ਕੈਪਟਨ ਅਤੇ ਸਿੱਧੂ ਨੇ ਖਿੱਚੀ ਲਕੀਰ! – ਨਜ਼ਰਾਂ ਹਾਈ ਕਮਾਂਡ ਦੇ ਫੈਸਲੇ ‘ਤੇ

TeamGlobalPunjab
5 Min Read

-ਜਗਤਾਰ ਸਿੰਘ ਸਿੱਧੂ (ਐਡੀਟਰ);

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਕ ਦੂਜੇ ਵਿਰੁਧ ਪੂਰੀ ਤਰ੍ਹਾਂ ਲਕੀਰ ਖਿੱਚ ਦਿੱਤੀ ਹੈ। ਪਾਰਟੀ ਹਾਈ ਕਮਾਂਡ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਨਾਲ ਮੁਲਾਕਾਤ ਵੇਲੇ ਸ਼ਪਸ਼ਟ ਕਰ ਦਿੱਤਾ ਹੈ ਕਿ ਉਹ ਨਵਜੋਤ ਸਿੱਧੂ ਦੇ ਕਾਂਗਰਸ ਪ੍ਰਧਾਨ ਬਣਨ ਨਾਲ ਮਿਲ ਕੇ ਕੰਮ ਨਹੀਂ ਕਰ ਸਕਦੇ। ਕੁਝ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਇਕ ਟੀ.ਵੀ ਚੈਂਨਲ ਨਾਲ ਮੁਲਾਕਾਤ ਵੇਲੇ ਆਖਿਆ ਸੀ ਕਿ ਨਵਜੋਤ ਸਿੱਧੂ ਲਈ ਉਨ੍ਹਾਂ ਦੇ ਦਰਵਾਜ਼ੇ ਸਦਾ ਲਈ ਬੰਦ ਹਨ। ਦੂਜੇ ਪਾਸੇ ਸਿੱਧੂ ਨੇ ਵੀ ਸਾਫ ਕਰ ਦਿੱਤਾ ਹੈ ਕਿ ਉਹ ਮੰਤਰੀ ਮੰਡਲ ਵਿਚ ਕਿਸੇ ਵੀ ਅਹੁਦੇ ਲਈ ਜਾਣ ਵਾਸਤੇ ਸਹਿਮਤ ਨਹੀਂ ਹਨ। ਇਸ ਸਥਿਤੀ ਵਿਚ ਕਾਂਗਰਸ ਪਾਰਟੀ ਲਈ ਦੋਹਾਂ ਆਗੂਆਂ ਵਿਚਕਾਰ ਸੰਤੁਲਨ ਕਾਇਮ ਰੱਖਣ ਲਈ ਸਹਿਮਤੀ ਦਾ ਰਾਹ ਬਹੁਤ ਚੂਣੋਤੀ ਭਰਪੂਰ ਹੈ। ਪਾਰਟੀ ਵੱਲੋਂ ਬਣਾਈ ਤਿੰਨ ਮੈਂਬਰੀ ਕਮੇਟੀ ਨੇ ਆਪਣੀ ਰਿਪੋਰਟ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪ ਦਿੱਤੀ ਹੈ। ਇਸ ਕਮੇਟੀ ਨੇ 60 ਤੋਂ ਵਧੇਰੇ ਵਿਧਾਇਕਾਂ, ਪਾਰਲੀਮੈਂਟ ਮੈਂਬਰਾਂ ਅਤੇ ਮੰਤਰੀਆਂ ਨਾਲ ਮੁਲਾਕਾਤ ਕੀਤੀ ਹੈ। ਇਸ ਤੋਂ ਇਲਾਵਾ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਵੱਖਰੇ ਤੌਰ ‘ਤੇ ਪੰਜਾਬ ਦੇ ਪਾਰਟੀ ਆਗੂਆਂ ਨਾਲ ਸੰਪਰਕ ਕਰਕੇ ਜਾਣਕਾਰੀ ਹਾਸਲ ਕੀਤੀ ਹੈ।

