ਚੰਡੀਗੜ੍ਹ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਟ੍ਰਾਈਸਿਟੀ ਅਤੇ ਗੁਆਂਢੀ ਸੂਬਿਆਂ ਨੂੰ ਦੇਣਗੇ ਵਿਕਾਸ ਕਾਰਜਾਂ ਦਾ ਵੱਡਾ ਤੋਹਫ਼ਾ

Global Team
4 Min Read

ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਟ੍ਰਾਈਸਿਟੀ ਅਤੇ ਗੁਆਂਢੀ ਸੂਬਿਆਂ ਨੂੰ ਵਿਕਾਸ ਕਾਰਜਾਂ ਦਾ ਵੱਡਾ ਤੋਹਫ਼ਾ ਦੇਣ ਲਈ ਚੰਡੀਗੜ੍ਹ ਪਹੁੰਚ ਗਏ ਹਨ। ਆਪਣੇ ਇਸ ਵਿਸ਼ੇਸ਼ ਦੌਰੇ ਦੌਰਾਨ ਪ੍ਰਧਾਨ ਮੰਤਰੀ ਸਿਹਤ, ਉੱਚ ਸਿੱਖਿਆ ਅਤੇ ਸੜਕੀ ਬੁਨਿਆਦੀ ਢਾਂਚੇ (ਰੋਡ ਇਨਫਰਾਸਟਰਕਚਰ) ਨਾਲ ਜੁੜੇ 6,600 ਕਰੋੜ ਰੁਪਏ ਤੋਂ ਵੱਧ ਦੇ ਕਈ ਮਹੱਤਵਪੂਰਨ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ।

ਇਸ ਮੈਗਾ ਵਿਕਾਸ ਪੈਕੇਜ ਤਹਿਤ ਪ੍ਰਧਾਨ ਮੰਤਰੀ ਮੋਦੀ ਪੀ.ਜੀ.ਆਈ.ਐੱਮ.ਈ.ਆਰ. (PGIMER) ਵਿਖੇ ਨਵੀਆਂ ਆਧੁਨਿਕ ਸਿਹਤ ਸਹੂਲਤਾਂ ਦੀ ਸ਼ੁਰੂਆਤ ਕਰਨਗੇ, ਜੋ ਖੇਤਰ ਦੇ ਮਰੀਜ਼ਾਂ ਲਈ ਬੇਹੱਦ ਲਾਹੇਵੰਦ ਸਾਬਤ ਹੋਣਗੀਆਂ। ਇਸ ਤੋਂ ਇਲਾਵਾ, ਉਹ ਇਲਾਕੇ ਦੇ ਪ੍ਰਮੁੱਖ ਵਿੱਦਿਅਕ ਅਦਾਰਿਆਂ ਅਤੇ ਸੜਕੀ ਨੈੱਟਵਰਕ ਨੂੰ ਮਜ਼ਬੂਤ ਕਰਨ ਵਾਲੇ ਕਈ ਨਵੇਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ।

ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੌਰੇ ‘ਤੇ ਪਹੁੰਚੇ PM ਨਰਿੰਦਰ ਮੋਦੀ ਨੇ ਹਰਿਆਣਾ ਵਿਚ ਦੇਸ਼ ਦੀ ਪਹਿਲੀ ਹਾਈਡ੍ਰੋਜਨ ਟ੍ਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਟ੍ਰੇਨ ਜੀਂਦ ਤੇ ਸੋਨੀਪਤ ਵਿਚਕਾਰ ਚੱਲੇਗੀ। ਇਸ ਦੇ ਨਾਲ ਹੀ ਭਾਰਤ ਹਾਈਡ੍ਰੋਜਨ ਫਿਊਲ ਨਾਲ ਚੱਲਣ ਵਾਲੀ ਟ੍ਰੇਨ ਸ਼ੁਰੂ ਕਰਨ ਵਾਲਾ ਦੁਨੀਆ ਦਾ ਪੰਜਵਾਂ ਦੇਸ਼ ਬਣ ਗਿਆ ਹੈ। ਪਹਿਲਾਂ ਹਾਈਡ੍ਰੋਜਨ ਟ੍ਰੇਨਾਂ ਸਿਰਫ ਜਰਮਨੀ, ਫਰਾਂਸ, ਸਵੀਡਨ ਤੇ ਚੀਨ ਵਿਚ ਚੱਲਦੀਆਂ ਸਨ।

