ਸਿੱਖ ਪੰਥ ਦੀਆਂ ਸਮੱਸਿਆਵਾਂ ਤੇ ਉਹਨਾਂ ਦੇ ਹੱਲ !!

TeamGlobalPunjab
8 Min Read

-ਇਕਬਾਲ ਸਿੰਘ ਲਾਲਪੁਰਾ

ਜਗ ਬੰਦੀ ਮੁਕਤੇ ਹੋ ਮਾਰੀ !!ਜਗ ਗਿਆਨੀ ਬਿਰਲਾ ਆਚਾਰੀ !! ਅੰਗ 413 !! ਹਉਮੈ ਦੀਰਘ ਰੋਗ ਹੈ ਦਾਰੂ ਭੀ ਇਸ ਮਾਹੀ !!

ਪਿਛਲੇ ਕਰੀਬ 221 ਸਾਲ ਪਹਿਲਾਂ 1799 ਈ: ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ‘ਤੇ ਜਿੱਤ ਪ੍ਰਾਪਤ ਕਰ ਕੇ ਸਰਕਾਰ ਖਾਲਸਾ ਦੀ ਨੀਂਹ ਰੱਖੀ ਸੀ। ਭੰਗੀ ਸਰਦਾਰਾਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਜਗੀਰਾਂ ਬਖ਼ਸ਼ ਕੇ ਮਾਣ ਸਨਮਾਨ ਤੇ ਰੋਜੀ ਰੋਟੀ ਦਾ ਪ੍ਰਬੰਧ ਕੀਤਾ। ਇਸ ਤੋਂ ਬਾਅਦ ਹਰ ਮਿਸਲ ਦੇ ਸਰਦਾਰ ਦਾ ਇਸੇ ਤਰ੍ਹਾਂ ਦਾ ਮਾਣ ਸਨਮਾਨ ਕਾਇਮ ਰੱਖਿਆ।

ਸਰਦਾਰ ਫ਼ਤਿਹ ਸਿੰਘ ਆਹਲੂਵਾਲੀਆ ਤੇ ਸਰਦਾਰ ਸਾਹਿਬ ਸਿੰਘ ਨਾਲ ਦਸਤਾਰ ਵਟਾ ਭਰਾ ਬਣਾਉਣ ਦੀ ਸਾਂਝ ਪਾਈ।

- Advertisement -

1808 ਤੱਕ ਪੰਜਾਬ ਦਾ ਮਹਾਰਾਜਾ ਅੰਬਾਲਾ ਲੰਘ ਕੇ ਬੂੜੀਆ ਤੇ ਦਿੱਲੀ ਵੱਲ ਨੂੰ ਸੀ। ਪਰ ਸਾਹਿਬ ਸਿੰਘ ਅੰਗਰੇਜ਼ ਕੋਲ ਕਲਕੱਤੇ ਜਾ ਪੇਸ਼ ਹੋਇਆ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਸਾਲ ਭਰ ਜਦੋ ਜਹਿਦ ਤੋਂ ਬਾਅਦ ਸਤਲੁਜ ਦਰਿਆ ਉਤਰ ਲਹਿੰਦੇ ਪਾਸੇ ਨੂੰ ਆਪਣੀ ਸਰਹੱਦ ਮੰਨਣ ਲਈ ਮਜਬੂਰ ਕਰ ਦਿੱਤਾ। ਦਿੱਲੀ ਦੂਰ ਨਹੀਂ ਸੀ, ਮਿਲ ਕੇ ਚੱਲਦੇ ਤੇ ਅੱਜ ਦੁਨੀਆ ਦੇ ਵੱਡੇ ਰਾਜੇ ਹੁੰਦੇ। ਸਿੱਖ ਸ਼ਕਤੀ ਵੰਡੀ ਗਈ ।

ਸ਼ੇਰੇ ਪੰਜਾਬ ਦੇ ਅਕਾਲ ਚਲਾਣੇ ਤੋਂ ਬਾਅਦ ਵੀ ਕੌਮ ਇਕੱਠੀ ਨਹੀਂ ਹੋਈ , ਨਾਲ ਸਤੀ ਹੋਣ ਦਾ ਡਰਾਮਾ ਕਰਨ ਵਾਲੇ ਡੋਗਰਿਆਂ ਨੇ ਅੰਗਰੇਜ਼ ਮੁਖ਼ਬਰ ਬਣ ਜੰਮੂ ਕਸ਼ਮੀਰ ਖਰੀਦ ਲਿਆ ਤੇ ਸਰਕਾਰ ਖਾਲਸਾ ਦਾ ਸੂਰਜ ਅਸਤ ਹੋ ਗਿਆ। ਅੱਜ ਡੋਗਰੇ ਪੰਜਾਬੀ ਤੇ ਗੁਰਮੁਖੀ ਤੋਂ ਵੀ ਬਾਗ਼ੀ ਹੋ ਗਏ ਲੰਬੀਆਂ ਦਾੜੀਆਂ ਤੇ ਕੇਸ ਤਾਂ ਮਹਾਰਾਜੇ ਨੂੰ ਭਰਮਾਉਣ ਲਈ, ਕੇਵਲ ਭੇਖ ਹੀ ਸੀ।

