ਉਘਾ-ਘੁਲਾਟੀਆ, ਦੇਸ਼-ਭਗਤ, ਹਿਜ਼ਰਤ ਅੰਦੋਲਨ ਦਾ ਆਗੂ – ਸਾਥੀ ਫਿਰੋਜ਼ਦੀਨ ਮਨਸੂਰ (ਮੁੁਹੰਮਦ ਬਖਸ਼)

TeamGlobalPunjab
20 Min Read

-ਜਗਦੀਸ਼ ਸਿੰਘ ਚੋਹਕਾ

ਬਰਤਾਨਵੀ ਬਸਤੀਵਾਦੀ ਸਾਮਰਾਜੀਆਂ ਵਿਰੁਧ ਪਹਿਲੇ ਸੰਸਾਰ ਜੰਗ ਬਾਅਦ ਗੁਲਾਮ ਮੁਲਕਾਂ ਤੇ ਕੌਮਾਂ ਅੰਦਰ ਆਜਾਦੀ ਲਈ ਵੱਖੋ ਵੱਖ ਰੂਪਾਂ ਵਿੱਚ ਸੰਘਰਸ਼ਾਂ ਨੇ ਰੂਪਮਾਨ ਹੋਣਾ ਸ਼ੁਰੂ ਕਰ ਦਿੱਤਾ ਸੀ। ਸਾਲ 1920 ਨੂੰ ਭਾਰਤ ਅੰਦਰ ਅਨੇਕਾਂ ਮੁਹਾਜ਼ਰ ਖਿਲਾਫ਼ਤ ਅੰਦੋਲਨ ਵਿੱਚ ਸ਼ਾਮਲ ਹੋ ਕੇ ਅਫਗਾਨਿਸਤਾਨ ਰਾਹੀਂ ਤਾਸ਼ਕੰਦ ਪੁੱਜ ਗਏ। ਜਿੱਥੇ ਉਨ੍ਹਾਂ ਦੀ ਮੁਲਾਕਾਤ ਬਾਲਸ਼ਵਿਕ ਪਾਰਟੀ ਨਾਲ ਹੋਈ ਤੇ ਉਨ੍ਹਾਂ ਨੇ ਮਾਰਕਸਵਾਦ ਸਬੰਧੀ ਗਿਆਨ ਪ੍ਰਾਪਤ ਕੀਤਾ। ਉਨ੍ਹਾਂ ਮੁਹਾਜਰਾਂ ‘ਚ ਇਕ ਨੌਜਵਾਨ ਫਿਰੋਜਦੀਨ ਮਨਸੂਰ ਸੀ ਜੋ ਸਾਰੀ ਉਮਰ ਮਾਰਕਸਵਾਦ ਦਾ ਪ੍ਰਣਾਇਆ ਅਤੇ ਲਾਲ ਝੰਡਾ ਚੁੱਕੀ ਸਾਰੀ ਉਮਰ ਕਿਰਤੀ-ਕਿਸਾਨਾਂ ਦੀ ਬੰਦ-ਖਲਾਸੀ ਲਈ ਜੂਝਦਾ ਰਿਹਾ। ਤਾਸ਼ਕੰਦ ਦੀ ਵਾਪਸੀ ‘ਤੇ ਭਾਰਤ ਅੰਦਰ ਉਸ ਵੇਲੇ ਫਰੰਟੀਅਰ ਪੁਲਿਸ ਵਲੋਂ ਗ੍ਰਿਫਤਾਰ ਕਰਕੇ 1923 ਤੋਂ ਲੈ ਕੇ ਕਮਿਊਨਿਸਟ ਲਹਿਰ ਨਾਲ ਅਜਿਹਾ ਨਾਤਾ ਜੋੜਿਆ ਕਿ ਆਖਰੀ ਦਮ ਤੱਕ ਉਸ ਨੇ ਲਾਲ ਝੰਡੇ ਦਾ ਸਾਥ ਨਹੀਂ ਛੱਡਿਆ। ਸਾਥੀ ਫਿਰੋਜਦੀਨ ਮਨਸੂਰ ਨੇ ਜਿ਼ੰਦਗੀ ਅੰਦਰ ਬਹੁਤ ਸਾਰੇ ਉਤਰਾਅ-ਚੜਾਅ ਦੇਖੇ, ਆਜਾਦੀ ਬਾਦ ਪਾਕਿਸਤਾਨ ਅੰਦਰ ਫੌਜੀ ਹਾਕਮਾਂ ਨੇ ਉਸ ਨੂੰ ਕਈ ਤਰ੍ਹਾਂ ਦੀਆਂ ਸਜ਼ਾਅ ਦਿੱਤੀਆਂ। ਪਾਕਿਸਤਾਨ ਦੇ ਸ਼ਹਿਰ ਸ਼ੇਖੂਪੁਰਾ ਦਾ ਜੰਮਪਲ ਅਤੇ ਆਖਰੀ ਸਾਹ ਵੀ ਸ਼ੇਖੂਪੁਰਾ ਹੀ ਉਸ ਨੇ ਲਏ। ਆਜਾਦੀ ਤੋਂ ਬਾਅਦ ਉਸ ਨੇ ਪਾਕਿਸਤਾਨ ਅੰਦਰ ਫੌਜੀ ਸਰਕਾਰ ਵਿਰੁਧ ਨਿੱਠ ਕੇ ਸੰਘਰਸ਼ ਕੀਤਾ ਤੇ ਹਰ ਤਰ੍ਹਾਂ ਦੇੇ ਤਸੀਹਿਆਂ ਅਤੇ ਮੁਸੀਬਤਾਂ ਦਾ ਸਿ਼ਕਾਰ ਵੀ ਬਣਿਆ। ਉਹ ਪਾਕਿਸਤਾਨ ਦੀ ਕਮਿਊਨਿਸਟ ਪਾਰਟੀ ਦਾ ਐਕਟਿੰਗ ਜਨਰਲ-ਸਕੱਤਰ ਵੀ ਰਿਹਾ। ਇਕ ਵਧੀਆ ਇਨਸਾਨ, ਕਮਿਊਨਿਸਟ ਆਗੂ ਤੇ ਲੋਕਾਂ ਦਾ ਸਾਥੀ 1959 ਨੂੰ ਸਾਨੂੰ ਸਦੀਵੀਂ ਵਿਛੋੜਾ ਦੇ ਗਿਆ ਸੀ। ਉਹ ਲੇਖਕ, ਜੱਥੇਬੰਦਕ ਆਗੂ ਤੇ ਅਸੂਲਾਂ ਨੂੰ ਪ੍ਰਣਾਇਆ ਹੋਇਆ ਸੀ।

ਸਾਥੀ ਫਿਰੋਜ਼ਦੀਨ ਮਨਸੂਰ ਦੇ ਜੀਵਨ ਸਬੰਧੀ ਹੇਠਾਂ ਉਘੇ (ਮਰਹੂਮ) ਕਮਿਊਨਿਸਟ ਆਗੂ, ਸੀ.ਪੀ.ਆਈ (ਐਮ) ਦੇ ਸਾਬਕਾ ਜਨਰਲ-ਸਕੱਤਰ ਤੇ ਲੇਖਕ ਹਰਕਿਸ਼ਨ ਸਿੰਘ ਸੁਰਜੀਤ ਜੀ ਦੇ ਇਸ ਲੇਖ ਰਾਹੀਂ ਸਾਂਝ ਪੈਦਾ ਕੀਤੀ ਜਾ ਰਹੀ ਹੈ। ਸੁਰਜੀਤ ਜੀ ਦੇ ਇਸ ਲੇਖ ਲਈ ਉਨ੍ਹਾਂ ਪ੍ਰਤੀ ਅਸੀਂ ਧੰਨਵਾਦੀ ਹਾਂ।