ਇਸ ਮੌਕੇ ਬੋਲਦਿਆਂ PM ਮੋਦੀ ਨੇ ਕਿਹਾ ਕਿ ਜੇਕਰ ਹੋਰਮੁਜ਼ ਸਟ੍ਰੇਟ ਵਿਚ ਯੁੱਧ ਵਰਗੇ ਹਾਲਾਤ ਬਣਦੇ ਹਨ ਤਾਂ ਇਸ ਦਾ ਅਸਰ ਭਾਰਤ ‘ਤੇ ਵੀ ਪੈਂਦਾ ਹੈ ਕਿਉਂਕਿ ਇਸੇ ਸਮੁੰਦਰੀ ਰਸਤੇ ਤੋਂ ਦੇਸ਼ ਵਿਚ ਪੈਟਰੋਲ, ਡੀਜ਼ਲ ਤੇ ਖਾਦ ਸਣੇ ਕਈ ਜ਼ਰੂਰੀ ਚੀਜ਼ਾਂ ਦੀ ਸਪਲਾਈ ਹੁੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ 2014 ਤੋਂ ਪਹਿਲਾਂ ਅਜਿਹੇ ਹਾਲਾਤ ਪੈਦਾ ਹੁੰਦੇ ਤਾਂ ਦੇਸ਼ ਦਾ ਰੇਲਵੇ ਨੈਟਵਰਕ ਗੰਭੀਰ ਸੰਕਟ ਵਿਚ ਆ ਜਾਂਦਾ ਕਿਉਂਕਿ ਉਸ ਸਮੇਂ ਰੇਲਵੇ ਦਾ ਵੱਡਾ ਹਿੱਸਾ ਡੀਜ਼ਲ ਇੰਜਣਾਂ ‘ਤੇ ਨਿਰਭਰ ਸੀ। ਅਜਿਹੇ ਵਿਚ ਜੇਕਰ ਡੀਜ਼ਲ ਦੀ ਸਪਲਾਈ ਵਿਚ ਰੁਕਾਵਟ ਆ ਜਾਂਦੀ ਤਾਂ ਟ੍ਰੇਨਾਂ ਦਾ ਸੰਚਾਲਨ ਵੀ ਪ੍ਰਭਾਵਿਤ ਹੋ ਸਕਦਾ ਸੀ।

PM ਮੋਦੀ ਨੇ ਕਿਹਾ ਕਿ ਹੁਣ ਹਾਲਾਤ ਬਦਲ ਚੁੱਕੇ ਹਨ। ਇਹ 2014 ਤੋਂ ਪਹਿਲਾਂ ਵਾਲਾ ਭਾਰਤ ਨਹੀਂ ਹੈ। ਇਹ ਨਵਾਂ ਭਾਰਤ ਹੈ। ਇਹ ਮੋਦੀ ਹੈ ਜੋ ਬਹੁਤ ਪਹਿਲਾਂ ਸੋਚਦਾ ਵੀ ਹੈ ਤੇ ਸਮੱਸਿਆਵਾਂ ਦੇ ਹੱਲ ਨੂੰ ਸਮਾਂ ਰਹਿੰਦਿਆਂ ਜ਼ਮੀਨ ‘ਤੇ ਵੀ ਉਤਰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿਚ ਰੇਲਵੇ ਦੇ ਬਿਜਲੀਕਰਨ ਦੀ ਸ਼ੁਰੂਆਤ ਸਾਲ 1925 ਵਿਚ ਹੋਈ ਸੀ ਯਾਨੀ 1925 ਤੋਂ ਲੈ ਕੇ 2014 ਤੱਕ ਲਗਭਗ 90 ਸਾਲਾਂ ਵਿਚ ਦੇਸ਼ ਦੇ ਰੇਲ ਨੈਟਵਰਕ ਦਾ ਸਿਰਫ 30 ਫੀਸਦੀ ਹੀ ਬਿਜਲੀਕ੍ਰਿਤ ਹੋ ਸਕਿਆ ਸੀ ਜਦੋਂ ਕਿ 70 ਫੀਸਦੀ ਹਿੱਸਾ ਹੁਣ ਵੀ ਡੀਜ਼ਲ ਇੰਜਣਾਂ ‘ਤੇ ਨਿਰਭਰ ਸੀ।

ਇਸ ਸਾਰੇ ਪ੍ਰੋਗਰਾਮ ਲਈ ਚੰਡੀਗੜ੍ਹ, ਹਰਿਆਣਾ ਅਤੇ ਜਲੰਧਰ ਵਿੱਚ ਸੁਰੱਖਿਆ ਦੇ ਬੇਹੱਦ ਸਖ਼ਤ ਪ੍ਰਬੰਧ ਕੀਤੇ ਗਏ ਹਨ, ਜਿਸ ਵਿੱਚ ਲਗਪਗ 10,000 ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਹਾਲਾਂਕਿ ਇਸ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਥਾਨਕ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਦੇ ਸ਼ਾਮਲ ਹੋਣ ਦੀ ਸੰਭਾਵਨਾ ਕਾਫ਼ੀ ਘੱਟ ਹੈ, ਜਿਸ ਕਾਰਨ ਸੂਬਾ ਸਰਕਾਰ ਵੱਲੋਂ ਕਿਸੇ ਕੈਬਨਿਟ ਮੰਤਰੀ ਦੇ ਸ਼ਾਮਲ ਹੋਣ ਦੀ ਚਰਚਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment