ਪਹਿਲੀ ਵਾਰ ਹਾਈਵੇਅ ‘ਤੇ ਉਤਰਿਆ ਪ੍ਰਧਾਨ ਮੰਤਰੀ ਦਾ ਜਹਾਜ਼; PM ਨੇ ਅਸਾਮ ਨੂੰ ਦਿੱਤੀਆਂ ਕਈ ਵੱਡੀਆਂ ਸੌਗਾਤਾਂ

Global Team
3 Min Read

ਨਵੀ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਸਾਮ ਨੂੰ ਕਈ ਵੱਡੇ ਤੋਹਫ਼ੇ ਦੇਣ ਪਹੁੰਚੇ ਹਨ। ਡਿਬਰੂਗੜ੍ਹ ਦੇ ਨੈਸ਼ਨਲ ਹਾਈਵੇਅ ‘ਤੇ ਉੱਤਰ-ਪੂਰਬ (ਨੌਰਥ ਈਸਟ) ਦੀ ਪਹਿਲੀ ਐਮਰਜੈਂਸੀ ਲੈਂਡਿੰਗ ਫੈਸੀਲਿਟੀ (ELF) ਦਾ ਪੀ.ਐਮ. ਮੋਦੀ ਨੇ ਉਦਘਾਟਨ ਕੀਤਾ। ਪੀ.ਐਮ. ਮੋਦੀ ਖੁਦ ਵੀ ਲਾਕਹੀਡ ਸੀ-130 ਹਰਕਿਊਲਿਸ ਜਹਾਜ਼ ਰਾਹੀਂ ਹਾਈਵੇਅ ‘ਤੇ ਉਤਰੇ ਹਨ। ਡਿਬਰੂਗੜ੍ਹ ‘ਚ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਅਤੇ ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕੀਤਾ।

ਦੱਸ ਦਈਏ ਕਿ ਪੀ.ਐਮ. ਦਾ ਜਹਾਜ਼ ਡਿਬਰੂਗੜ੍ਹ ਨੇੜੇ ਮੋਰਾਨ ਬਾਈਪਾਸ ‘ਤੇ ਬਣੀ ELF (ਐਮਰਜੈਂਸੀ ਲੈਂਡਿੰਗ ਫੈਸੀਲਿਟੀ) ‘ਤੇ ਉਤਰਿਆ ਸੀ। ਇਹ ਏਅਰਸਟ੍ਰਿਪ ਸੈਨਿਕ ਰਣਨੀਤੀ ਲਈ ਬਹੁਤ ਅਹਿਮ ਹੈ, ਕਿਉਂਕਿ ਇਹ ਇਲਾਕਾ ਚੀਨ ਸਰਹੱਦ ਤੋਂ ਲਗਭਗ 300 ਕਿਲੋਮੀਟਰ ਦੀ ਦੂਰੀ ‘ਤੇ ਹੀ ਹੈ।ELF ਨੂੰ ਉੱਤਰ-ਪੂਰਬ (ਨੌਰਥ ਈਸਟ) ਵਿੱਚ ਐਮਰਜੈਂਸੀ ਦੌਰਾਨ ਮਿਲਟਰੀ ਅਤੇ ਸਿਵਲ ਜਹਾਜ਼ਾਂ ਦੀ ਲੈਂਡਿੰਗ ਅਤੇ ਟੇਕ-ਆਫ ਵਿੱਚ ਮਦਦ ਕਰਨ ਲਈ ਬਣਾਇਆ ਹੈ। ਇਸ ਨਾਲ ਉੱਤਰ-ਪੂਰਬ ਵਿੱਚ ਕੁਦਰਤੀ ਆਫ਼ਤਾਂ ਜਾਂ ਯੁੱਧ ਵਰਗੇ ਹਾਲਾਤਾਂ ਵਿੱਚ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਤੇਜ਼ੀ ਆਵੇਗੀ। ਮੋਰਾਨ ਹਾਈਵੇਅ ‘ਤੇ ਪੀ.ਐਮ. ਦੀ ਮੌਜੂਦਗੀ ਵਿੱਚ ਰਾਫੇਲ ਅਤੇ ਸੁਖੋਈ ਸਮੇਤ 16 ਲੜਾਕੂ ਜਹਾਜ਼ਾਂ ਨੇ ਏਅਰ ਸ਼ੋਅ ਕੀਤਾ। ਇਸ ਦੌਰਾਨ ਜਹਾਜ਼ਾਂ ਨੇ ਹਾਈਵੇਅ ਤੋਂ ਹੀ ਲੈਂਡਿੰਗ ਅਤੇ ਟੇਕ-ਆਫ ਕਰਕੇ ਦਿਖਾਇਆ। ਇਹ ਡੈਮੋ 30 ਮਿੰਟ ਤੱਕ ਚੱਲਿਆ।