ਮੈਂ 1959 ਨੂੰ ਜੰਮੂ ਤੋਂ ਪਠਾਨਕੋਟ ਆ ਰਿਹਾ ਸੀ ਕਿ ਕਾਮਰੇਡ ਫੀਰੋਜ਼ਦੀਨ ਮਨਸੂਰ ਦੀ ਬੇਵਕਤੀ ਮੌਤ ਦੀ ਦੁਖਦਾਈ ਖਬਰ ਅਖਬਾਰ ਵਿੱਚ ਪੜ੍ਹੀ। ਮੇਰੇ ਸਾਹਮਣੇ ਉਸ ਵੇਲੇ, ਮਨਸੂਰ ਦੀ ਸਾਰੀ ਜ਼ਿੰਦਗੀ, ਪਾਰਟੀ ਦੇ ਮੁਢਲੇ ਦਿਨ, ਪੰਜਾਬ ਦੀ ਵੰਡ, ਮਨਸੂਰ ਨਾਲ 8 ਅਪ੍ਰੈਲ 1955 ਨੂੰ ਮੇਰੀ ਆਖਰੀ ਮੁਲਾਕਾਤ (ਜਦੋਂ ਉਹ ਜਲੰਧਰ ਮੈਚ ਦੇਖਣ ਦੇ ਬਹਾਨੇ ਆਪਣੇ ਸਾਥੀਆਂ ਨੂੰ ਮਿਲਣ ਵਾਸਤੇ ਆਇਆ ਸੀ।) ਇਕ ਫਿਲਮ ਦੀ ਤਰ੍ਹਾਂ ਲੰਘ ਗਏ।
ਪਾਕਿਸਤਾਨ ਦੀ ਜਮਹੂਰੀ ਲਹਿਰ ਇਹ ਘਾਟਾ ਕਿਵੇਂ ਬਰਦਾਸ਼ਤ ਕਰੇਗੀ ? ਅਯੂਬ ਖਾਨ ਦੀ ਫੌਜੀ ਡਿਕਟੇਟਰਸਿ਼ਪ ਦੇ ਤਸੀਹੇ ਹਾਲੀ ਕਿੰਨੇ ਮਨਸੂਰਾਂ ਦੀਆਂ ਜਾਨਾਂ ਲੈਣਗੇ? ਗਲ ਕੀ ਪਾਕਿਸਤਾਨ ਦੀ ਜਮਹੂਰੀ ਲਹਿਰ, ਕਮਿਊਨਿਸਟ ਪਾਰਟੀ ਆਦਿ ਹਰ ਤਰ੍ਹਾਂ ਦੇ ਵਿਚਾਰ ਮਨ ਵਿੱਚ ਆਉਂਦੇ ਗਏ। ਮਨਸੂਰ ਵੀਹ ਸਾਲ ਤੋਂ ਦਮੇ ਦਾ ਮਰੀਜ਼ ਸੀ, ਉਸ ਨੂੰ ਕਈ ਵਾਰ ਮੁਲਕ ਦੀ ਆਜ਼ਾਦੀ ਤੇ ਮਿਹਨਤਕਸ਼ ਜਨਤਾ ਦੀ ਰਾਖੀ ਲਈ ਸਾਲਾਂਬੱਧੀ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਰਹਿਣਾ ਪਿਆ। ਪਰ ਅਯੂਬ ਖਾਨ ਦੇ ਰਾਜ ਨੇ ਉਸ ਦੀ ਜਾਨ ਲੈਣ ਦਾ ਫੈਸਲਾ ਕਰ ਲਿਆ। ਜੇਲ੍ਹ ਵਿੱਚ ਭੈੜੇ ਵਤੀਰੇ ਵਜੋਂ ਉਸ ਦੀ ਬੀਮਾਰੀ ਵੱਧ ਗਈ ਅਤੇ ਉਸ ਨੂੰ ਉਸ ਵੇਲੇ ਰਿਹਾਅ ਕੀਤਾ, ਜਦੋਂ ਬਚਣ ਦੀ ਕੋਈ ਵੀ ਆਸ ਨਹੀਂ ਰਹੀਂ। ਅਯੂਬ ਖਾਨ, ਮਨਸੂਰ ਦੀ ਜਾਨ ਲੈਣ ਵਿੱਚ ਕਾਮਯਾਬ ਹੋ ਗਿਆ। ਪਰ ਉਸ ਦੇ ਨਿਸ਼ਾਨੇ ਨੂੰ ਫੇਲ੍ਹ ਕਰਨ ਵਿੱਚ ਉਹ ਸਫਲ ਨਹੀਂ ਹੋ ਸਕਦਾ। ਮਨਸੂਰ ਨੇ ਆਪਣੀ ਜਨਮ-ਭੂਮੀ ਸ਼ੇਖੂਪੁਰੇ ਵਿੱਚ ਜਾ ਕੇ ਆਪਣੇ ਸੁਆਸ ਛੱਡੇ। ਪਿਛਲੇ ਚਾਲ੍ਹੀ ਵਰ੍ਹਿਆਂ ਵਿੱਚ ਸ਼ਾਇਦ ਉਸ ਨੂੰ ਘੱਟ ਹੀ ਉਥੇ ਜਾਣ ਦਾ ਸਮਾਂ ਮਿਲਿਆ ਸੀ।

- Advertisement -

ਮਨਸੂਰ ਇੱਕ ਗਰੀਬ ਘਰ ਵਿੱਚ ਪੈਦਾ ਹੋਇਆ। ਉਹਦਾ ਪਿਤਾ ਦਰਜੀ ਦਾ ਕੰਮ ਕਰਦਾ ਸੀ। ਆਪਣੀ ਸਖਤ ਮਿਹਨਤ ਨਾਲ ਉਸ ਨੇ ਆਪਣੇ ਇਕੱਲੇ ਪੁੱਤਰ ਨੂੰ ਪੜ੍ਹਾਇਆ, ਤਾਂ ਕਿ ਉਹ ਨੌਕਰੀ ਕਰਕੇ ਆਪਣੇ ਪਿਤਾ ਦੇ ਮਸ਼ੀਨ ਤੋਂ ਹੱਡ ਛੁਡਾ ਸਕੇ। ਉਸ ਨੂੰ ਨਹੀਂ ਪਤਾ ਸੀ ਕਿ ਉਸ ਦਾ ਪੁੱਤਰ ਸਾਰੇ ਮਿਹਨਤਕਸ਼ ਲੋਕਾਂ ਦੇ ਕਲਿਆਣ ਵਾਸਤੇ ਪੰਜਾਬ ਦੀ ਧਰਤੀ ‘ਤੇ ਕਮਿਊਨਿਸਟ ਲਹਿਰ ਦੇ ਮੋਢੀਆਂ ਵਿੱਚੋਂ ਹੋਵੇਗਾ।

ਪਿਤਾ ਦੀਆਂ ਆਸਾਂ ਦਿਲ ਵਿੱਚ ਹੀ ਸਨ ਕਿ ਮਨਸੂਰ 17-18 ਵਰ੍ਹਿਆਂ ਦੀ ਉਮਰ ਵਿੱਚ ਹੀ ਖਿਲਾਫਤ ਲਹਿਰ ਵਿੱਚ ਕੁੱਦ ਪਿਆ। ਉਹ 1920 ਵਿੱਚ ਉਹਨਾਂ ਅਨੇਕਾਂ ਮੁਹਾਜਰਾਂ ਵਿੱਚ ਸ਼ਾਮਲ ਹੋ ਗਿਆ ਜੋ ਅੰਗਰੇਜ਼ੀ ਸਾਮਰਾਜ ਵਿਰੁੱਧ ਮੁਸਤਫਾ ਕਮਾਲ ਪਾਸ਼ਾ ਦੀ ਅਗਵਾਈ ਹੇਠ ਲੜ ਰਹੇ ਬਹਾਦਰ ਤੁਰਕਾਂ ਦੀ ਹਮਾਇਤ ਵਾਸਤੇ ਦੇਸ਼ ਵਿਚੋਂ ਹਿਜ਼ਰਤ ਕਰਕੇ ਜਾ ਰਹੇ ਸਨ। ਸ਼ਾਇਦ ਉਹ ਉਮਰ ਵਿੱਚ ਸਭ ਤੋਂ ਛੋਟਾ ਸੀ ਪਰ ਸਿੱਦਕ ਦਾ ਪੱਕਾ ਸੀ। ਇਹਨਾਂ ਦਾ ਜੱਥਾ ਹਿੰਦੋਸਤਾਨ ਦੀਆਂ ਉੱਤਰ-ਪੱਛਮੀ ਸਰਹੱਦਾਂ ਪੈਦਲ ਪਾਰ ਕਰਕੇ ਕਾਬਲ ਪਹੰੁਚ ਗਿਆ। ਅਫਗਾਨਿਸਤਾਨ ਵਿੱਚ ਉਸ ਵੇਲੇ ਅੰਗਰੇਜ਼ ਵਿਰੋਧੀ ਹਾਕਮ ਅਮਾਨਉਲਾ ਦੀ ਹਕੂਮਤ ਸੀ। ਪਰ ਉੱਥੇ ਜਾ ਕੇ ਇਹਨਾਂ ਨੂੰ ਦੂਜੇ ਗੁਆਂਢੀ ਮੁਸਲਿਮ ਦੇਸ਼ਾਂ ਦਾ ਕੌੜਾ ਤਜਰਬਾ ਹੋਇਆ। ਉਹ ਇਹਨਾਂ ਦੀ ਮੱਦਦ ਕਰਨ ਨੂੰ ਤਿਆਰ ਨਹੀਂ ਸਨ।

