚ ਹੁੰਦੀਆਂ ਹਨ। ਦੇਰ ਸ਼ਾਮ ਜ਼ਾਂ ਰਾਤ ਵਾਲੇ ਛਿੜਕਾਅ ਦਾ ਸ਼ਹਿਦ ਮੱਖੀਆਂ ਉਪਰ ਸਿੱਧਾ ਅਸਰ ਨਹੀਂ ਹੁੰਦਾ।
6. ਹਵਾਈ ਛਿੜਕਾਅ ਦਾ ਤਰੀਕਾ, ਜ਼ਮੀਨ ਤੇ ਖੜ੍ਹੇ ਹੋ ਕੇ ਛਿੜਕਾਅ ਕਰਨ ਵਾਲੇ ਤਰੀਕਿਆਂ ਨਾਲੋਂ ਵੱਧ ਨੁਕਸਾਨ ਕਰਦਾ ਹੈ ਕਿਉਂਕਿ ਮੱਖੀਆਂ ਦੇ ਕਟੁੰਬਾਂ ਤੱਕ ਰਸਾਇਣਾਂ ਦੇ ਕਣ ਪਹੁੰਚ ਜਾਂਦੇ ਹਨ।
7. ਕਦੇ ਵੀ ਮੱਖੀ ਕਟੁੰਬਾਂ ਤੇ ਕੀਟਨਾਸ਼ਕ ਦਾ ਸਿੱਧਾ ਛਿੜਕਾਅ ਨਹੀਂ ਕਰਨਾ ਚਾਹੀਦਾ।ਛਿੜਕਾਅ ਵੇਲੇ ਹਵਾ ਦੇ ਰੁਖ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਕਟੁੰਬ ਉਪਰ ਸਿੱਧਾ ਛਿੜਕਾਅ ਨਾ ਪਵੇ।
8. ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਉਨ੍ਹਾਂ ਦੀ ਫਸਲ ਨਾਲ ਲਗਦੇ ਸ਼ਹਿਦ ਮੱਖੀ ਕਟੁੰਬਾਂ ਦੇ ਪਾਲਕਾਂ ਨੂੰ ਸਪਰੇਅ ਕਰਨ ਬਾਰੇ ਅਗਾਊਂ ਸੂਚਨਾ ਦਿੱਤੀ ਜਾਵੇ।
9. ਵਰਤੋਂ ਤੋਂ ਬਾਅਦ ਕੀਟਨਾਸ਼ਕਾਂ ਦੇ ਖਾਲੀ ਡੱਬੇ ਲੇਬਲ ‘ਤੇ ਦੱਸੇ ਅਨੁਸਾਰ ਨਸ਼ਟ ਕਰ ਦਿਓ। ਖਾਲ਼ੀ ਡੱਬੇ ਜਲ ਸਰੋਤਾਂ ਵਿੱਚ ਨਾ ਸੁੱਟੋ ਤਾਂ ਜੋ ਮੱਖੀਆਂ ਦੂਸ਼ਿਤ ਪਾਣੀ ਦੇ ਸੰਪਰਕ ਵਿੱਚ ਨਾ ਆਉਣ।ਜ਼ਹਿਰੀਲਾ ਪਾਣੀ ਡੋਲ ਕੇ ਉਪਰ ਮਿੱਟੀ ਪਾ ਦੇਣੀ ਚਾਹੀਦੀ ਹੈ ਤਾਂ ਜੋ ਸ਼ਹਿਦ ਮੱਖੀਆਂ ਉਹ ਪਾਣੀ ਚੂਸ ਨਾ ਸਕਣ।
ਮੱਖੀ ਪਾਲਕਾਂ ਲਈ ਜ਼ਰੂਰੀ ਨੁਕਤੇ
1. ਜੇਕਰ ਮੱਖੀ ਕਟੁੰਬ ਕੀਟਨਾਸ਼ਕ ਦੀ ਜ਼ਿਆਦਾ ਵਰਤੋਂ ਵਾਲੇ ਇਲਾਕੇ ਵਿੱਚ ਹਨ ਤਾਂ ਆਪਣੇ ਆਲੇ ਦੁਆਲੇ ਦੇ ਫਸਲ ਉਤਪਾਦਕਾਂ ਨਾਲ ਜਾਣ ਪਹਿਚਾਣ ਰੱਖੋ ਤਾਂ ਜੋ ਉਹ ਤੁਹਾਨੂੰ ਸਪਰੇਅ ਕਰਨ ਬਾਰੇ ਪਹਿਲਾਂ ਤੋਂ ਜਾਣਕਾਰੀ ਦੇ ਸਕਣ। ਕਟੁੰਬਾਂ ਉੱਪਰ ਜਾਂ ਨੇੜੇ ਕੋਈ ਬੋਰਡ ਲਗਾ ਕੇ ਆਪਣਾ ਫੋਨ ਨੰਬਰ, ਪਤਾ ਵਗੈਰਾ ਲਿਖੋ ਤਾਂ ਜੋ ਸਪਰੇਅ ਕਰਨ ਜਾਂ ਹੋਰ ਕੋਈ ਵੀ ਸਮੱਸਿਆ ਦੀ ਹਾਲਤ ਵਿੱਚ ਤੁਹਾਡੇ ਨਾਲ ਸੰਪਰਕ ਕਾਇਮ ਕੀਤਾ ਜਾ ਸਕੇ।