ਮਾਝੇ ਦੇ ਤਿੰਨ ਮੰਤਰੀਆਂ ਵਲੋਂ ਤਿੰਨ ਮੈਂਬਰੀ ਕਮੇਟੀ ਅਤੇ ਪਾਰਟੀ ਆਗੂਆਂ ਨਾਲ ਦੋ ਵਾਰ ਮੀਟਿੰਗਾਂ ਕੀਤੀਆਂ ਗਈਆਂ ਹਨ। ਕਾਂਗਰਸ ਦਾ ਉਹ ਸਮਾਂ ਨਿਕਲ ਗਿਆ ਜਦੋਂ ਕੇਂਦਰ ਵਿੱਚ ਸੱਤਾ ਵਿਚ ਸੀ ਤਾਂ ਕਈ ਵਾਰ ਸੀਨੀਅਰ ਆਗੂਆਂ ਨੂੰ ਕਿਸੇ ਸੂਬੇ ਦਾ ਗਵਰਨਰ ਬਣਾ ਦਿੱਤਾ ਜਾਂਦਾ ਜਾਂ ਕੋਈ ਹੋਰ ਵੱਡੀ ਜਿੰਮੇਵਾਰੀ ਦਿੱਤੀ ਜਾਂਦੀ। ਕੈਪਟਨ ਅਤੇ ਸਿੱਧੂ ਦੇ ਮਾਮਲੇ ਵਿਚ ਤਾਂ ਕਾਂਗਰਸ ਕੋਲ ਸੀਮਤ ਜਿਹੇ ਮੌਕੇ ਬਚੇ ਹਨ। ਕੈਪਟਨ ਦੇ ਹਮਾਇਤੀਆਂ ਨੇ ਪਾਰਟੀ ਹਾਈ ਕਮਾਂਡ ਤੋਂ ਪਹਿਲਾਂ ਹੀ ਪੰਜਾਬ ਵਿਚ ਕੈਪਟਨ ਦੇ ਹੱਕ ਵਿਚ ਬੋਰਡ ਲਾਉਣੇ ਸ਼ੁਰੂ ਕਰ ਦਿੱਤੇ ਹਨ। ਇਸ ਦਾ ਸ਼ਪਸ਼ਟ ਸੰਕੇਤ ਹੈ ਕਿ ਕੈਪਟਨ ਅਮਰਿੰਦਰ ਨੇ ਆ ਰਹੀ ਪੰਜਾਬ ਵਿਧਾਨ ਸਭਾ ਦੀ ਚੋਣ ਲਈ ਮੁੱਖ ਮੰਤਰੀ ਉਮੀਦਵਾਰ ਵਜੋਂ ਆਪਣੀ ਦਾਅਵੇਦਾਰੀ ਨੂੰ ਸਾਫ ਕਰ ਦਿੱਤਾ ਹੈ। ਇਸੇ ਤਰ੍ਹਾਂ  ਮਾਲਵੇ ਦੇ ਮਲੋਟ ਅਤੇ ਲੰਬੀ ਹਲਕੇ ਵਿੱਚ ਕਾਂਗਰਸ ਦੇ ਸੀਨੀਅਰ ਆਗੂ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਹਮਾਇਤੀਆਂ ਨੇ ਪੋਸਟਰ ਲਗਾ ਦਿੱਤੇ ਹਨ।

ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਨਵਜੋਤ ਸਿੱਧੂ ਲਈ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਪਾਰਟੀ ਅੰਦਰ ਸਹਿਮਤੀ ਲਵੇਗੀ ਜਾਂ ਨਹੀਂ। ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਅਤੇ ਪਾਰਟੀ ਹਾਈ ਕਮਾਂਡ ਇਹ ਵੀ ਚੰਗੀ ਤਰ੍ਹਾਂ ਸਮਝਦੀ ਹੈ ਕਿ ਨਵਜੋਤ ਸਿੱਧੂ ਨੂੰ ਪਾਸੇ ਕਰਕੇ ਕਾਂਗਰਸ ਪੰਜਾਬ ਦੀਆਂ ਚੋਣਾਂ ਨਹੀਂ ਜਿੱਤ ਸਕਦੀ। ਕਾਂਗਰਸ ਦੇ ਵਿਰੋਧੀਆਂ ਨੇ ਵੀ ਇਸ ਸੰਕਟ ‘ਤੇ ਨਜ਼ਰ ਰੱਖੀ ਹੋਈ ਹੈ। ਅਕਾਲੀ ਦਲ ਦੇ ਇਕ ਸੀਨੀਅਰ ਨੇਤਾ ਦਾ ਕਹਿਣਾ ਹੈ ਕਿ ਕਾਂਗਰਸ ਦੀ ਲੜਾਈ ਕਰਕੇ ਅਕਾਲੀ ਦਲ ਨੂੰ ਸਰਕਾਰ ਬਨਾਉਣ ਦੀ ਬੜੀ ਉਮੀਦ ਬਣ ਗਈ ਹੈ। ਕਈ ਅਕਾਲੀ ਆਗੂਆਂ ਨੇ ਤਾਂ ਮਹਿਕਮੇ ਵੀ ਵੰਡ ਲਏ ਹਨ। ਉਨ੍ਹਾਂ ਨੂੰ ਬਸਪਾ ਨਾਲ ਸਮਝੌਤਾ ਕਰਕੇ ਥੋੜ੍ਹਾ ਸੌਖਾ ਤਾਂ ਲੱਗਣ ਲੱਗ ਪਿਆ ਹੈ ਪਰ ਅਕਾਲੀ ਦਲ ਲਈ ਮਾਮਲਾ ਐਨਾ ਸੌਖਾ ਨਹੀਂ ਹੈ। ਜਿਥੇ ਕਾਂਗਰਸ ਹਾਈ ਕਮਾਂਡ ਇਸ ਸੰਕਟ ਤੋਂ ਬਾਹਰ ਆਉਣ ਦਾ ਰਾਹ ਸੰਜੀਦਗੀ ਨਾਲ ਲੱਭ ਰਹੀ ਹੈ ਉਥੇ ਕੈਪਟਨ ਨੇ ਵੀ ਆਪਣੀਆਂ ਸਅਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਮੁੱਖ ਮੰਤਰੀ ਵਲੋਂ ਪਾਰਲੀਮੈਂਟ ਮੈਬਰਾਂ, ਮੰਤਰੀਆਂ ਅਤੇ ਵਿਧਾਇਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਸਰਕਾਰ ਦੀ ਕਾਰਗੁਜ਼ਾਰੀ ਬਾਰੇ ਪ੍ਰਿੰਟ ਅਤੇ ਇਲੈਕਟਰੋਨਿਕ ਮੀਡੀਆ ਵਿਚ ਰੋਜ਼ਾਨਾ ਵੱਡੇ-ਵੱਡੇ ਇਸ਼ਤਿਹਾਰ ਆ ਰਹੇ ਹਨ।

