ਲੰਡਨ : ਬਰਤਾਨੀਆ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ‘ਲੰਚ’ ਕਾਰਨ ਵਿਵਾਦਾਂ ‘ਚ ਘਿਰ ਗਈ ਹੈ। ਅਸਲ ‘ਚ ਪ੍ਰੀਤੀ ਪਟੇਲ ਜਿਸ ‘ਲੰਚ’ ’ਚ ਸ਼ਾਮਲ ਹੋਈ ਉਸ ‘ਚ ਕੁਝ ਉਦਯੋਪਤੀ ਸ਼ਾਮਲ ਸਨ ਪਰ ਕੋਈ ਹੋਰ ਅਧਿਕਾਰੀ ਮੌਜੂਦ ਨਹੀਂ ਸੀ।
ਇਸ ਮੁਲਾਕਾਤ ਦੀ ਰਿਪੋਰਟ ਜਨਤਕ ਹੋਣ ਬਾਅਦ ਲੇਬਰ ਪਾਰਟੀ ਨੇ ਜਾਂਚ ਦੀ ਮੰਗ ਕੀਤੀ ਹੈ। ਖ਼ਬਰਾਂ ਦੀ ਮੰਨੀਏ ਤਾਂ ਪ੍ਰੀਤੀ ਪਟੇਲ ਨਾਲ ਦੋ ਏਅਰਲਾਈਨਜ਼ ਅਤੇ ਇੱਕ ਹੋਟਲ ਚੇਨ ਦੇ ਮਾਲਕ ਲੰਚ ਵਿੱਚ ਸ਼ਾਮਲ ਸਨ।
ਰਿਪੋਰਟਾਂ ਮੁਤਾਬਕ ਅਗਸਤ ਮਹੀਨੇ ਪ੍ਰੀਤੀ ਪਟੇਲ ਦੇ ਲੰਚ ’ਚ ਕੋਰੋਨਾ ਯਾਤਰਾ ਨਿਯਮਾਂ ਬਾਰੇ ਵੀ ਚਰਚਾ ਹੋਈ। ਮੰਤਰੀ ਪੱਧਰੀ ਨਿਯਮਾਂ ਦੇ ਅਨੁਸਾਰ ਜਦੋਂ ਸਰਕਾਰੀ ਕੰਮਕਾਜ ’ਤੇ ਚਰਚਾ ਹੋਣ ’ਤੇ ਅਧਿਕਾਰੀਆਂ ਦਾ ਮੌਜੂਦ ਹੋਣਾ ਜਾਂ ਉਨ੍ਹਾਂ ਨੂੰ ਸੂਚਿਤ ਕਰਨਾ ਲਾਜ਼ਮੀ ਹੁੰਦਾ ਹੈ। ਹਾਲਾਂਕਿ ਪ੍ਰੀਤੀ ਪਟੇਲ ਨੇ ਨਿਯਮਾਂ ਨੂੰ ਤੋੜਨ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੇ ਆਪਣੇ ਨਿੱਜੀ ਦਫਤਰ ਨੂੰ ਇਸ ਲੰਚ ਬਾਰੇ ਸੂਚਿਤ ਕੀਤਾ ਸੀ, ਜਿਸ ਅਨੁਸਾਰ ਇਹ 11 ਅਗਸਤ ਦੀ ਦੁਪਹਿਰ ਨੂੰ ਹੋਇਆ ਸੀ।
ਜਾਣਕਾਰੀ ਮੁਤਾਬਕ ਲੇਬਰ ਪਾਰਟੀ ਦੇ ਉਪ ਆਗੂ ਐਂਜੇਲਾ ਰੇਨਰ ਨੇ ਕੈਬਨਿਟ ਸਕੱਤਰ ਸਾਈਮਨ ਕੇਸ ਨੂੰ ਮੀਟਿੰਗ ਦੀ ਜਾਂਚ ਸ਼ੁਰੂ ਕਰਨ ਲਈ ਬੁਲਾਇਆ ਹੈ। ਇਸ ’ਚ ਕਿਹਾ ਗਿਆ ਹੈ, ‘ਮਿਸ ਪਟੇਲ ਨੂੰ ਪੁੱਛਣ ਲਈ ਕੁਝ ਗੰਭੀਰ ਸਵਾਲ ਹਨ।’ ਇਸ ਦੇ ਨਾਲ ਹੀ ਵਿਰੋਧੀ ਨੇਤਾਵਾਂ ਨੇ ਇਸ ਨੂੰ ‘ਲਾਪਰਵਾਹੀ’ ਕਰਾਰ ਦਿੱਤਾ ਹੈ।