ਮੁਹਾਜਰ ਇਰਾਦੇ ਦੇ ਬੜੇ ਪੱਕੇੇ ਸਨ। ਇਨ੍ਹਾਂ ਵਿੱਚੋਂ ਗੱਭਰੂਆਂ ਦਾ ਇਕ ਜੱਥਾ ਏਸ਼ੀਆ ਮਾਈਨਰ ਵਾਸਤੇ ਚੱਲ ਪਿਆ। ਹਿੰਦੂਕਸ਼ ਲੰਘ ਕੇ ਉਬਜ਼ੇਕਿਸਤਾਨ ਦੇ ਸ਼ਹਿਰ ਤਰਮੇਜ਼ ਪੁੱਜ ਗਿਆ। ਉਸ ਵੇਲੇ ਸੋਵੀਅਤ ਰੂਸ ਵਿੱਚ ਇਨਕਲਾਬ ਹੋਇਆ ਤਿੰਨ ਵਰ੍ਹੇ ਹੀ ਹੋਏ ਸਨ ਅਤੇ ਹਾਲੀਂ ਇਸ ਇਲਾਕੇ ਵਿੱਚ ਖਾਨਾ ਜੰਗੀ ਜਾਰੀ ਸੀ।

ਉਥੋਂ ਦੇ ਅਧਿਕਾਰੀਆਂ ਨੇ ਇਨ੍ਹਾਂ ਦਾ ਹਿੰਦੁਸਤਾਨੀ ਇਨਕਲਾਬੀਆਂ ਦੀ ਹੈਸੀਅਤ ਵਿੱਚ ਸਵਾਗਤ ਕੀਤਾ ਅਤੇ ਠਹਿਰਨ ਵਾਸਤੇ ਆਖਿਆ ਤਾਂਕਿ ਉਹ ਅੱਖੀ ਵੇਖ ਸਕਣ ਕਿ ਇਨਕਲਾਬ ਤੋਂ ਪਿੱਛੋਂ ਰੂਸ ਵਿੱਚ ਕੀ ਕੁਝ ਹੋਇਆ ਹੈ। ਪਰ ਜੱਥੇ ਏਸ਼ੀਆ ਮਾਈਨਰ ਨੂੰ ਜਾਣ ਵਾਸਤੇ ਇਸਰਾਰ ਕੀਤਾ। ਤੁਰਕਮਾਨ ਇਨਕਲਾਬ ਦੁਸ਼ਮਣਾਂ ਨੇ ਰੇਲ ਦੀਆਂ ਲਾਈਨਾਂ ਪੁਟ ਛੱਡੀਆਂ ਸਨ। ਇਸ ਲਈ ਇਹਨਾਂ ਗੱਭਰੂਆਂ ਨੇ ਆਮੂ ਦਰਿਆ ਵਿੱਚੋਂ ਦੀ ਕਿਸ਼ਤੀ ਦਾ ਰਸਤਾ ਫੜਿਆ। ਰਸਤੇ ਵਿੱਚ ਉਹਨਾਂ ਨੂੰ ਤੁਰਕਮਾਨ ਇਨਕਲਾਬ ਦੁਸ਼ਮਣਾਂ ਨੇ ਗ੍ਰਿਫਤਾਰ ਕਰ ਲਿਆ ਤੇ ਮੌਤ ਦੀ ਸਜ਼ਾ ਦੇ ਦਿੱਤੀ।

ਚੰਗੇ ਭਾਗਾਂ ਨੂੰ ਐਨ ਉਸ ਵੇਲੇ ਲਾਲ ਫੌਜ ਉਸ ਇਲਾਕੇ ਵਿੱਚ ਪੁਜ ਗਈ ਅਤੇ ਉਸ ਨੇ ਇਹਨਾਂ ਹਿੰਦੁਸਤਾਨੀ ਗੱਭਰੂਆਂ ਦੀਆਂ ਜਾਨਾਂ ਬਚਾ ਲਈਆਂ। ਫਿਰ ਇਹ ਨੌਜਵਾਨ ਲਾਲ ਫੌਜ ਵਿੱਚ ਭਰਤੀ ਹੋ ਕੇ ਤੁਰਕਮਾਨ ਪਿੱਛਾਂ ਖਿਚੂਆਂ ਦੇ ਵਿਰੁੱਧ ਲੜੇ। ਇਹਨਾਂ ਨੇ ਲਾਲ ਫੌਜ ਨਾਲ ਰਲ ਕੇ ਤੁਰਕਮੇਨਿਸਤਾਨ ਵਿੱਚ ਕਿਰਕੀ ਦੇ ਕਿਲੇ ਦੀ ਰਾਖੀ ਕੀਤੀ। ਮਨਸੂਰ ਇਹਨਾਂ ਗੱਭਰੂਆਂ ਵਿੱਚੋਂ ਇਕ ਸੀ। ਏਥੇ ਇਹਨਾਂ ਨੂੰ ਅਹਿਸਾਸ ਹੋਇਆ ਕਿ ਅਧੀਨ ਦੇਸ਼ਾਂ ਦਾ ਸਹੀ ਮਿੱਤਰ ਸੋਵੀਅਤ ਰੂਸ ਹੀ ਹੈ। ਇਹਨਾਂ ਵਿੱਚੋਂ ਬਹੁਤ ਸਾਰਿਆਂ ਨੇ ਇਰਾਦਾ ਬਦਲ ਲਿਆ ਤੇ ਤਾਸ਼ਕੰਦ ਤੋਂ ਮਾਸਕੋ ਪੁਜ ਗਏ।

- Advertisement -

ਉਹਨਾਂ ਵਿੱਚੋਂ ਬਹੁਤ ਸਾਰੇ ‘ਮਿਹਨਤਕਸ਼ਾਂ ਦੀ ਪੂਰਬੀ ਯੂਨੀਵਰਸਿਟੀ` (ਜਿਹੜੀ ਹਾਲੀ ਖੁਲ੍ਹੀ ਹੀ ਸੀ) ਵਿੱਚ ਦਾਖਲ ਹੋ ਗਏ, ਮਾਰਕਸਿਜ਼ਮ ਦੀ ਵਿਗਿਆਨਕ ਵਿੱਦਿਆ ਹਾਸਲ ਕੀਤੀ ਅਤੇ ਕਮਿਊਨਿਜ਼ਮ ਦੇ ਅਸੂਲਾਂ ਨੂੰ ਅਪਣਾਇਆ। ਕਾਮਰੇਡ ਮਨਸੂਰ ਓਥੇ 1920 ਵਿੱਚ ਹੀ ਹਿੰਦੁਸਤਾਨੀ ਕਮਿਊਨਿਸਟ ਪਾਰਟੀ ਦਾ ਬੁਨਿਆਦੀ ਮੈਂਬਰ ਬਣ ਗਿਆ। ਸ਼ਾਇਦ ਇਹ ਪੰਜਾਬ ਵਿੱਚੋਂ ਪਹਿਲਾ ਸੱਜਣ ਸੀ, ਜਿਸ ਨੂੰ ਇਹ ਮਾਣ ਹਾਸਲ ਹੋਇਆ।