ਅੰਗਰੇਜ਼ ਪ੍ਰਸਤ ਹੋਏ ਸਿੱਖ ਰਹਿਤ ਮਰਿਯਾਦਾ ਨੂੰ ਤਿਲਾਂਜਲੀ ਦੇ ਗਏ। ਉਨ੍ਹਾਂ ਦਾ ਜੀਵਨ ਕੇਵਲ ਐਸ਼ ਪ੍ਰਸਤੀ ਦੀਆਂ ਦੀਆਂ ਜਰਮਨੀ ਦਾਸ ਵੱਲੋਂ ਦਰਜ ਕਹਾਣੀਆਂ ਤੋਂ ਬਿਨਾਂ ਕੁਝ ਵੀ ਪ੍ਰੇਰਣਾ ਦਾਇਕ ਨਹੀਂ। ਆਜ਼ਾਦੀ ਤੇ ਗੁਰਦੁਆਰਾ ਸੁਧਾਰ ਲਹਿਰ ਦੇ ਇਹ ਵਿਰੋਧੀ ਰਹੇ।

ਕੁਝ ਨਕਈ , ਮਾਨ ਤੇ ਭਡਾਣੇ ਵਾਲੇ ਸਿੱਖ ਧਰਮ ਤਿਆਗ ਮੁਸਲਮਾਨ ਬਣ ਗਏ ਤੇ ਅੱਜ ਵੀ ਕਲਮਾ ਹੀ ਪੜਦੇ ਹਨ। ਮਹਾਰਾਜਾ ਦਲੀਪ ਸਿੰਘ ਤਾਂ ਦੁਬਾਰਾ ਸਿੰਘ ਸਜ ਗਿਆ ਸੀ ਪਰ ਹਰਨਾਮ ਸਿੰਘ ਆਹਲੂਵਾਲੀਆ ਦਾ ਪਰਿਵਾਰ ਅੱਜ ਵੀ ਇਸਾਈ ਹੀ ਹੈ। ਰਾਜ ਕੁਮਾਰੀ ਅੰਮ੍ਰਿਤ ਕੌਰ ਸਿੱਖ ਨਾਂ ਨਾਲ ਇਸਾਈ ਸੀ।

ਇਤਿਹਾਸ ਗਵਾਹ ਹੈ ਕਿ 1469 ਤੋਂ 1708 ਈ: ਤੱਕ ਗੁਰੂ ਸਾਹਿਬਾਨ ਧਰਮ ਦੇ ਬਚਾਉ ਲਈ 21 ਲੜਾਈਆਂ ਜਿੱਤ ਕੇ ਇਕ ਇੰਚ ਜ਼ਮੀਨ ‘ਤੇ ਵੀ ਕਬਜ਼ਾ ਨਹੀਂ ਕੀਤਾ ਤੇ ਨਾ ਹੀ ਆਪ ਹਮਲਾਵਰ ਹੋਏ। ਜ਼ੁਲਮ ਤੇ ਜਾਲਮ ਨੂੰ ਲਲਕਾਰਦੇ ਕੁਰਬਾਨੀਆਂ ਵੀ ਦਿੱਤੀਆਂ। ਪੀਰੀ ਨੇ ਰਾਜ ਸਥਾਪਿਤ ਨਹੀਂ ਕੀਤਾ ਪਰ ਅਣਖ , ਅਨੰਦ ਨਾਲ ਜਿਉਣ ਵਾਲੇ ਹਲੇਮੀ ਰਾਜ ਦਾ ਸੰਕਲਪ ਦਾ ਰਾਹ ਉਜਾਗਰ ਕੀਤਾ।