2. ਫਸਲ ਉਤਪਾਦਕਾਂ ਨੂੰ ਸ਼ਹਿਦ ਦੀਆਂ ਮੱਖੀਆਂ ਦੁਆਰਾ ਫਸਲਾਂ ਦੇ ਪਰ ਪਰਾਗਣ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਜਾਵੇ ਤਾਂ ਜੋ ਉਹ ਵੀ ਕੀਟਨਾਸ਼ਕਾਂ ਦੇ ਸ਼ਹਿਦ ਦੀਆਂ ਮੱਖੀਆਂ ‘ਤੇ ਨੁਕਸਾਨ ਬਾਰੇ ਵਿਚਾਰਨ।
3. ਜ਼ਿਆਦਾ ਸਪਰੇ ਵਾਲੇ ਇਲਾਕਿਆਂ ਵਿੱਚ ਮੱਖੀ ਕਟੁੰਬਾਂ ਨੂੰ ਰੱਖਣ ਤੋਂ ਗੁਰੇਜ਼ ਕਰੋ।
4. ਸ਼ਹਿਦ ਮੱਖੀ ਕਟੁੰਬਾਂ ਦਾ ਕੀਟਨਾਸ਼ਕ ਦੀ ਵਰਤੋਂ ਵਾਲੀ ਜਗ੍ਹਾ ਤੋਂ ਫਾਸਲਾ ਰੱਖਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਉਪਰ ਸਿੱਧਾ ਛਿੜਕਾਅ ਨਾ ਪਵੇ।
5. ਕਟੁੰਬਾਂ ਦੇ ਗੇਟ ਬੰਦ ਕਰਨਾ: ਜ਼ਹਿਰਾਂ ਦੀ ਵਰਤੋਂ ਵਾਲੇ ਦਿਨ ਸ਼ਹਿਦ ਮੱਖੀਆਂ ਦੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕਟੁੰਬ ਦੇ ਗੇਟ ਕਿਸੇ ਜਾਲੀ ਆਦਿ ਨਾਲ ਬੰਦ ਕਰ ਦੇਣੇ ਚਾਹੀਦੇ ਹਨ। ਧਿਆਨ ਰੱਖੋ ਕਿ ਗਰਮੀ ਰੁੱਤੇ ਛਿੜਕਾਅ ਵੇਲੇ ਗੇਟ ਕੁਝ ਘੰਟੇ ਹੀ ਬੰਦ ਰੱਖਣਾ ਚਾਹੀਦਾ ਹੈ। ਕਟੁੰਬ ਅੰਦਰ ਵਾਧੂ ਜਗ੍ਹਾ ਹੋਣੀ ਚਾਹੀਦੀ ਹੈ ਤਾਂ ਕਿ ਸ਼ਹਿਦ ਮਖੀਆਂ ਦੀ ਦਮ ਘੋਟੂ ਭੀੜ ਨਾ ਹੋਵੇ। ਗਰਮੀ ਵਿੱਚ ਕਟੁੰਬ ਅੰਦਰ ਗਿੱਲੀ ਸਪੰਜ ਜਾਂ ਕਿਸੇ ਢੁੱਕਵੇ ਬਰਤਨ ਵਿੱਚ ਪਾਣੀ ਰੱਖਣਾ ਚਾਹੀਦਾ ਹੈ ਤਾਂ ਕਿ ਸ਼ਹਿਦ ਮੱਖੀਆਂ ਦੇ ਕਟੁੰਬਾਂ ਨੂੰ ਠੰਡਾ ਰੱਖਣ ਲਈ ਲੋੜੀਂਦਾ ਪਾਣੀ ਮਿਲ ਸਕੇ।
6. ਸਪਰੇਅ ਹੋਣ ਵੇਲੇ ਕਟੁੰਬਾਂ ਨੂੰ ਗਿੱਲੀ ਬੋਰੀ ਨਾਲ ਢਕੋ
7. ਅਗਰ ਸੰਭਵ ਹੋਵੇ ਤਾਂ ਜਿਸ ਮੌਸਮ ਜਾਂ ਜਿਸ ਇਲਾਕੇ ਵਿੱਚ ਜ਼ਹਿਰ ਦੀ ਲਗਾਤਾਰ ਵਰਤੋਂ ਹੋ ਰਹੀ ਹੋਵੇ, ਉਸ ਵੇਲੇ ਉਥੋਂ ਕਟੁੰਬਾਂ ਦੀ ਹਿਜਰਤ ਕੀਤੀ ਜਾਵੇ।
ਸੰਪਰਕ: 95010-14482