- Advertisement -

ਪੰਜਾਬ ਦੇ ਸੰਕਟ ਬਾਰੇ ਪਾਰਟੀ ਹਾਈ ਕਮਾਂਡ ਵਲੋਂ ਫੈਸਲਾ ਲੈਣ ਵਿਚ ਕੀਤੀ ਜਾ ਰਹੀ ਦੇਰੀ ਪੰਜਾਬ ਸਰਕਾਰ ਦੇ ਪ੍ਰਭਾਵ ‘ਤੇ ਵੀ ਬੁਰਾ ਅਸਰ ਪਾ ਰਹੀ ਹੈ।ਮੰਤਰੀ ਮੰਡਲ ਅਤੇ ਪ੍ਰਸ਼ਾਸ਼ਨ ਦੇ ਕੰਮ ਕਰਨ ‘ਤੇ ਅਸਰ ਪੈ ਰਿਹਾ ਹੈ। ਇਹ ਵੀ ਚਰਚਾ ਹੈ ਕਿ ਜਿਹੜੇ ਮੰਤਰੀਆਂ ਨੇ ਪਾਰਟੀ ਹਾਈ ਕਮਾਂਡ ਕੋਲ ਵਿਰੁੱਧ ਬੋਲਿਆ ਹੈ ਤਾਂ ਮੁੱਖ ਮੰਤਰੀ ਹੁਣ ਉਨ੍ਹਾਂ ਨਾਲ ਕਿਵੇਂ ਚੱਲ ਸਕਣਗੇ? ਇਹ ਸਭ ਤੋਂ ਅਹਿਮ ਹੈ ਕਿ ਕੈਪਟਨ ਅਤੇ ਸਿੱਧੂ ਪਾਰਟੀ ਹਾਈ ਕਮਾਂਡ ਵੱਲੋ ਦਿੱਤੇ ਜਾਣ ਵਾਲੇ ਫੈਸਲੇ ਨੂੰ ਕਿਵੇਂ ਲੈਦੇਂ ਹਨ। ਇਸ ਦੇ ਨਾਲ ਹੀ ਇਹ ਪਹਿਲੂ ਵੀ ਜੁੜੇ ਹੋਏ ਹਨ ਕਿ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ, ਭ੍ਰਿਸ਼ਟਾਚਾਰ, ਨਸ਼ੇ ਅਤੇ ਬੇਰੁਜ਼ਗਾਰੀ ਵਰਗੇ ਮੁੱਦਿਆਂ ਲਈ ਲੀਡਰਸ਼ਿਪ ਪੰਜਾਬੀਆਂ ਅੱਗੇ ਕੀ ਦਾਅਵੇ ਪੇਸ਼ ਕਰਦੀ ਹੈ ਕਿਉਂ ਜੋ ਰੰਗ ਬਿਰੰਗੇ ਇਸ਼ਤਿਹਾਂਰਾ ਵਿਚ ਤਾਂ ਇਹ ਦਾਅਵੇ ਬਹੁਤ ਖੂਬਸੂਰਤ ਲੱਗਦੇ ਹਨ ਪਰ ਜ਼ਮੀਨੀ ਹਕੀਕਤ ਕਈ ਵਾਰ ਬੰਜਰ ਜ਼ਮੀਨ ਵਰਗੀ ਹੁੰਦੀ ਹੈ।

ਸੰਪਰਕ-9814002186

Share this Article
Leave a comment