- Advertisement -

ਬਾਬਾ ਬੰਦਾ ਸਿੰਘ ਬਹਾਦੁਰ ਨੂੰ ਮੀਰੀ ਪ੍ਰਗਟ ਕਰਨ ਦਾ ਹੁਕਮ ਸੀ ਜਿਨ੍ਹਾਂ ਖਾਲਸਾ ਰਾਜ ਦਾ ਮੁੱਢ ਬੰਨਿਆ ਸੀ। ਪੀਰੀ ਤੇ ਮੀਰੀ ਸੁਤੰਤਰ ਰਹੀਆਂ। ਮੀਰੀ ਪੀਰੀ ਵੱਲ ਵੇਖਦੀ ਹੈ ਪਰ ਪੀਰੀ ਸੁਤੰਤਰ ਸੀ ਹੈ ਤੇ ਰਹਿਣੀ ਵੀ ਚਾਹੀਦੀ ਹੈ।

ਸ਼੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾ ਸਿੱਖ ਤੇ ਖਾਲਸੇ ਨੂੰ ਭੇਦ ਭਾਵ ਭੁੱਲ ਜੁੜ ਬੈਠਣ ਦਾ ਸੱਦਾ ਦਿੰਦੀ ਹੈ ਤੇ ਆਪਣੇ ਵਿੱਚੋਂ ਪੰਜ ਪ੍ਰਮੁੱਖ ਚੁਣ ਨਿਰਣੈ ਕਰ ਜਿੱਤ ਦੇ ਬਿਗਲ ਵਜਾਉਣ ਲਈ ਆਗਿਆ ਤੇ ਅਗਵਾਈ ਦਿੰਦੀ ਹੈ। ਨਾ ਕੇਵਲ ਇਕ ਧੜੇ ਨਾਲ।

1873 ਤੋਂ 1947 ਈ: ਤੱਕ ਅੰਗਰੇਜ਼ ਪਿੱਠੂਆਂ ਤੇ ਧਰਮ ਪਰਿਵਰਤਣ ਕਰਾਉਣ ਵਾਲੇ ਈਸਾਈ ਪਾਦਰੀਆਂ ਤੇ ਹੋਰਾਂ ਵਿਰੁੱਧ ਲੜਨ ਵਾਲੇ ਕਾਂਗਰਸ ‘ਤੇ ਟੇਕ ਲਾ ਬੈਠੇ। ਆਜ਼ਾਦ ਹੁੰਦਿਆਂ ਹੀ ਅੰਗਰੇਜ਼ ਪ੍ਰਸਤ ਕਾਂਗਰਸੀ ਬਣ ਗਏ ਤੇ ਐਮ ਐਲ ਏ ਤੇ ਐਮ ਪੀ ਬਣ ਗਏ, ਆਜ਼ਾਦੀ ਮੰਗਣ ਵਾਲੇ ਫੇਰ ਪੰਜਾਬੀ ਤੇ ਗੁਰਮੁਖੀ ਲਈ ਮੋਰਚੇ ਲਾਉਣ ਦੇ ਰਾਹ ਪੈਣ ਲਈ ਮਜਬੂਰ ਕਰ ਦਿੱਤੇ ਗਏ। ਹੌਲੀ ਹੌਲੀ ਕਾਂਗਰਸ ਅਕਾਲੀ ਦਲ ਵਿੱਚ ਘੁਸਪੈਠ ਕਰ ਗਈ।

ਕੌਮਪ੍ਰਸਤ, ਜੁਝਾਰੂ, ਇਮਾਨਦਾਰ ਤੇ ਦੂਰਅੰਦੇਸ਼ ਆਗੂ ਮਾਸਟਰ ਤਾਰਾ ਸਿੰਘ ਦੇ ਵਿਰੁੱਧ ਕਾਂਗਰਸ ਪ੍ਰਸਤਾਂ ਨੇ ਸਾਧ ਖੜਾ ਕਰ ਦਿੱਤਾ। 1957 ਦੀਆਂ ਇਕੱਠੀਆਂ ਕਾਂਗਰਸ ਨਾਲ ਮਿਲ ਕੇ ਲੜੀਆਂ ਚੋਣਾਂ ਤੋਂ ਬਾਅਦ ਕੇਵਲ ਪੰਜ ਐਮ ਐਲ ਏ ਮਾਸਟਰ ਜੀ ਨਾਲ ਬਾਹਰ ਆਏ, ਬਾਕੀ ਤਾਂ ਕਾਂਗਰਸੀ ਬਣ ਸਿੱਖ ਪੰਥ ਦੀਆਂ ਹੱਕੀ ਮੰਗਾਂ ਦੇ ਵਿਰੋਧੀ ਹੋ ਕੇ ਸਿੱਖਾਂ ਨੂੰ ਕੁੱਟ ਮਾਰ ਕਰਨ ਵਾਲੇ ਬਣ ਗਏ ਸਨ।

ਅੱਜ ਕੀ ਹੋ ਰਿਹਾ ਹੈ ?
ਸ਼੍ਰੀ ਅਕਾਲ ਤਖਤ ਦੇ ਸਾਹਮਣੇ ਬੁਰਛਾ ਗਰਦੀ ਕਰਦੇ ਕੀ ਇਹ ਸਿੱਖ ਹਨ ਜਾਂ ਸਿੱਖੀ ਦੇ ਦੁਸ਼ਮਣ ?

ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਿੱਜੀ ਜਗੀਰ ਬਣਾ, ਸਿੱਖ ਜਾਂ ਖਾਲਸਾ ਦੇ ਘਰਾਂ ਵਿੱਚ ਸ਼੍ਰੀ ਗ੍ਰੰਥ ਸਾਹਿਬ ਸਥਾਪਿਤ ਕਰਨ ਦੀ ਥਾਂ ਉੱਥੋਂ ਚੁੱਕ ਕੇ, ਬੇਅਦਬੀ ਕਰਨ ਵਾਲੇ ਕੀ ਸਿੱਖ ਹਨ ਜਾਂ ਸਿੱਖੀ ਦੇ ਦੁਸ਼ਮਣ ?

ਉਜਰਤ ਦੇ ਕੇ ਪਾਠ ਕਰਾਉਣਾ ਗੁਰਮਿਤ ਦੀ ਉਲੰਘਣਾ ਹੈ ਫੇਰ ਗੁਰਦੁਆਰਿਆਂ ਵਿੱਚ ਕਿਉਂ ਹੋ ਰਿਹਾ ਹੈ?

ਗੁਰਦੁਆਰਾ ਸਾਹਿਬਾਨ ਦੇ ਸ਼ਰਮਾਏ ਦਾ ਇਸਤੇਮਾਲ ਆਪਣੇ ਰਾਜਸੀ ਜਾਂ ਜਾਤੀ ਮੁਫ਼ਾਦ ਲਈ ਵਰਤੋਂ ਕਰਨ ਤੇ ਨਿਰਮਲ ਪੰਥ ਦੀ ਮਰਿਯਾਦਾ ਦਾ ਘਾਣ ਕਰਨ ਵਾਲੇ ਕੀ ਨਰੈਣੂ ਆਦਿ ਤੋਂ ਘੱਟ ਹਨ ?

ਕੌਮੀ ਘਰ ‘ਤੇ ਰਾਜ ਜ਼ਰੂਰ ਚਾਹੀਦਾ ਹੈ , ਪਿਛਲੇ 54 ਸਾਲ 1966 ਦੀ ਵੰਡ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿੱਚ ਵੱਧ ਸਮਾਂ ਰਾਜ ਕੀਤਾ ਹੈ, ਕੀ ਉਹ ਦੱਸਣਗੇ ਕਿ ਦੋ ਤਿਹਾਈ ਬਹੁਮਤ ਲੈ ਕੇ ਵੀ ਉਨ੍ਹਾਂ ਪੰਥ ਦੇ ਕਿਹੜੇ ਮਸਲੇ ਦਾ ਹੱਲ ਕੀਤਾ ਹੈ ਜਾਂ ਮਤਾ ਪਾਸ ਕੀਤਾ , ਸਿੱਖਾਂ ‘ਤੇ ਤਸ਼ਦੱਦ ਤੇ ਕਤਲ ਕਰਨ ਵਾਲੇ ਕਿਹੜੇ ਅਫਸਰ ਵਿਰੁੱਧ ਕਾਰਵਾਈ ਕੀਤੀ ਗਈ ਹੈ ?

ਖਾਲਿਸਤਾਨ ਦੇ ਨਾਂ ‘ਤੇ ਝੰਡਾ ਲੈ ਕੇ ਚੱਲਣ ਵਾਲੇ ਹੁਣ ਕਈ ਧਾਰਮਿਕ ਸੰਸਥਾਵਾਂ ਤੇ ਰਾਜਨੀਤਿਕ ਪਾਰਟੀਆਂ ਦੇ ਆਗੂ ਬਣੇ ਹੋਏ ਹਨ , ਛਾਤੀ ‘ਤੇ ਹੱਥ ਰੱਖ ਕੇ ਦੱਸਣ ਕਿ ਉਨ੍ਹਾਂ ਕੋਲੋਂ ਕੀ ਹਲੇਮੀ ਰਾਜ ਦੀ ਖੁਸ਼ਬੂ ਆਉਂਦੀ ਹੈ ? ਜਾਂ ਉਹ ਵੀ ਬਰਾਬਰ ਦੇ ਭ੍ਰਿਸ਼ਟਾਚਾਰ ਵਿੱਚ ਲੁਪਤ ਨਹੀਂ ?

