ਨਵੀ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ‘ਤੇ ਲਗਾਏ ਗਏ ਅਮਰੀਕੀ ਟੈਰਿਫ ਨੂੰ 18 ਪ੍ਰਤੀਸ਼ਤ ਤੱਕ ਘਟਾਉਣ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਧੰਨਵਾਦ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਲਿਖਿਆ “ਅੱਜ ਆਪਣੇ ਪਿਆਰੇ ਦੋਸਤ ਰਾਸ਼ਟਰਪਤੀ ਟਰੰਪ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ। ਮੈਨੂੰ ਖੁਸ਼ੀ ਹੈ ਕਿ ਮੇਡ ਇਨ ਇੰਡੀਆ ਉਤਪਾਦਾਂ ‘ਤੇ ਟੈਰਿਫ ਹੁਣ ਘੱਟ ਜਾਣਗੇ। ਭਾਰਤ ਦੇ 1.4 ਅਰਬ ਲੋਕਾਂ ਵੱਲੋਂ ਇਸ ਸ਼ਾਨਦਾਰ ਐਲਾਨ ਲਈ ਰਾਸ਼ਟਰਪਤੀ ਟਰੰਪ ਦਾ ਬਹੁਤ ਬਹੁਤ ਧੰਨਵਾਦ।
ਨਾਲ ਉਹਨਾਂ ਨੇ ਕਿਹਾ ਜਦੋਂ ਦੋ ਵੱਡੀਆਂ ਅਰਥਵਿਵਸਥਾਵਾਂ ਅਤੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਇਕੱਠੇ ਕੰਮ ਕਰਦੇ ਹਨ ਤਾਂ ਇਹ ਸਾਡੇ ਲੋਕਾਂ ਨੂੰ ਲਾਭ ਪਹੁੰਚਾਉਂਦਾ ਹੈ ਅਤੇ ਆਪਸੀ ਲਾਭਦਾਇਕ ਸਹਿਯੋਗ ਲਈ ਕਈ ਮੌਕੇ ਖੋਲ੍ਹਦਾ ਹੈ। ਰਾਸ਼ਟਰਪਤੀ ਟਰੰਪ ਦੀ ਅਗਵਾਈ ਵਿਸ਼ਵ ਸ਼ਾਂਤੀ, ਸਥਿਰਤਾ ਅਤੇ ਖੁਸ਼ਹਾਲੀ ਲਈ ਜ਼ਰੂਰੀ ਹੈ। ਭਾਰਤ ਸ਼ਾਂਤੀ ਲਈ ਉਨ੍ਹਾਂ ਦੇ ਯਤਨਾਂ ਦਾ ਪੂਰਾ ਸਮਰਥਨ ਕਰਦਾ ਹੈ। ਮੈਂ ਇਸ ਸਾਂਝੇਦਾਰੀ ਨੂੰ ਨਵੀਆਂ ਉਚਾਈਆਂ ‘ਤੇ ਲਿਜਾਣ ਲਈ ਉਨ੍ਹਾਂ ਨਾਲ ਕੰਮ ਕਰਨ ਦੀ ਉਮੀਦ ਕਰਦਾ ਹਾਂ।
ਧਿਆਨ ਦੇਣਯੋਗ ਹੈ ਕਿ ਭਾਰਤ ਵਿੱਚ ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਪ੍ਰਧਾਨ ਮੰਤਰੀ ਮੋਦੀ ਅਤੇ ਡੋਨਾਲਡ ਟਰੰਪ ਵਿਚਕਾਰ ਹੋਈ ਗੱਲਬਾਤ ਬਾਰੇ ਜਾਣਕਾਰੀ ਸਾਂਝੀ ਕੀਤੀ ਸੀ। ਫਿਰ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ‘ਤੇ ਪ੍ਰਧਾਨ ਮੰਤਰੀ ਮੋਦੀ ਨਾਲ ਆਪਣੀ ਗੱਲਬਾਤ ਦੇ ਵੇਰਵੇ ਸਾਂਝੇ ਕੀਤੇ। ਉਨ੍ਹਾਂ ਨੇ 18 ਪ੍ਰਤੀਸ਼ਤ ਦੀ ਟੈਰਿਫ ਕਟੌਤੀ ਦਾ ਐਲਾਨ ਕੀਤਾ।
ਟਰੰਪ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਅਮਰੀਕਾ ਅਤੇ ਭਾਰਤ ਪਰਸਪਰ ਟੈਰਿਫ ਬਦਲਾਅ ਲਈ ਸਹਿਮਤ ਹੋਏ ਹਨ। ਇਸ ਸਮਝੌਤੇ ਦੇ ਤਹਿਤ ਅਮਰੀਕਾ ਨੇ ਭਾਰਤੀ ਵਸਤੂਆਂ ‘ਤੇ ਟੈਰਿਫ 25% ਤੋਂ ਘਟਾ ਕੇ 18% ਕਰ ਦਿੱਤਾ ਹੈ ਅਤੇ ਭਾਰਤ ਤੋਂ ਆਯਾਤ ਟੈਰਿਫ ਅਤੇ ਗੈਰ-ਟੈਰਿਫ ਰੁਕਾਵਟਾਂ ਵਿੱਚ ਇਸੇ ਤਰ੍ਹਾਂ ਦੀ ਕਟੌਤੀ ਵੱਲ ਵਧੇਗਾ।
ਇਸਤੋਂ ਇਲਾਵਾ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ, “ਸਾਡਾ ਸ਼ਾਨਦਾਰ ਰਿਸ਼ਤਾ ਹੋਰ ਵੀ ਮਜ਼ਬੂਤ ਹੋਵੇਗਾ।” ਟਰੰਪ ਨੇ ਆਪਣੇ ਆਪ ਨੂੰ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਅਜਿਹੇ ਨੇਤਾ ਦੱਸਿਆ ਜੋ ਕੰਮ ਕਰਵਾਉਂਦੇ ਹਨ, ਸੌਦੇ ਕਰਵਾਉਂਦੇ ਹਨ। ਅਤੇ ਉਨ੍ਹਾਂ ਨੇ ਕਿਹਾ ਪੀਐਮ ਮੋਦੀ ਮੇਰੇ ਸਭ ਤੋਂ ਨਜ਼ਦੀਕੀ ਦੋਸਤਾਂ ਵਿੱਚੋਂ ਇੱਕ ਹਨ ਅਤੇ ਆਪਣੇ ਦੇਸ਼ ਦੇ ਇੱਕ ਸ਼ਕਤੀਸ਼ਾਲੀ ਅਤੇ ਸਤਿਕਾਰਤ ਨੇਤਾ ਹਨ।