ਮੁਹਾਜ਼ਰਾਂ ਨੇ ਇਹ ਫੈਸਲਾ ਕਰ ਲਿਆ ਕਿ ਆਪਣੇ ਦੇਸ਼ ਨੂੰ ਵਾਪਿਸ ਜਾ ਕੇ ਦੇਸ਼ ਦੀ ਆਜ਼ਾਦੀ ਤੇ ਮਿਹਨਤਕਸ਼ ਜਨਤਾ ਦੇ ਹਿੱਤਾਂ ਲਈ ਕੰਮ ਕਰਨ। ਉਸ ਵੇਲੇ ਰੂਸ ਦਾ ਇਨਕਲਾਬ ਸਾਮਰਾਜੀਆਂ ਨੂੰ ਬੜਾ ਚੁਭਦਾ ਸੀ। ਮੁਹਾਜ਼ਰਾਂ ਨੇ ਕਠਨ ਪਹਾੜੀ ਰਸਤਿਆਂ ਰਾਹੀਂ ਦੇਸ਼ ਵਿੱਚ ਦਾਖਲ ਹੋਣ ਦਾ ਫੈਸਲਾ ਕੀਤਾ। ਫੀਰੋਜ਼ਦੀਨ ਮਨਸੂਰ ਦੇਸ਼ ਦੀ ਵਾਪਸੀ ਵਾਲੇ ਪਹਿਲੇ ਜੱਥੇ ਵਿੱਚ ਸ਼ਾਮਿਲ ਹੋ ਗਿਆ।

ਮਨਸੂਰ ਦੀ ਜ਼ਬਾਨੀ ਵਾਪਸੀ ਦੀ ਕਹਾਣੀ ਸੁਣ ਕੇ ਲੂੰ ਕੰਢੇ ਖੜ੍ਹੇ ਹੋ ਜਾਂਦੇ ਸਨ। ਪਾਮੀਰ ਤੇ ਹਿੰਦੁਕਸ਼ ਦੀਆਂ ਬਰਫਾਨੀ ਚੋਟੀਆਂ ਤੋਂ ਲੰਘਣ ਕਰਕੇ ਉਸ ਦੇ ਪੈਰਾਂ ਉੱਤੇ ਅੱਜ ਵੀ ਬਰਫ ਨਾਲ ਸੜੇ ਹੋਣ ਦੇ ਨਿਸ਼ਾਨ ਮੌਜੂਦ ਸਨ। ਪਰ ਮਨੁੱਖਤਾ ਦੀ ਭਲਾਈ ਦਾ ਉੱਚਾ ਉਦੇਸ਼ ਤਸੀਹਾਂ ਨੂੰ ਕੀ ਜਾਣਦਾ ਹੈ ? ਉਹ ਜੰਗਲੀ ਫਲ ਅਤੇ ਪੱਤੇ ਖਾਂਦੇ ਹੋਏ, ਕੁਰਾਹਿਆਂ ਵਿੱਚ ਭਟਕਦੇ, ਮਾਸਖੋਰੇ ਜਾਨਵਰਾਂ ਤੋਂ ਬਚਦੇ, ਬਰਫਾਨੀ ਭੂਤ ਦਾ ਮੁਕਾਬਲਾ ਕਰਦੇ ਹੋਏ ਕਬਾਈਲੀ ਇਲਾਕੇ ਵਿੱਚ ਦਾਖਲ ਹੋ ਗਏ। ਅੰਗਰੇਜ਼ ਸਾਮਰਾਜ਼ੀ ਸੂਹੇ ਸ਼ਾਇਦ ਪਹਿਲੋਂ ਹੀ ਸੁੰਘ ਰਹੇ ਸਨ। ਉਹਨਾਂ ਨੂੰ ਖਬਰ ਹੋ ਗਈ। ਮਨਸੂਰ, ਅਕਬਰ ਖਾਂ, ਗੌਰ ਰਹਿਮਾਨ ਖਾਂ ਅਤੇ ਉਹਨਾਂ ਦੇ ਦੋ ਹੋਰ ਸਾਥੀਆਂ ਨੂੰ ਚਿਤਰਾਲ ਤੋ ਗ੍ਰਿਫਤਾਰ ਕਰ ਲਿਆ ਗਿਆ। ਇਹ ਸ਼ਾਇਦ 1922 ਆਖੀਰ ਦੀ ਗੱਲ ਹੈ। ਪਿਸ਼ਾਵਰ ਲਿਆ ਕੇ ਉਹਨਾਂ ਉੱਤੇ ਤਾਜ਼ੀਰਾਤ ਹਿੰਦ ਦੀ ਦਫਾ 121-ਏ ਹੇਠ ਅੰਗਰੇਜ਼ੀ ਸਰਕਾਰ ਦੇ ਵਿਰੁੱਧ ਸਾਜਸ਼ ਦਾ ਮੁਕੱਦਮਾ ਚਲਾ ਦਿੱਤਾ ਗਿਆ, ਜੋ ‘ਪਿਸ਼ਾਵਰ ਕਾਨਸਪ੍ਰੇਸੀ ਕੇਸ` ਦੇ ਨਾਮ ਨਾਲ ਮਸ਼ਹੂਰ ਹੋ ਗਈ। ਮਈ 1923 ਵਿੱਚ ਮਨਸੂਰ ਤੇ ਉਸ ਦੇ ਸਾਥੀਆਂ ਨੂੰ ਸਖਤ ਸਜਾਵਾਂ ਦੇ ਦਿੱਤੀਆਂ ਗਈਆਂ। ਇਹ ਹਿੰਦੁਸਤਾਨ ਵਿੱਚ ਕਮਿਊਨਿਸਟਾਂ ਵਿਰੁੱਧ ਪਹਿਲਾਂ ਸਾਜ਼ਜ ਕੇਸ ਸੀ (ਦੂਸਰਾ ਕਾਨਪੁਰ ਕਾਨਸਪ੍ਰੇਸੀ-1925 ਤੇ ਤੀਸਰਾ ਮੇਰਠ ਸਾਜ਼ਜ ਕੇਸ 1929-1933)।

1924 ਵਿਚ ਜੇਲ੍ਹ ਤੋਂ ਰਿਹਾ ਹੋਏ ਮਨਸੂਰ ਨੇ ਆਪਣੇ ਸਾਥੀਆਂ ਤੇ ਹਿੰਦੁਸਤਾਨ ਦੇ ਦੂਸਰੇ ਕਮਿਊਨਿਸਟਾਂ ਨਾਲ ਸੰਬੰਧ ਜੋੜਿਆ ਅਤੇ ਉਹਨਾਂ ਦੀ ਸਲਾਹ ਨਾਲ ਉਹ ਦਿੱਲੀ ਵਿੱਚ ‘ਕਾਂਗਰਸ` ਨਾਮੀ ਅਖਬਾਰ ਦਾ ਅਡੀਟਰ ਬਣ ਗਿਆ। ਪੰਜਾਬ ਵਿੱਚ ਇਸ ਵੇਲੇ ਭਾਈ ਸੰਤੋਖ ਸਿੰਘ ਜੀ ਦੇ ਉਦਮ ਨਾਲ ਪੰਜਾਬੀ ਦਾ ਮਾਹਵਾਰੀ ਪਰਚਾ ‘ਕਿਰਤੀ` ਜਾਰੀ ਹੋ ਚੁੱਕਾ ਸੀ। ਮੁੱਖੀ ਕਮਿਊਨਿਸਟ ਆਗੂ ਕਾਮਰੇਡ ਸੋਹਣ ਸਿੰਘ ਜੋਸ਼ ਇਸ ਦੇ ਐਡੀਟਰ ਸਨ ਅਤੇ ਸ਼ਹੀਦ ਭਗਤ ਸਿੰਘ ਇਸ ਦੇ ਸਬ ਐਡੀਟਰ ਸਨ। ਸਾਥੀ ਅਰਜਨ ਸਿੰਘ ਗੜਗੱਜ ਵੀ ਉਹਨੀ ਦਿਨੀਂ ‘ਕਿਰਤੀ` ਦੇ ਸਟਾਫ ਵਿੱਚ ਹੀ ਕੰਮ ਕਰਦੇ ਸਨ। 1927 ਵਿੱਚ ਇਸ ਪਰਚੇ ਨੂੰ ਉਰਦੂ ਵਿੱਚ ਜਾਰੀ ਕਰਨ ਦੀ ਮੰਗ ਵੀ ਜ਼ੋਰ ਫੜ ਰਹੀ ਸੀ।

ਅਖਬਾਰ ਦੀ ਐਡੀਟਰੀ ਦੇ ਨਾਲ ਨਾਲ ਕਾਮਰੇਡ ਮਨਸੂਰ ਨੇ ਮਜ਼ਦੂਰਾਂ ਦੇ ਜੱਥੇਬੰਦਕ ਕੰਮਾਂ ਵਿੱਚ ਵੀ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। 27,28 ਨਵੰਬਰ 1927 ਨੂੰ ਕਾਨਪੁਰ ਵਿਖੇ ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ ਦਾ ਅੱਠਵਾਂ ਸਲਾਨਾ ਸਮਾਗਮ ਹੋਇਆ। ਕਾਮਰੇਡ ਮਨਸੂਰ ਇਸ ਵਿੱਚ ਦਿੱਲੀ ਤੋਂ ਡੈਲੀਗੇਟ ਦੀ ਹੈਸੀਅਤ ਵਿੱਚ ਸ਼ਾਮਿਲ ਹੋਏ। ਕਾਮਰੇਡ ਸੋਹਣ ਸਿੰਘ ਜੋਸ਼ ਤੇ ਬਾਬਾ ਭਾਗ ਸਿੰਘ ਕੈਨੇਡੀਅਨ ਪੰਜਾਬ ਵਿੱਚੋਂ ਡੈਲੀਗੇਟ ਸਨ। ਉਸ ਮੌਕੇ ਤੇ ਉਹਨਾਂ ਨੇ ਕਾਮਰੇਡ ਮੁਜ਼ੱਫਰ ਅਹਿਮਦ ਤੇ ਦੂਸਰੇ ਸਾਥੀਆਂ ਨਾਲ ‘‘ਉਰਦੂ ਕਿਰਤੀ“ ਕੱਢਣ ਦੀ ਚਰਚਾ ਕੀਤੀ ਅਤੇ ਐਡੀਟਰ ਦੀ ਇਮਦਾਦ ਕੀਤੀ। ਕਾਮਰੇਡ ਮੁਜ਼ੱਫਰ ਅਹਿਮਦ ਨੇ ਜਦ ਕਾਮਰੇਡ ਮਨਸੂਰ ਨਾਲ ਗੱਲ ਕੀਤੀ ਤਾਂ ਉਹ ਦਿੱਲੀ ਦਾ ਅਖਬਾਰ ਛੱਡ, ‘ਕਿਰਤੀ` ਵਿੱਚ ਆਉਣ ਲਈ ਝੱਟ ਤਿਆਰ ਹੋ ਗਿਆ।

ਕਾਮਰੇਡ ਮਨਸੂਰ 1928 ਜਨਵਰੀ ਵਿੱਚ ਅੰਮ੍ਰਿਤਸਰ ਆ ਗਿਆ ਅਤੇ ਫਰਵਰੀ ਸ਼ੁਰੂ ਵਿੱਚ ਉਰਦੂ ‘ਕਿਰਤੀ` ਰਾਹੀਂ ਉਸ ਨੇ ਤਰੱਕੀ ਪਸੰਦ ਪੰਜਾਬੀਆਂ ਨਾਲ ਆਪਣੀ ਜਾਣ ਪਛਾਣ ਕਰਾਈ। ਉਂਝ ਤਾਂ ਕਾਮਰੇਡ ਮਨਸੂਰ ਨੇ ‘ਕਾਂਗਰਸ` ਅਖਬਾਰ ਵਿੱਚ ਹੀ ਉਰਦੂ ਦੇ ਚੰਗੇ ਜਨਰਲਿਸਟ ਦੀ ਮਸ਼ਹੂਰੀ ਹਾਸਲ ਕਰ ਲਈ ਸੀ। ਪਰ ‘ਕਿਰਤੀ` ਨੇ ਉਸ ਦੇ ਸੁਲਝੇ ਹੋਏ ਵਿਚਾਰਾਂ ਦਾ ਵੀ ਚਾਨਣ ਕਰਵਾ ਦਿੱਤਾ। ਕਾਮਰੇਡ ਮਨਸੂਰ ਸ਼ਹੀਦ ਭਗਤ ਸਿੰਘ ਦੇ ਨਾਲ ਹੀ ਨੌਜਵਾਨ ਭਾਰਤ ਸਭਾ ਵਿੱਚ ਸ਼ਾਮਿਲ ਹੋ ਗਿਆ ਤੇ ਇਸ ਦਾ ਉੱਘਾ ਕਾਰਕੁਨ ਬਣਿਆ।

ਜਦ 1929 ਵਿੱਚ ਪੰਜਾਬ ਵਿੱਚ ਕਿਰਤੀ ਕਿਸਾਨ ਪਾਰਟੀ ਜਥੇਬੰਦ ਹੋਈ ਤਾਂ ਮਨਸੂਰ ਇਸ ਦਾ ਉੱਘਾ ਆਗੂ ਸੀ। 1929 ਵਿੱਚ ਕਲਕੱਤੇ ਵਿੱਚ ਕਾਮਰੇਡ ਜੋਸ਼ ਦੀ ਪ੍ਰਧਾਨਗੀ ਹੇਠ ਹੋਈ ‘ਮਜ਼ਦੂਰ-ਕਿਸਾਨ` ਪਾਰਟੀ ਦੇ ਕੁਲ ਹਿੰਦ ਕਾਨਫਰੰਸ` ਵਿੱਚ ਕਾਮਰੇਡ ਮਨਸੂਰ ਪੰਜਾਬ ਵੱਲੋਂ ਡੈਲੀਗੇਟ ਦੀ ਹੈਸੀਅਤ ਵਿੱਚ ਸ਼ਾਮਿਲ ਹੋਏ ਸਨ। (ਪੰਜਾਬ ਵੱਲੋਂ ਕੁਲ ਪੰਜ ਡੈਲੀਗੇਟ ਸਨ -ਕਾਮਰੇਡ ਜੋਸ਼, ਬਾਬਾ ਭਾਗ ਸਿੰਘ ਕੈਨੇਡੀਅਨ, ਮਜੀਦ, ਸਹਿਗਲ ਤੇ ਮਨਸੂਰ) ਪਰ ਇਹ ਤੇ ਬਾਬਾ ਭਾਗ ਸਿੰਘ ਮੇਰਠ ਸਾਜ਼ਸ਼ ਲਈ ਪੁਲੀਸ ਦੇ ਕਾਬੂ ਨਹੀਂ ਆ ਸਕੇ ਸਨ।

ਮੇਰਠ ਦੇ ਮੁਕੱਦਮੇ ਤੋਂ ਬਾਅਦ ‘ਕਿਰਤੀ` ਕੁਝ ਚਿਰ ਲਈ ਬੰਦ ਕਰਨਾ ਪਿਆ। ਕਿਰਤੀ ਕਿਸਾਨ ਪਾਰਟੀ ਕਾਨੂੰਨ ਵਿਰੁੱਧ ਕਰਾਰ ਦੇ ਦਿੱਤੀ ਗਈ। ਪਰ ਛੇਤੀ ਹੀ 1939 ਦੀ ਕਰਾਚੀ ਕਾਂਗਰਸ ਤੋਂ ਬਾਅਦ ‘ਕਿਰਤੀ ਦੀ ਥਾਂ ਪ੍ਰਬੰਧਕਾਂ ਨੇ ‘ਮਜ਼ਦੂਰ ਕਿਸਾਨ` ਨਾਮੀ ਹਫਤਾਵਾਰੀ ਅਖਬਾਰ ਜਾਰੀ ਕਰ ਦਿੱਤਾ।ਇਸ ਅਖਬਾਰ ਦੇ ਜ਼ਰੀਏ ਕਾਮਰੇਡ ਮਨਸੂਰ ਨੇ ਸੋਸ਼ਲਿਜ਼ਮ ਦੇ ਉਦੇਸ਼ ਤੇ ਮਜ਼ਦੂਰ ਕਿਸਾਨ ਲਹਿਰ ਦਾ ਜੋ ਸੁਨੇਹਾ ਪੰਜਾਬੀ ਲੋਕਾਂ ਨੂੰ ਪਹੁੰਚਾਇਆ, ਉਹ ਕਮਿਊਨਿਸਟ ਲਹਿਰ ਦੇ ਇਤਿਹਾਸ ਦਾ ਇਕ ਅਹਿਮ ਹਿੱਸਾ ਬਣ ਚੁੱਕਾ ਹੈ। ਮਨਸੂਰ ਦੀ ਸੋਚ ਵਿੱਚ ਸਫਾਈ ਤੇ ਕਲਮ ਵਿੱਚ ਤਾਕਤ ਸੀ। ਉਹ ਕਲਮ ਦਾ ਏਨਾ ਧਨੀ ਸੀ ਕਿ ਕੋਰਿਆਂ ਦੀ ਅਕਲ ਜਗਾ ਦਿੰਦਾ ਸੀ। 1935 ਤੱਕ ਉਹ ਇਸ ਅਖਬਾਰ ਵਿੱਚ ਕੰਮ ਕਰਦਾ ਰਿਹਾ।