ਵਿਦੇਸ਼ਾਂ ਵਿੱਚ ਸੁਰੱਖਿਅਤ ਬੈਠੇ ਲੋਕ ਕਿਸ ਉਦੇਸ਼ ਨਾਲ ਨੌਜਵਾਨਾਂ ਨੂੰ ਕਿਸੇ ਵਿਦੇਸ਼ੀ ਦੀ ਸ਼ਹਿ ‘ਤੇ ਖਾਲਿਸਤਾਨ ਦੇ ਨਾ ‘ਤੇ ਅੱਗ ਦੀ ਭੱਠੀ ਵਿੱਚ ਸੁੱਟ ਰਹੇ ਹਨ , ਨਨਕਾਣਾ ਸਾਹਿਬ ਦੀ ਸਿੱਖ ਲੜਕੀ ਉਹ ਕਿਉਂ ਵਾਪਿਸ ਨਹੀਂ ਕਰਵਾ ਸਕੇ ? ਕੀ ਉਹ ਪੰਜਾਬ ਨੂੰ ਵੀ ਕਸ਼ਮੀਰ ਬਣਾਉਣਾ ਚਾਹੁੰਦੇ ਹਨ ?

ਸਿੰਘ ਸਾਹਿਬ ਦਾ ਬੜਾ ਰੁਤਬਾ ਹੈ , ਪਰ ਕੀ ਸਲਾਹਕਾਰ ਵੀ ਕੋਈ ਤਜਰਬੇਕਾਰ ਤੇ ਦੂਰ ਅੰਦੇਸ਼ ਹੈ , ਜਾਤ ਪਾਤ ਰਹਿਤ ਪੰਥ ਵਿੱਚੋਂ ਜਾਤ ਪਾਤ ਦੀ ਵੰਡ ਕਿਸ ਨੇ ਪ੍ਰਵਾਨ ਕੀਤੀ ? ਆਪ ਜੀ ਨੇ ਇਸਨੂ ਖਤਮ ਕਰਨ ਲਈ ਕੀ ਉਪਰਾਲਾ ਕੀਤਾ ?

ਕੀ ਕਦੇ ਸਿੱਖ ਕਾਰਖ਼ਾਨੇਦਾਰਾਂ, ਧਨਾਢਾਂ ਤੇ ਸਰਕਾਰੀ ਅਧਿਕਾਰੀਆਂ ਨਾਲ ਆਰਥਿਕ ਸਥਿਤੀ ਮਜ਼ਬੂਤ ਕਰਨ ਲਈ ਗੱਲ ਕੀਤੀ ?

ਕੀ ਆਪ ਖ਼ੁਦ ਧਰਮ ਪ੍ਰਚਾਰ ਪ੍ਰਸਾਰ ਪਿੰਡ ਪਿੰਡ ਜਾਣ ਦੀ ਵਿਉੰਤਬੰਦੀ ਕੀਤੀ ਹੈ?
ਸਮੱਸਿਆਵਾਂ ਅਨੇਕ ਹਨ ਪਰ ਗਿਆਨ ਦੇ ਨਾਲ ਆਚਾਰ ਜ਼ਰੂਰੀ ਹੈ, ਦਿਲ ਤਲਵਾਰ ਜਾਂ ਜੁੱਤੀ ਨਾਲ ਨਹੀਂ ਪਿਆਰ ਨਾਲ ਜਿੱਤੇ ਜਾਂਦੇ ਹਨ।

ਹੋਏ ਇਕਤ੍ਰ ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋ ਲਿਵ ਲਾਈ ਦਾ ਪਾਠ ਨਾ ਭੁੱਲੋ। ਹਰ ਸਮੱਸਿਆ ਦਾ ਹੱਲ ਹੈ, ਵਿਧੀ ਠੀਕ ਕਰੇ , ਸਮਾਂ ਵਿਚਾਰੋ ਤੇ ਅੱਗੇ ਵਧੋ। ਪੰਥ, ਨੌਜਵਾਨੀ ਤੇ ਕੌਮ ਦੇ ਆਦਰਸ਼ ਬਣੋ, ਅੱਗ ਨਾਲ ਨਾ ਖੇਲੋ, ਇਤਿਹਾਸ ਜ਼ਰੂਰ ਜਵਾਬ ਮੰਗੇਗਾ।

Share this Article
Leave a comment