ਪ੍ਰਧਾਨ ਮੰਤਰੀ ਮੋਦੀ ਬ੍ਰਹਮਪੁੱਤਰ ਨਦੀ ‘ਤੇ ਕੁਮਾਰ ਭਾਸਕਰ ਵਰਮਾ ਪੁਲ ਦਾ ਉਦਘਾਟਨ ਵੀ ਕਰਨਗੇ। 3,030 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਇਹ 6-ਲੇਨ ਪੁਲ ਉੱਤਰ-ਪੂਰਬ ਦਾ ਪਹਿਲਾ ‘ਐਕਸਟ੍ਰਾਡੋਜ਼ਡ’ ਪੁਲ ਹੈ। ਦੱਸ ਦੇਈਏ ਕਿ ਇਸ ਆਧੁਨਿਕ ਪੁਲ ਦੀ ਮਦਦ ਨਾਲ ਗੁਹਾਟੀ ਅਤੇ ਉੱਤਰੀ ਗੁਹਾਟੀ ਦੇ ਵਿਚਕਾਰ ਦਾ ਸਫ਼ਰ, ਜੋ ਪਹਿਲਾਂ ਘੰਟਿਆਂ ਦਾ ਸੀ, ਹੁਣ ਮਹਿਜ਼ 7 ਮਿੰਟ ਦਾ ਰਹਿ ਜਾਵੇਗਾ। ਇਸ ਦੇ ਨਾਲ ਹੀ ਪੁਲ ਦੇ ਨਿਰਮਾਣ ਵਿੱਚ ਭੂਚਾਲ-ਰੋਧਕ ਤਕਨੀਕ ਅਤੇ ਰੀਅਲ-ਟਾਈਮ ਹੈਲਥ ਮਾਨੀਟਰਿੰਗ ਸਿਸਟਮ ਦੀ ਵਰਤੋਂ ਕੀਤੀ ਗਈ ਹੈ। ਇਹ ਪਿਛਲੇ ਤਿੰਨ ਮਹੀਨਿਆਂ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਅਸਾਮ ਦਾ ਤੀਜਾ ਦੌਰਾ ਹੈ।

ਇਸ ਤੋਂ ਇਲਾਵਾ ਦੁਪਹਿਰ 1:30 ਵਜੇ, ਉਹ ਗੁਹਾਟੀ ਦੇ ਲਚਿਤ ਘਾਟ ਵਿਖੇ 5,450 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਫਿਰ ਕਾਮਰੂਪ ਜ਼ਿਲ੍ਹੇ ਦੇ ਅਮੀਨਗਾਓਂ ਵਿਖੇ ਉੱਤਰ-ਪੂਰਬੀ ਖੇਤਰ ਲਈ ਰਾਸ਼ਟਰੀ ਡੇਟਾ ਸੈਂਟਰ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਪੀਐਮ-ਈ ਬੱਸ ਸੇਵਾ ਯੋਜਨਾ ਦੇ ਤਹਿਤ ਗੁਹਾਟੀ (100), ਨਾਗਪੁਰ (50), ਭਾਵਨਗਰ (50) ਅਤੇ ਚੰਡੀਗੜ੍ਹ (25) ਲਈ ਇਲੈਕਟ੍ਰਿਕ ਬੱਸਾਂ ਨੂੰ ਵੀ ਹਰੀ ਝੰਡੀ ਦਿਖਾਉਣਗੇ।

Share This Article
Leave a Comment