ਮੇਰਠ ਸਾਜ਼ਸ਼ ਕੇਸ ਤੋਂ ਕਾਮਰੇਡ ਜੋਸ਼ ਦੀ ਰਿਹਾਈ ਨਾਲ ਕਮਿਊਨਿਸਟ ਪਾਰਟੀ ਨੂੰ ਜੱਥਬੰਦਕ ਸ਼ਕਲ ਦੇਣ ਦੇ ਯਤਨ ਸ਼ੁਰੂ ਹੋ ਗਏ। ਮੇਰੀ ਮੁਲਾਕਾਤ ਉਸ ਨਾਲ ਪਹਿਲੀ ਵਾਰ 1934 ਵਿੱਚ ਹੋਈ ਮੈਂ ਵੀ ਜੇਲ੍ਹ ਤੋਂ ਰਿਹਾਅ ਹੋ ਕੇ ‘‘ਐਂਟੀ ਇਮਪੀਰੀਅਲਿਸਟ ਲੀਗ“ ਦੀ ਕਾਇਮੀ ਲਈ ਸੱਦੀ ਗਈ ਮੀਟਿੰਗ ਵਿੱਚ ਅੰਮ੍ਰਿਤਸਰ ਗਿਆ ਸਾਂ। ਮੈਨੂੰ ਮਨਸੂਰ ਦੇ ਵਿਚਾਰਾਂ ਦੀ ਸਫਾਈ, ਸਾਦਗੀ ਤੇ ਕੁਰਬਾਨੀ ਨੇ ਉਥੇ ਹੀ ਪ੍ਰਭਾਵਤ ਕਰ ਲਿਆ ਸੀ। ਇਸ ਤੋਂ ਬਾਅਦ ਖਿਆਲਾਂ ਦੀ ਸਾਂਝ ਨੇ ਸਾਨੂੰ ਇਕ ਜੱਥੇਬੰਦਕ ਲੜੀ ਵਿੱਚ ਪਰੋ ਦਿੱਤਾ।

1935 ਅਖੀਰ ਵਿੱਚ ਕਮਿਊਨਿਸਟ ਪਾਰਟੀ ਦੀ ਸੂਬਾਈ ਆਰਜ਼ੀ ਕਮੇਟੀ ਬਣੀ। ਕਾਮਰੇਡ ਮਨਸੂਰ ਉਸ ਦਾ ਮੈਂਬਰ ਸੀ, ਉਸ ਸਮੇਂ ਤੋਂ ਲੈ ਕੇ ਉਹ ਪੰਜਾਬ ਵਿੱਚ ਪਾਰਟੀ ਦੀਆਂ ਉੱਘੀਆਂ ਪੁਜੀਸ਼ਨਾਂ ਤੇ ਰਿਹਾ।

ਮਨਸੂਰ ਨੂੰ ਕੋਈ ਲਾਲਸਾ ਨਹੀਂ ਸੀ, ਇਨਕਲਾਬੀ ਰਵਾਇਤਾਂ ਤੋਂ ਸਿਵਾ ਉਸ ਨੂੰ ਕੋਈ ਚੀਜ਼ ਜਮ੍ਹਾਂ ਕਰਨ ਦੀ ਆਦਮ ਨਹੀਂ ਸੀ, ਉਸ ਦੀ ਜਾਇਦਾਦ ਇਕ ਬੈਗ ਤੇ ਗਲ ਦੇ ਕੱਪੜੇ ਸਨ। ਕਮਿਊਨਿਸਟ ਕਾਰਕੁਨਾਂ ਨੂੰ ਉਹਨਾਂ ਦਿਨਾਂ ਵਿੱਚ ਉਹ ਸਹੂਲਤਾਂ ਨਹੀਂ ਸਨ, ਜੋ ਅੱਜ ਹਾਸਲ ਹਨ। 1938 ਵਿੱਚ ਅਸਾਂ ਸਹਾਰਨਪੁਰ ਤੋਂ ‘ਚਿੰਗਾਰੀ` ਨਾਮੀ ਮਹਾਵਾਰੀ ਰਸਾਲਾ ਕੱਢਿਆ। ਉਸ ਨੂੰ ਚਲਾਉਣ ਦੀ ਜ਼ਿੰਮੇਵਾਰੀ ਪਹਿਲਾਂ ਮੇਰੇ ਤੇ ਮਨਸੂਰ ਤੇ ਜਿੰ਼ਮੇ ਲੱਗੀ, ਫਿਰ ਕਾਮਰੇੇਡ ਇਕਬਾਲ ਸਿੰਘ ਨੇ ਜਲਾਵਤਨ ਹੋ ਕੇ ਬਹੁਤਾ ਕੰਮ ਸੰਭਾਲ ਲਿਆ। ਮੈਂ ਤੇ ਮਨਸੂਰ 6 ਮਹੀਨੇ ਇਕੱਠੇ ਰਹੇ। 10 ਰੁਪਏ ਮਹੀਨਾ ਸਾਨੂੰ ਵੇਜ ਮਿਲਦੀ ਸੀ, ਉਹ ਵੀ ਬਾਕਾਇਦਗੀ ਨਾਲ ਨਹੀਂ।ਮਨਸੂਰ ਨੂੰ ਸਿਗਰਟਾਂ ਦੀ ਬਹੁਤ ਆਦਤ ਸੀ, ਖਰਚ ਪੂਰਾ ਨਹੀਂ ਹੁੰਦਾ ਸੀ। ਅਸੀਂ ਲਗਾਤਾਰ ਡੇਢ ਮੀਲ ਚਾਹ ਦੀ ਗਰਜ ਨਾਲ ਗੁਰਦੁਆਰੇ ਜਾਇਆ ਕਰਦੇ ਸਾਂ। ਕਿਉਂਕਿ ਸਾਡੇ ਪਾਸ ਸੁਕੀ ਚਾਹ ਪੀਣ ਵਾਸਤੇ ਵੀ ਪੈਸੇ ਨਹੀਂ ਸੀ ਹੁੰਦੇ। ਕਾਮਰੇਡ ਮਨਸੂਰ ਨੇ ਤਾਂ ਆਪਣੀ ਮੌਤ ਤੱਕ ਇਸ ਕਿਸਮ ਦੀਆਂ ਕਠਿਨਾਈਆਂ ਦੇ ਦਿਨ ਕੱਟੇ ਸਨ। ਹੁਣ ਵੀ ਜਦੋਂ ਪਾਕਿਸਤਾਨ ਵਿੱਚ ਕਮਿਊਨਿਸਟ ਪਾਰਟੀ ਖਿਲਾਫ਼ ਕਾਨੂੰਨ ਕਰਾਰ ਦਿੱਤੀ ਸੀ, ਉਹ ਇੱਕ ਮਿੱਤਰ ਪਾਸ ਟਿੱਕਦਾ ਸੀ ਤੇ ਸਿਰਫ਼ ਰੋਟੀ ਦਾ ਗਾਹਕ ਸੀ। ਪਰ ਇਨ੍ਹਾਂ ਹਾਲਤਾਂ ਵਿੱਚ ਵੀ ਮੈਂ ਉਸ ਨੂੰ ਨਾ ਘਬਰਾਹਟ ਵਿੱਚ ਵੇਖਿਆ ਅਤੇ ਨਾ ਹੀ ਪਰੇਸ਼ਾਨੀ ਵਿੱਚ। ਜਿਤਨਾ ਉਸ ਨੂੰ ਕਮਿਊਨਿਜ਼ਮ ਦੀ ਆਤਮ ਫਤੇਹ ਵਿੱਚ ਯਕੀਨ ਸੀ ਉਤਨਾ ਹੀ ਉਨ੍ਹਾਂ ਕਠਿਨਾਈਆਂ ਤੇ ਮੁਸੀਬਤਾਂ ਦਾ ਪਤਾ ਸੀ ਜੋ ਉਦੇਸ਼ ਪੂਰਤੀ ਲਈ ਸਹਾਰਨੀਆਂ ਪੈਂਦੀਆਂ ਹਨ। ਉਸ ਨੂੰ ਇਹ ਤਾਂਘ ਜ਼ਰੂਰ ਸੀ ਕਿ ਮੰਜ਼ਲ ਤੇ ਪੁਜਣ ਲਈ ਉਹ ਆਪਣਾ ਪੂਰਾ ਹਿੱਸਾ ਪਾ ਸਕੇ।

26-27 ਜੂਨ 1940 ਈ: ਦੀ ਰਾਤ ਨੂੰ ਉਹ ਦੂਸਰੇ ਬਹੁਤ ਸਾਰੇ ਕਮਿਊਨਿਸਟ ਆਗੂਆਂ ਨਾਲ ਡੀਫੈਂਸ ਆਫ਼ ਇੰਡੀਆ ਐਕਟ ਹੇਠ ਫੜਿਆ ਗਿਆ। ਮਿੰਟਗੁਮਰੀ, ਰਾਜਨਪੁਰ, ਮੁਜ਼ੱਫਰਗੜ੍ਹ ਆਦਿ ਪੰਜਾਬ ਦੀਆਂ ਜੇਲ੍ਹਾਂ ਘੁੰਮ ਕੇ ਉਹਨੂੰ ਦਿਓਲੀ ਨਜ਼ਰ-ਬੰਦੀ ਕੈਂਪ ਵਿੱਚ ਦੂਸਰੇ ਸਾਥੀਆਂ ਨਾਲ ਲੈ ਜਾਇਆ ਗਿਆ। ਪੰਜਾਬ ਦੇ ਸਾਰੇ ਸਾਥੀ ਉੱਥੇ ਇਕੱਠੇ ਸਨ, ਸਾਲ ਪਿੱਛੋਂ ਮੈਂ ਤੇ ਹੋਰ ਸਾਥੀ ਵੀ ਉੱਥੇ ਚਲੇ ਗਏ। ਮਨਸੂਰ ਉੱਥੇ ਕਿਤਾਬਾਂ ਦਾ ਕੀੜਾ ਸਮਝਿਆ ਜਾਂਦਾ ਸੀ। ਕਿਤਾਬਾਂ ਤੋਂ ਬਿਨ੍ਹਾਂ ਉਸ ਨੂੰ ਕਿਸੇ ਹੋਰ ਚੀਜ਼ ਵਿੱਚ ਦਿਲਚਸਪੀ ਨਹੀਂ ਸੀ। ਦਿਓਲੀ ਜੇਲ੍ਹ ਵਿੱਚ ਸਾਨੂੰ ਲੰਬੀ ਭੁਖ ਹੜਤਾਲ ਕਰਨੀ ਪਈ, ਕਮਜ਼ੋਰਾਂ ਨੂੰ ਹਸਪਤਾਲ ਪੁਚਾ ਦਿੱਤਾ ਜਾਂਦਾ ਸੀ, ਮੈਂ ਤੇ ਮਨਸੂਰ ਸਾਰੀ ਭੁਖ ਹੜਤਾਲ ਹਸਪਤਾਲ ਵਿੱਚ ਹੀ ਰਹੇ। ਸਾਡੇ ਮੰਜੇ ਲਾਗੋ-ਲਾਗੀ ਸਨ- ਜਿਸ ਦ੍ਰਿੜਤਾ ਨਾਲ ਉਸ ਨੇ ਭੁਖ ਹੜਤਾਲ ਕੱਟੀ, ਇਹ ਬੜੀ ਉਤਸ਼ਾਹ ਜਨਕ ਗੱਲ ਹੈ।

1-ਮਈ, 1942 ਨੁੂੰ ਉਸ ਨੂੰ ਦੂਸਰੇ ਲੀਡਰਾਂ ਨਾਲ ਗੁਜਰਾਤ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ। ਉਹ ਸੂਬਾ ਕਮੇਟੀ ਦੇ ਮੈਂਬਰ ਦੀ ਹੈਸੀਅਤ ਵਿੱਚ ਉਰਦੂ ‘ਜੰਗੇ ਆਜ਼ਾਦੀ` ਦਾ ਐਡੀਟਰ ਬਣ ਗਿਆ।

ਕਾਮਰੇਡ ਮਨਸੂਰ ਕੇਵਲ ਲਿਖਾਰੀ ਹੀ ਨਹੀਂ ਸੀ ਸਗੋਂ ਆਰਗੇਨਾਈਜ਼ਰ ਵੀ ਸੀ, 1944 ਵਿੱਚ ਉਸ ਨੂੰ ਫ਼ਿਰੋਜ਼ਪੁਰ ਜਿ਼ਲ੍ਹੇ ਦਾ ਆਰਗੇਨਾਈਜ਼ਰ ਮੁੱਕਰਰ ਕੀਤਾ ਗਿਆ। ਉਸ ਨੇ ਪਹਿਲਾਂ ਜਾ ਕੇ ਜਿ਼ਲ੍ਹੇ ਦੀ ਸਾਰੀ ਆਰਥਿਕ ਤੇ ਸਿਆਸੀ ਜ਼ਿੰਦਗੀ ਦੀ ਖੋਜ ਕੀਤੀ ਅਤੇ ਫੇਰ ਪਾਰਟੀ ਵਾਸਤੇ ਕੰਮ ਤੈਅ ਕੀਤੇ। ਉਸ ਦੀ ਇਹ ਰਿਪੋਰਟ ਦੂਸਰੇ ਜਿ਼ਲ੍ਹਿਆਂ ਵਿੱਚ ਕੰਮ ਚਲਾਉਣ ਲਈ ਇਕ ਨਮੂਨਾ ਪੇਸ਼ ਕਰਦੀ ਸੀ।

ਉਹ ਇੱਕ ਤਕੜਾ ਖ਼ੋਜੀ ਸੀ, ਉਸ ਨੇ ਪੰਜਾਬ ਦੇ ਜ਼ਰਈ ਸੰਬੰਧਾਂ ਤੇ ਕਿਸਾਨੀ ਮਸਲੇ ਦੀ ਬੜੀ ਖੋਜ ਕੀਤੀ। ਇਸ ਖੋਜ ਦੇ ਸਿੱਟੇ ਪੰਜਾਬ ਦੀ ਵੰਡ ਤੋਂ ਬਾਅਦ ਹੀ ਪ੍ਰਕਾਸ਼ਤ ਹੋ ਸਕੇ। ਪੰਜਾਬ ਦੇ ਜ਼ਰਈ ਮਸਲੇ ਦੀ ਖੋਜ ਦਾ ਸ਼ਾਇਦ ਇਹ ਪਹਿਲਾ ਮਾਰਕਸੀ ਯਤਨ ਸੀ।

ਉਸ ਨੇ ਕੇਵਲ ਅਖਬਾਰਾਂ ਦੇ ਜ਼ਰੀਏ ਹੀ ਕਮਿਊਨਿਸਟ ਵਿਚਾਰਾਂ ਦਾ ਪ੍ਰਚਾਰ ਨਹੀਂ ਕੀਤਾ ਸਗੋਂ ਬਹੁਤ ਸਾਰੇ ਸਿਆਸੀ ਤੇ ਸਿਧਾਂਤਕ ਪੈਂਫਲਟ ਵੀ ਲਿਖੇ। ਉਹ ਅਰਬੀ, ਫਾਰਸੀ, ਉਰਦੂ, ਅੰਗਰੇਜ਼ੀ ਚਾਰ ਜ਼ਬਾਨਾਂ ਚੰਗੀ ਤਰ੍ਹਾਂ ਜਾਣਦਾ ਸੀ। ਉਸ ਦਾ ਉਰਦੂ ਬੜਾ ਸੁਖੈਲ ਸੀ ਅਤੇ ਹਰ ਇੱਕ ਉਸ ਨੂੰ ਸਮਝ ਸਕਦਾ ਸੀ। ਉਹਦੀ ਕਟਾਖਨੀ ਲੇਖਣੀ ਤੋਂ ਵਿਰੁਧੀ ਬੜੇ ਘਬਰਾਉਂਦੇ ਸਨ।

ਕਾਮਰੇਡ ਮਨਸੂਰ ਕਮਿਊਨਿਸਟ ਪਾਰਟੀ ਦਾ ਇੱਕ ਵਫ਼ਾਫਾਰ ਸਿਪਾਹੀ ਸੀ, ਜਿਸ ਨੂੰ ਨਾ ਤਾਂ ਪਾਰਟੀ ਤੋਂ ਬਾਹਰ ਕੁਝ ਸੁਝਦਾ ਸੀ ਅਤੇ ਨਾ ਹੀ ਉਹ ਪਾਰਟੀ ਦੇ ਬਗੈਰ ਸੋਚਦਾ ਸੀ। ਉਸ ਵਿੱਚ ਨਾ ਘਮੰਡ ਸੀ ਅਤੇ ਨਾ ਹੀ ਲੀਡਰੀ ਦੀ ਭੁੱਖ। ਉਹ ਝਗੜਾਲੂ ਨਹੀਂ ਸੀ। ਉਸ ਦੀ ਦੀ ਇੱਕੋ ਖਾਹਸ਼ ਸੀ ਕਿ ਪਾਰਟੀ ਉਸ ਦੀ ਪੂਰੀ ਸੇਵਾ ਲੈ ਸਕੇ।

ਜਦੋਂ ਅਸੀਂ ਜੁਲਾਈ, 1947 ਦੇ ਫ਼ਸਾਦਾਂ ਦਾ ਮੁਕਾਬਲਾ ਕਰਨ ਵਾਸਤੇ ਲਾਹੌਰੋਂ ਵਿਛੜੇ ਸੀ ਤਾਂ ਸਾਡਾ ਖਿਆਲ ਨਹੀਂ ਸੀ ਕਿ ਸਾਮਰਾਜੀ ਸਾਜਸ਼ ਇਹ ਹਾਲਾਤ ਪੈਦਾ ਕਰ ਦੇਵੇਗੀ, ਕਿ ਅਸੀਂ ਇਕ ਦੂਸਰੇ ਨੂੰ ਮੁੜ ਮਿਲ ਵੀ ਨਹੀਂ ਸਕਾਂਗੇ। 1947 ਤੋਂ ਬਾਅਦ ਮਿਲਨ ਦੀ ਤਾਂਘ ਸਦਾ ਰਹੀ। ਮਨਸੂਰ ਪੱਛਮੀ ਪੰਜਾਬ ਦੀ ਕਮਿਊਨਿਸਟ ਪਾਰਟੀ ਦਾ ਸੈਕਟਰੀ ਬਣ ਗਿਆ।

ਮਾਰਚ 1951 ਨੂੰ ਜਦੋਂ ਪਾਕਿਸਤਾਨ ਦੀ ਸਰਕਾਰ ਨੇ ਜਮਹੂਰੀ ਲਹਿਰ ਤੇ ਹਮਲਾ ਤੇਜ਼ ਕਰ ਕੀਤਾ ਤਾਂ ਹੋਰ ਸਾਥੀਆਂ ਨਾਲ ਮਨਸੂਰ ਨੂੰ ਵੀ ਜੇਲ੍ਹ ਡੱਕ ਦਿੱਤਾ ਗਿਆ। ਡੇਢ ਸਾਲ ਪਿੱਛੋਂ ਉਹ ਰਿਹਾਅ ਹੋ ਕੇ ਪਾਕਿਸਤਾਨ ਕਮਿਊਨਿਸਟ ਪਾਰਟੀ ਦਾ ਐਕਟਿੰਗ ਜਨਰਲ ਸੈਕਟਰੀ ਬਣ ਗਿਆ। ਉਸ ਨੇ ਪਾਰਟੀ ਨੂੰ ਮੁੜ ਜੱਥੇਬੰਦ ਕਰਨ ਦੇ ਯਤਨ ਕੀਤੇ, ,ਪਰ ਹਾਕਮਾਂ ਨੇ ਛੇਤੀ ਹੀ ਉਸ ਨੂੰ ਫੇਰ ਸੀਖਾਂ ਪਿੱਛੇ ਬੰਦ ਕਰ ਦਿੱਤਾ ਅਤੇ 1955 ਦੇ ਸ਼ੁਰੂ ਵਿੱਚ ਰਿਹਾਅ ਕੀਤਾ।

ਪੱਛਮੀ ਪਾਕਿਸਤਾਨ ਵਿੱਚ ਜਮਹੂਰੀ ਲਹਿਰ ਕਮਜ਼ੋਰ ਹੋਣ ਕਰਕੇ ਲੜਾਈ ਬਹੁਤ ਕਰੜੀ ਸੀ। ਮਨਸੂਰ ਨੂੰ ਦੂਸਰੇ ਸਾਥੀਆਂ ਨਾਲ ਫੇਰ ਮੁਸੀਬਤਾਂ ਤੇ ਤਸੀਹਾਂ ਦਾ ਸਾਹਮਣਾ ਕਰਨਾ ਪਿਆ। ਪਾਕਿਸਤਾਨ ਦੇ ਹਾਕਮਾਂ ਨੇ ਕਈ ਵਾਰ ਉਸ ਨੂੰ ਜੇਲ੍ਹ ਪਾਇਆ।

8 ਅਪ੍ਰੈਲ 1955 ਵਿੱਚ ਜਦੋਂ ਉਹ ਜਲੰਧਰ ਆਇਆ ਤਾਂ ਸਾਰੇ ਸਾਥੀਆਂ ਨੂੰ ਚਾਅ ਚੜ੍ਹ ਗਿਆ ਸੀ। ਉਸ ਨੇ ਉਹ ਸਾਰੇ ਹਾਲਾਤ ਦੱਸੇ, ਜਿਨ੍ਹਾਂ ਵਿੱਚ ਪੱਛਮੀ ਪਾਕਿਸਤਾਨ ਦੇ ਕਮਿਊਨਿਸਟਾਂ ਨੂੰ ਕੰਮ ਕਰਨਾ ਪਿਆ। ਉਹਨਾਂ ਦੀ ਮੰਜ਼ਿਲ ਸਾਥੋਂ ਦੂਰ ਨਜ਼ਰ ਆਉਂਦੀ ਸੀ, ਪਰ ਮਨਸੂਰ ਦੇ ਇਰਾਦੇ ਜਾਂ ਅਕੀਦੇ ਵਿੱਚ ਕੋਈ ਫ਼ਰਕ ਨਹੀਂ ਸੀ। ਫਿਰ ਮੁਲਾਕਾਤਾਂ ਦੇ ਵਾਅਦੇ ਇਕਰਾਰ ਹੋਏ ਪਰ ਉਹ ਇਹ ਤਾਂਘ ਨਾਲ ਲੈ ਕੇ ਹੀ ਚਲਾ ਗਿਆ। ਹਾਂ ਉਸ ਦੀ ਯਾਦ ਜ਼ਰੂਰ ਸਦਾ ਤਾਜ਼ਾ ਰਹੇਗੀ। ਧੰਨਵਾਦ ਸਹਿਤ। (ਲੇਖਕ ਹਰਕਿਸ਼ਨ ਸਿੰਘ ਸੁਰਜੀਤ)

ਸੰਪਰਕ: 91-9217997445
ਕੈਲਗਰੀ :001-403-285-4208

Share this Article
Leave a comment